ਇਸਲਾਮਾਬਾਦ-ਅੱਤਵਾਦੀਆਂ ਨੂੰ ਸਰਜ਼ਮੀਨ ਤੇ ਪਨਾਹ ਦੇਣ ਦੇ ਦੋਸ਼ ਝੱਲਣ ਵਾਲੇ ਪਾਕਿਸਤਾਨ ਦੀ ਆਪਣੀ ਹਾਲਤ ਵੀ ਚੰਗੀ ਨਹੀਂ, ਆਏ ਦਿਨ ਨਿਰਦੋਸ਼ ਲੋਕਾਂ ਦਾ ਅੱਤਵਾਦੀ ਘਾਣ ਕਰ ਰਹੇ ਹਨ, ਅਸ਼ਾਂਤ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ‘ਚ ਇਕ ਲਗਜ਼ਰੀ ਹੋਟਲ ਨੇੜੇ ਐਤਵਾਰ ਨੂੰ ਪੁਲਸ ਦੀ ਵੈਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਜਦਕਿ 8 ਪੁਲਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖਮੀ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲੂਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਕਿ ਬੰਬ ਨੂੰ ਇਕ ਮੋਟਰ ਸਾਈਕਲ ‘ਚ ਲਾਇਆ ਗਿਆ ਸੀ। ਕਵੇਟਾ ਸ਼ਹਿਰ ‘ਚ ਸੇਰੇਨਾ ਹੋਟਲ ਨੇੜੇ ਤੰਜੀਮ ਸਕੁਵਾਇਰਸ ‘ਤੇ ਖੜ੍ਹੀ ਪੁਲਸ ਦੀ ਇਕ ਵੈਨ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅੱਤਵਾਦ ਰੋਕੂ ਵਿਭਾਗ ਦੇ ਬੁਲਾਰੇ ਮੁਤਾਬਕ ਧਮਾਕਾ ਆਈ.ਈ.ਡੀ. ਰਾਹੀਂ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ । ਬਲੂਚਿਸਤਾਨ ਸੂਬੇ ਦੇ ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਇਸ ਧਮਾਕੇ ਦੀ ਨਿੰਦਾ ਕੀਤੀ ਹੈ।
Comment here