ਸਿਹਤ-ਖਬਰਾਂਚਲੰਤ ਮਾਮਲੇਵਿਸ਼ੇਸ਼ ਲੇਖ

ਕਰੋਨਾ ਦੀ ਤੀਜੀ ਲਹਿਰ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ

ਕਰੋਨਾ ਮਹਾਮਾਰੀ ਦਾ ਘਾਤਕ ਜਾਲ ਪਤਾ ਨਹੀਂ ਜਦ ਤੱਕ ਮਨੁੱਖ ਨੂੰ ਲਪੇਟੇ ਵਿੱਚ ਲੈ ਕੇ ਰੱਖੇਗਾ। ਜਿਵੇਂ ਕਿ ਵਿਗਿਆਨੀਆਂ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ, ਕੋਵਿਡ ਦੀ ਤੀਜੀ ਲਹਿਰ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਵਾਇਰਸ ਦੇ ਇਸ ਪਰਿਵਰਤਿਤ ਰੂਪ ਓਮੀਕਰੋਨ ਦਾ ਪਹਿਲਾ ਕੇਸ ਦੱਖਣੀ ਅਫ਼ਰੀਕਾ ਵਿਚ ਕੁਝ ਹਫ਼ਤੇ ਪਹਿਲਾਂ ਹੀ ਸਾਹਮਣੇ ਆਇਆ ਸੀ। ਜਲਦੀ ਹੀ ਇਹ ਯੂਰਪ ਅਤੇ ਅਮਰੀਕਾ ਵਿਚ ਫੈਲ ਗਿਆ ਅਤੇ ਹੁਣ ਇਹ ਸਾਡੇ ਦੇਸ਼ ਸਮੇਤ ਏਸ਼ੀਆ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਯੂ. ਕੇ. ਵਿਚ 8 ਜਨਵਰੀ, 2022 ਨੂੰ 1.40 ਲੱਖ ਨਵੇਂ ਕੇਸ ਦਰਜ ਕੀਤੇ ਗਏ। ਉਸੇ ਦਿਨ ਅਮਰੀਕਾ ਵਿਚ ਨਵੇਂ ਕੇਸਾਂ ਦੀ ਗਿਣਤੀ 4.43 ਲੱਖ ਅਤੇ ਭਾਰਤ ਵਿਚ 1.59 ਲੱਖ ਰਹੀ। ਫਰਵਰੀ ਦੇ ਅੱਧ ਤੱਕ ਇਹ ਗਿਣਤੀ ਹੋਰ ਵੀ ਵਧ ਜਾਣ ਦੀ ਸੰਭਾਵਨਾ ਹੈ। ਡੈਲਟਾ ਵੇਰੀਐਂਟ ਦੀ ਦੂਜੀ ਲਹਿਰ ਦੌਰਾਨ 6 ਮਈ, 2021 ਨੂੰ ਭਾਰਤ ਵਿਚ ਸਭ ਤੋਂ ਵੱਧ 4.14 ਲੱਖ ਕੇਸ ਸਨ। ਡੈਲਟਾ ਵੇਰੀਐਂਟ ਬਹੁਤ ਹੀ ਘਾਤਕ ਸੀ ਤੇ ਇਸ ਕਾਰਨ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ। ਓਮੀਕਰੋਨ ਨੂੰ ਓਨਾ ਘਾਤਕ ਨਹੀਂ ਕਿਹਾ ਜਾਂਦਾ; ਹਾਲਾਂਕਿ ਇਸ ‘ਤੇ ਪੱਕੀ ਰਾਏ ਦੇਣਾ ਬਹੁਤ ਜਲਦਬਾਜ਼ੀ ਹੋਏਗੀ, ਕਿਉਂਕਿ ਵਾਇਰਸਾਂ ਵਿਚ ਪਰਿਵਰਤਨ ਬੜੀ ਤੇਜ਼ੀ ਨਾਲ ਹੁੰਦੇ ਹਨ। ਮੌਜੂਦਾ ਸਮੇਂ ਵਿਚ ਕਈ ਕਿਸਮ ਦੇ ਕੋਰੋਨਾ ਵਾਇਰਸ ਫੈਲੇ ਹੋਏ ਹਨ। ਡੈਲਟਾ ਵਾਇਰਸ ਦਾ ਫੇਫੜਿਆਂ ‘ਤੇ ਹਮਲਾ ਹੁੰਦਾ ਸੀ ਜਿਸ ਨਾਲ ਸਾਹ ਦੀ ਸਮੱਸਿਆ ਹੋ ਜਾਂਦੀ ਸੀ। ਇਸ ਲਈ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਦੇ ਉਲਟ ਓਮੀਕਰੋਨ ਵਾਇਰਸ ਨੱਕ ਅਤੇ ਗਲੇ ‘ਤੇ ਵਧੇਰੇ ਪ੍ਰਭਾਵ ਪਾਉਂਦਾ ਹੈ ਜਿਸ ਕਰਕੇ ਲੱਛਣ ਆਮ ਫਲੂ ਵਰਗੇ ਹੁੰਦੇ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨੂੰ ਹਲਕੇ ਵਿਚ ਨਾ ਲਿਆ ਜਾਵੇ। ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ‘ਕੋਰੋਨਾ ਵਾਇਰਸ ਦਾ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਓਮੀਕਰੋਨ ਰੂਪ ਡੈਲਟਾ ਵੇਰੀਐਂਟ ਨਾਲੋਂ ਘੱਟ ਗੰਭੀਰ ਬਿਮਾਰੀ ਪੈਦਾ ਕਰਦਾ ਪ੍ਰਤੀਤ ਹੁੰਦਾ ਹੈ, ਪਰ ਇਸ ਨੂੰ ਹਲਕੇ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾਣਾ ਚਾਹੀਦਾ’। ਸਰਕਾਰ ਦੀ ਜਾਂ ਲੋਕਾਂ ਦੀ ਕਿਸੇ ਦੀ ਵੀ ਢਿੱਲ-ਮੱਠ ਖ਼ਤਰਨਾਕ ਹੋ ਸਕਦੀ ਹੈ। ਮਾਸਕ ਦੀ ਵਰਤੋਂ, ਹੱਥ ਵਾਰ ਵਾਰ ਧੋਣਾ, ਰੋਗਾਣੂ-ਮੁਕਤ ਕਰਨਾ ਅਤੇ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖਣ ਵਰਗੇ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਖੰਘਣ, ਛਿੱਕਣ, ਦੂਸ਼ਿਤ ਥਾਵਾਂ ਦੇ ਸੰਪਰਕ ਨਾਲ ਜਾਂ ਸਾਹ ਰਾਹੀਂ ਅੰਦਰ ਲਈਆਂ ਬੂੰਦਾਂ ਰਾਹੀਂ ਵਾਇਰਸ ਸਰੀਰ ਵਿਚ ਜਾ ਸਕਦਾ ਹੈ। ਇਸ ਲਈ, ਹਰੇਕ ਵਿਅਕਤੀ ਨੂੰ ਮਾਸਕ ਪਹਿਨ ਕੇ ਅਤੇ ਸੁਰੱਖਿਅਤ ਸਮਾਜਿਕ ਦੂਰੀ ਦੇ ਉਪਾਵਾਂ ਰਾਹੀਂ ਇਨ੍ਹਾਂ ਕਣਾਂ ਦੇ ਸੰਪਰਕ ਨੂੰ ਘਟਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।
ਸਹੀ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਮਾਸਕ ਚਿਹਰੇ ‘ਤੇ ਸਹੀ ਤਰ੍ਹਾਂ ਫਿੱਟ ਹੋਣਾ ਚਾਹੀਦਾ ਹੈ। ਹਵਾ ਪਾਸਿਆਂ ਤੋਂ ਦਾਖ਼ਲ ਨਹੀਂ ਹੋਣੀ ਚਾਹੀਦੀ, ਇਹ ਮਾਸਕ ਦੀ ਸਤਹ ਤੋਂ ਲੰਘਣੀ ਚਾਹੀਦੀ ਹੈ। ਵਾਇਰਸ ਦਾ ਵਿਆਸ 50 ਤੋਂ 140 ਦੇ ਵਿਚਕਾਰ ਪਾਇਆ ਗਿਆ ਹੈ। ਕੁਝ ਮਾਸਕ ਵਇਰਸ ਦੇ ਜੋਖ਼ਮ ਨੂੰ ਘੱਟ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ, ਖ਼ਾਸ ਕਰਕੇ ਐਨ 95 ਮਾਸਕ। ਸਰਜੀਕਲ ਮਾਸਕ ਤਿੰਨ ਤੈਹਾਂ ਦੇ ਬਣੇ ਹੁੰਦੇ ਹਨ ਜੋ ਕਿ ਸੁਰੱਖਿਆ ਪ੍ਰਦਾਨ ਕਰਦੇ ਹਨ। ਪਰ ਐਨ 95 ਇਸ ਨਾਲੋਂ ਬਿਹਤਰ ਹੈ। ਕਪਾਹ ਦੇ ਮਾਸਕ ਵਿਚ ਵੱਡੇ ਆਕਾਰ ਦੇ ਛੇਕ ਹੁੰਦੇ ਹਨ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦੇ। ਇਹ ਲਾਰ ਦੀਆਂ ਸੂਖਮ-ਬੂੰਦਾਂ ਨੂੰ ਰੋਕ ਕੇ ਸੀਮਤ ਸੁਰੱਖਿਆ ਪ੍ਰਦਾਨ ਕਰਦੇ ਹਨ। ਕੋਵਿਡ ਦੇ ਢੁਕਵੇਂ ਵਿਵਹਾਰ ਬਾਰੇ ਵਿਗਿਆਨਕ ਜਾਣਕਾਰੀ ਦੇ ਅਨੁਸਾਰ ਸਰਲ ਉਪਾਅ ਬਿਮਾਰੀ ਨੂੰ ਰੋਕਣ ਲਈ ਕਾਫ਼ੀ ਕਾਰਗਰ ਹਨ।
ਜੇਕਰ ਓਮੀਕਰੋਨ ਗੰਭੀਰ ਨੁਕਸਾਨ ਨਹੀਂ ਪਹੁੰਚਾਉਂਦਾ ਤਾਂ ਇਹ ਵਰਦਾਨ ਸਾਬਤ ਹੋ ਸਕਦਾ ਹੈ, ਕਿਉਂਕਿ ਜੇਕਰ ਵੱਡੀ ਗਿਣਤੀ ਵਿਚ ਲੋਕ ਸੰਕਰਮਿਤ ਹੁੰਦੇ, ਪਰ ਗੰਭੀਰ ਰੂਪ ਵਿਚ ਬਿਮਾਰ ਨਹੀਂ ਹੁੰਦੇ, ਤਾਂ ਆਬਾਦੀ ਵਿਚ ਸਮੂਹਿਕ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋ ਸਕਦੀ ਹੈ ਜੋ ਮਹਾਂਮਾਰੀ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਪਿਛਲੇ ਦੋ ਸਾਲਾਂ ਵਿਚ ਜਦੋਂ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਉਸ ਸਮੇਂ ਦੇ ਮੁਕਾਬਲੇ ਹੁਣ ਅਸੀਂ ਇਸ ਦੇ ਨਿਦਾਨ, ਪ੍ਰਬੰਧਨ ਅਤੇ ਰੋਕਥਾਮ ਦੇ ਮਾਮਲੇ ਵਿਚ ਬਹੁਤ ਸਮਝਦਾਰ ਹੋ ਗਏ ਹਾਂ। ਟੀਕਾਕਰਨ ਇਕ ਵੱਡਾ ਕਦਮ ਹੈ। ਓਮੀਕਰੋਨ ਦੋ ਵਾਰੀ ਟੀਕਾਕਰਨ ਹੋਏ ਵਿਅਕਤੀ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਪਰ ਇਸ ਦਾ ਪ੍ਰਭਾਵ ਮੁਕਾਬਲਤਨ ਹਲਕਾ ਹੁੰਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਵੈਕਸੀਨ ਦੇ ਟੀਚੇ ਵਿਸ਼ਵ ਪੱਧਰ ‘ਤੇ ਪ੍ਰਾਪਤ ਕੀਤੇ ਜਾਣ। ਹਾਲ ਹੀ ਵਿਚ ਇਕ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ, ਡਬਲਯੂ.ਐਚ.ਓ. ਦੇ ਮੁਖੀ ਨੇ ‘ਕੋਵਿਡ-19 ਟੀਕਿਆਂ ਦੀ ਵੰਡ ਅਤੇ ਉਨ੍ਹਾਂ ਤੱਕ ਪਹੁੰਚਾਉਣ ਵਿਚ ਵਿਸ਼ਵ ਪੱਧਰ ‘ਤੇ ਵਧੇਰੇ ਬਰਾਬਰੀ’ ਲਈ ਆਪਣੇ ਸੱਦੇ ਨੂੰ ਦੁਹਰਾਇਆ। ਪਰ ਉਨ੍ਹਾਂ ਨੇ ਸਾਵਧਾਨ ਕੀਤਾ ਕਿ ਕੋਵਿਡ-19 ਵੈਕਸੀਨ ਦੀ ਮੌਜੂਦਾ ਦਰ ਦੇ ਆਧਾਰ ‘ਤੇ, 109 ਦੇਸ਼ ਜੁਲਾਈ ਤੱਕ ਵਿਸ਼ਵ ਦੀ 70 ਫ਼ੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕਰਨ ਲਈ ਡਬਲਯੂ.ਐਚ.ਓ. ਦੇ ਟੀਚੇ ਤੋਂ ਖੁੰਝ ਜਾਣਗੇ। ਟੀਕਾਕਰਨ ਦੀ ਦਰ ਵਿਚ ਰਾਸ਼ਟਰਾਂ ‘ਚ ਬਹੁਤ ਫ਼ਰਕ ਹੈ। ਟੀਕਾਕਰਨ ਵਿਚ ਕੁਝ ਦੇਸ਼ਾਂ ਦੀ ਕਾਰਗੁਜ਼ਾਰੀ ਚਿੰਤਾ ਦਾ ਕਾਰਨ ਹੈ। ਸੀਰੀਆ ਨੇ 6 ਜਨਵਰੀ, 2022 ਤੱਕ ਆਪਣੀ ਆਬਾਦੀ ਦਾ ਸਿਰਫ 12 ਫ਼ੀਸਦੀ ਟੀਕਾਕਰਨ ਕੀਤਾ ਹੈ। ਇਸੇ ਤਰ੍ਹਾਂ ਅਫ਼ਗਾਨਿਸਤਾਨ ਵਿਚ 10 ਫ਼ੀਸਦੀ, ਸੂਡਾਨ ਵਿਚ 8.9 ਫ਼ੀਸਦੀ, ਇਥੋਪੀਆ ਵਿਚ 7.9 ਫ਼ੀਸਦੀ ਅਤੇ ਸੋਮਾਲੀਆ ਵਿਚ ਸਿਰਫ 7.4 ਫ਼ੀਸਦੀ ਟੀਕਾਕਰਨ ਕੀਤਾ ਗਿਆ ਹੈ। ਯੂ.ਏ.ਈ. ਵਿਚ 99 ਫ਼ੀਸਦੀ, ਕਿਊਬਾ ਵਿਚ 92 ਫ਼ੀਸਦੀ, ਚੀਨ ਵਿਚ 87 ਫ਼ੀਸਦੀ, ਬਰਤਾਨੀਆ ਵਿਚ 76 ਫ਼ੀਸਦੀ ਅਤੇ ਸ੍ਰੀਲੰਕਾ ਵਿਚ 74 ਫ਼ੀਸਦੀ ਟੀਕਾਕਰਨ ਹੋਇਆ ਹੈ। ਭਾਰਤ ਨੇ 63 ਫ਼ੀਸਦੀ ਆਬਾਦੀ ਦਾ ਟੀਕਾਕਰਨ ਕੀਤਾ ਹੈ।
ਕਿਉਂਕਿ ਦੁਨੀਆ ਅੱਜਕਲ੍ਹ ਆਉਣ-ਜਾਣ ਦੇ ਸਾਧਨਾਂ ਕਰਕੇ ਛੋਟੀ ਹੋ ਗਈ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਨੂੰ ਜੁਲਾਈ ਤੱਕ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨਾ ਚਾਹੀਦਾ ਹੈ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਕਲਪਨਾ ਕੀਤੀ ਗਈ ਹੈ। ਇਹ ਏਨਾ ਔਖਾ ਕੰਮ ਨਹੀਂ ਹੈ। ਇਸ ਲਈ ਵਿਸ਼ਵ ਆਗੂਆਂ ਵਿਚ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ। ਅਸਲ ਵਿਚ ਯੂ.ਐਨ.ਓ. ਨੂੰ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਟੀਕੇ ਟੀਕਾਕਰਨ ਵਿਚ ਪਛੜੇ ਦੇਸ਼ਾਂ ਵਿਚ ਲੋੜੀਂਦੀ ਗਿਣਤੀ ਵਿਚ ਪਹੁੰਚ ਸਕਣ ਤਾਂ ਜੋ ਉਹ ਸਮੇਂ ਸਿਰ ਆਬਾਦੀ ਦਾ ਟੀਕਾਕਰਨ ਕਰ ਸਕਣ। ਜੇਕਰ ਲੋੜ ਹੋਵੇ ਤਾਂ ਇਨ੍ਹਾਂ ਦੇਸ਼ਾਂ ਵਿਚ ਇਸ ਕੰਮ ਲਈ ਸਿੱਖਿਅਤ ਕਾਮੇ ਵੀ ਉਪਲਬਧ ਕਰਵਾਏ ਜਾਣ। ਟੀਕਾਕਰਨ ਵਿਚ ਕੋਈ ਵੀ ਵਿਸ਼ਵ ਪੱਧਰ ‘ਤੇ ਅਸਮਾਨਤਾ ਮਹਾਂਮਾਰੀ ਤੋਂ ਜਲਦੀ ਛੁਟਕਾਰਾ ਪਾਉਣ ਦੇ ਉਦੇਸ਼ ਵਿਚ ਰੁਕਾਵਟ ਪਾਵੇਗੀ।

-ਡਾ ਅਰੁਣ ਮਿੱਤਰਾ

Comment here