ਅਪਰਾਧਸਿਆਸਤਖਬਰਾਂ

ਕਰੋਂਥਾ ਕਾਂਡ ‘ਚ ਸੰਤ ਰਾਮਪਾਲ ਤੇ 24 ਚੇਲੇ ਬਰੀ

ਹਰਿਆਣਾ-ਬਹੁ-ਚਰਚਿਤ ਕਰੋਂਥਾ ਕਾਂਡ ਵਿਚ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਦਾਸ ਨੂੰ ਅਦਾਲਤ ਨੇ 16 ਸਾਲਾਂ ਬਾਅਦ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਰਾਮਪਾਲ ਸਮੇਤ ਉਸ ਦੇ 24 ਪੈਰੋਕਾਰਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਫਿਲਹਾਲ ਰਾਮਪਾਲ ਦਾਸ ਬਰਵਾਲਾ ਆਸ਼ਰਮ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਹਿਸਾਰ ਜੇਲ੍ਹ ‘ਚ ਬੰਦ ਹੈ। ਰੋਹਤਕ ਦੇ ਕਰੋਂਥਾ ਵਿੱਚ ਰਾਮਪਾਲ ਦਾਸ ਦਾ ਸਤਲੋਕ ਆਸ਼ਰਮ ਹੈ। ਦਰਅਸਲ, ਜੁਲਾਈ 2006 ਵਿਚ ਰਾਮਪਾਲ ਦਾਸ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਵਿੱਚ ਝੜਪ ਹੋ ਗਈ ਸੀ। ਇਸ ਦੌਰਾਨ ਕਾਫੀ ਹਿੰਸਾ ਹੋਈ। ਪਿੰਡ ਵਾਸੀਆਂ ਦੇ ਨਾਲ-ਨਾਲ ਆਰੀਆ ਸਮਾਜੀ ਵੀ ਰਾਮਪਾਲ ਦਾਸ ਦੇ ਖਿਲਾਫ ਖੜ੍ਹੇ ਹੋ ਗਏ।
ਝੱਜਰ ਵਾਲੇ ਪਾਸੇ ਤੋਂ ਡੀਗਲ ਪਿੰਡ ਅਤੇ ਰੋਹਤਕ ਵਾਲੇ ਪਾਸੇ ਤੋਂ ਕਰੋਂਥਾ ਪਿੰਡ ਦੇ ਲੋਕਾਂ ਨੇ ਰਾਮਪਾਲ ਦਾਸ ਦੇ ਆਸ਼ਰਮ ਨੂੰ ਘੇਰ ਲਿਆ। ਇਸ ਦੌਰਾਨ ਗੋਲੀਬਾਰੀ ਵੀ ਹੋਈ, ਜਿਸ ‘ਚ ਸੋਨੂੰ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪਿੰਡ ਵਾਸੀਆਂ ‘ਚ ਰਾਮਪਾਲ ਦਾਸ ਖਿਲਾਫ ਗੁੱਸਾ ਵਧ ਗਿਆ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਮਪਾਲ ਦਾਸ ਦੇ ਆਸ਼ਰਮ ਨੂੰ ਖਾਲੀ ਕਰਵਾਉਣ ਲਈ ਭਾਰੀ ਪੁਲਿਸ ਫੋਰਸ ਭੇਜ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਰਾਮਪਾਲ ਦਾਸ ਅਤੇ ਉਸ ਦੇ ਸਮਰਥਕਾਂ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਦਰਜਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਰਾਮਪਾਲ ਦਾਸ ਕਰੀਬ ਡੇਢ ਸਾਲ ਜੇਲ੍ਹ ਵਿੱਚ ਰਿਹਾ। ਇਸ ਤੋਂ ਬਾਅਦ ਉਸ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲ ਗਈ ਅਤੇ ਆਪਣਾ ਆਸ਼ਰਮ ਕਰੋਂਥਾ ਤੋਂ ਹਿਸਾਰ ਦੇ ਬਰਵਾਲਾ ਵਿੱਚ ਤਬਦੀਲ ਕਰ ਦਿੱਤਾ। ਰਾਮਪਾਲ ਦੇ ਵਕੀਲ ਅਭਿਸ਼ੇਕ ਚੌਧਰੀ ਨੇ ਦੱਸਿਆ ਕਿ 2006 ‘ਚ ਦਰਜ ਹੋਏ ਮਾਮਲੇ ‘ਚ ਪੁਲਿਸ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਸੋਨੂੰ ਨਾਮ ਦੇ ਨੌਜਵਾਨ ਦੀ ਮੌਤ ਬਾਰੇ ਵੀ ਕੋਈ ਸਬੂਤ ਨਹੀਂ ਹੈ ਕਿ ਉਸ ਦੀ ਮੌਤ ਰਾਮਪਾਲ ਜਾਂ ਉਸ ਦੇ ਸਮਰਥਕਾਂ ਵੱਲੋਂ ਚਲਾਈ ਗਈ ਗੋਲੀ ਕਾਰਨ ਹੋਈ ਹੈ। ਇਸ ਮਾਮਲੇ ਵਿੱਚ ਰਾਮਪਾਲ ਦਾਸ ਸਮੇਤ 24 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

Comment here