ਸਿਆਸਤਖਬਰਾਂਦੁਨੀਆ

ਈ ਵੀਜ਼ੇ ਤੇ ਹੀ ਅਫਗਾਨ ਤੋਂ ਭਾਰਤ ਆ ਸਕਣਗੇ ਲੋਕ

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਪੈਦਾ ਹੋਏ ਹਾਲਾਤਾਂ ਕਾਰਨ ਲੋਕ ਦੇਸ਼ ਛਡਣ ਦੀ ਕੋਸ਼ਿਸ਼ ਵਿੱਚ ਹਨ, ਅਜਿਹੇ ਵਿਚ ਭਾਰਤ ਸਰਕਾਰ ਲਗਾਤਾਰ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਨੂੰ ਲੈ ਕੇ ਆਉਣ ਦਾ ਕੰਮ ਕਰ ਰਹੀ ਹੈ। ਭਾਰਤੀ ਗ੍ਰਹਿ ਮੰਤਰਾਲਾ ਨੇ  ਫ਼ੈਸਲਾ ਲਿਆ ਹੈ ਕਿ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਸਿਰਫ਼ ਈ-ਵੀਜ਼ਾ ਦੇ ਆਧਾਰ ’ਤੇ ਹੀ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੇ ਪਾਸਪੋਰਟ ਗਾਇਬ ਜਾਂ ਗੁਆਚ ਜਾਣ ਨਾਲ ਸਬੰਧਤ ਰਿਪੋਰਟਾਂ ਆ ਰਹੀਆਂ ਹਨ। ਇਸ ਨੂੰ ਵੇਖਦੇ ਹੋਏ ਅਫ਼ਗਾਨਿਸਤਾਨ ਦੇ ਉਨ੍ਹਾਂ ਸਾਰੇ ਨਾਗਿਰਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾ ਰਹੇ ਹਨ, ਜੋ ਅਜੇ ਭਾਰਤ ’ਚ ਨਹੀਂ ਰਹਿ ਰਹੇ। ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਆਉਣ ਦੇ ਇੱਛੁਕ ਸਾਰੇ ਅਫ਼ਗਾਨੀ ਨਾਗਰਿਕਾਂ ਨੂੰ ਵੀਜ਼ਾ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਈ-ਵੀਜ਼ਾ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਭਾਰਤ ਆ ਸਕਣਗੇ। ਭਾਰਤ ਵਲੋਂ ਪਹਿਲਾਂ ਹੀ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਇਕ ਸਪੈਸ਼ਲ ਈ-ਵੀਜ਼ਾ ਕੈਟੇਗਰੀ ਬਣਾ ਦਿੱਤੀ ਹੈ। ਅਫ਼ਗਾਨ ਨਾਗਰਿਕਾਂ ਲਈ ‘e-Emergency X-Misc Visa’ ਬਣਾਇਆ ਗਿਆ ਹੈ, ਤਾਂ ਕਿ ਉਨ੍ਹਾਂ ਦੀ ਬੇਨਤੀ ਨੂੰ ਛੇਤੀ ਵੇਖਿਆ ਜਾ ਸਕੇ। ਸਾਰੇ ਅਫ਼ਗਾਨ ਨਾਗਰਿਕ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋਣ, ਇਸ ਯਾਤਰਾ ਦਸਤਾਵੇਜ਼ ਲਈ ਅਪਲਾਈ ਕਰ ਸਕਦੇ ਹਨ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ਵਿਚ ਭਾਰਤ ਦੇ ਸਾਰੇ ਡਿਪਲੋਮੈਟਿਕ ਅਦਾਰੇ ਬੰਦ ਹਨ, ਇਸ ਲਈ ਐਪਲੀਕੇਸ਼ਨਾਂ ਦੀ ਛਾਣਬੀਣ ਅਤੇ ਇਸ ’ਤੇ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਕੰਮ ਨਵੀਂ ਦਿੱਲੀ ਵਿਚ ਹੋਵੇਗਾ। ਬੀਤੇ ਸੋਮਵਾਰ ਦੀ ਰਾਤ ਤੱਕ ਅਫ਼ਗਾਨਿਸਤਾਨ ਤੋਂ ਲੱਗਭਗ 730 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ 16 ਅਗਸਤ ਤੋਂ ਸ਼ੁਰੂ ਹੋਈ ਸੀ। ਭਾਰਤ, ਅਮਰੀਕਾ ਅਤੇ ਹੋਰ ਮਿੱਤਰ ਦੇਸ਼ਾਂ ਦੇ ਸਹਿਯੋਗ ਨਾਲ ਨਿਕਾਸੀ ਮੁਹਿੰਮ ਚਲਾ ਰਿਹਾ ਹੈ।

Comment here