ਨਵੀਂ ਦਿੱਲੀ-ਹਾਲ ਹੀ ਵਿੱਚ ਭਾਰਤ ਦੇ ਯਾਤਰੀਆਂ ਲਈ ਇੱਕ ਖੁਸ਼ਖਬਰੀ ਵਜੋਂ ਯੂਨਾਈਟਿਡ ਕਿੰਗਡਮ (ਯੂਕੇ) ਨੇ ਭਾਰਤ ਨੂੰ ਆਪਣੀ ਹਾਈ–ਅਲਰਟ “red list” ਜ਼ੋਨ ਤੋਂ 8 ਅਗਸਤ ਤੋਂ ਮੱਧਮ ਜੋਖਮ ਵਾਲੀ “amber list” ਵਿੱਚ ਪਾ ਦਿੱਤਾ ਹੈ। ਯੂਕੇ ਸਰਕਾਰ ਦੀ ਨਵੀਨਤਮ ਯਾਤਰਾ ਸਲਾਹਕਾਰ ਦੇ ਅਨੁਸਾਰ, ਨਿਯਮਾਂ ਮੁਤਾਬਕ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਯਾਤਰੀਆਂ ਨੂੰ ਹੁਣ 10 ਦਿਨਾਂ ਦੇ ਹੋਟਲ ਕੁਆਰੰਟੀਨ ਨਿਯਮ ਤੋਂ ਗੁਜ਼ਰਨਾ ਨਹੀਂ ਪਵੇਗਾ। ਭਾਰਤ ਨੂੰ ਮਿਲੀ ਇਸ ਰਾਹਤ ਤੋਂ ਪਾਕਿਸਤਾਨ ਖਿਝ ਗਿਆ ਹੈ। ਪਾਕਿਸਤਾਨ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਬ੍ਰਿਟੇਨ ਦੇ ਸਿਹਤ ਮੰਤਰੀ ਨੂੰ ਪੱਤਰ ਲਿੱਖ ਕੇ ਲੰਡਨ ਵੱਲੋਂ ਕੋਵਿਡ-19 ਦੀ ਯਾਤਰਾ ਸਬੰਧੀ ਪਾਬੰਦੀਆਂ ਵਿਚ ਬਦਲਾਅ ਕਰਦੇ ਹੋਏ ਭਾਰਤ ਨੂੰ ‘ਲਾਲ’ ਸੂਚੀ ਵਿਚੋਂ ਕੱਢ ਕੇ ‘ਐਂਬਰ’ ਸੂਚੀ ਵਿਚ ਪਾਉਣ ਅਤੇ ਪਾਕਿਸਤਾਨ ਨੂੰ ‘ਲਾਲ’ ਸੂਚੀ ਵਿਚ ਬਣਾਈ ਰੱਖਣ ਵਿਚ ਬ੍ਰਿਟਿਸ਼ ਸਰਕਾਰ ਦੀ ਨੀਤੀ ਵਿਚ ‘ਕਮੀਆਂ’ ਨੂੰ ਊਜਾਗਰ ਕੀਤਾ ਹੈ। ਪਾਕਿਸਤਾਨ ਨੂੰ ਅਪ੍ਰੈਲ ਦੀ ਸ਼ੁਰੂਆਤ ਵਿਚ ਅਤੇ ਭਾਰਤ ਨੂੰ 19 ਅਪ੍ਰੈਲ ਨੂੰ ਲਾਲ ਸੂਚੀ ਵਿਚ ਰੱਖਿਆ ਗਿਆ ਸੀ ਪਰ ਇਸਲਾਮਾਬਾਦ ਦੇ ਉਲਟ, ਨਵੀਂ ਦਿੱਲੀ ਨੂੰ ਕੁੱਝ ਹੋਰ ਦੇਸ਼ਾਂ ਨਾਲ 5 ਅਗਸਤ ਨੂੰ ਐਂਬਰ ਸੂਚੀ ਵਿਚ ਪਾਇਆ ਗਿਆ ਸੀ, ਜਿਸ ਨਾਲ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਹੰਗਾਮਾ ਹੋਇਆ। ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਟਵੀਟ ਕੀਤਾ, ‘ਯੂ.ਏ.ਈ., ਕਤਰ, ਭਾਰਤ ਅਤੇ ਬਹਿਰੀਨ ਨੂੰ ‘ਲਾਲ’ ਸੂਚੀ ਵਿਚੋਂ ਕੱਢ ਕੇ ‘ਐਂਬਰ’ ਸੂਚੀ ਵਿਚ ਪਾ ਦਿੱਤਾ ਗਿਆ ਹੈ। ਇਹ ਸਾਰੇ ਬਦਲਾਅ 8 ਅਗਸਤ ਨੂੰ ਸਵੇਰੇ 5 ਵਜੇ ਤੋਂ ਅਮਲ ਵਿਚ ਆ ਜਾਣਗੇ।’ ਦੇਸ਼ ਦੇ ਕਾਨੂੰਨ ਤਹਿਤ ‘ਐਂਬਰ’ ਸੂਚੀ ਵਿਚ ਸ਼ਾਮਲ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਰਵਾਨਗੀ ਤੋਂ 3 ਦਿਨ ਪਹਿਲਾਂ ਕੋਵਿਡ-19 ਸਬੰਧੀ ਜਾਂਚ ਕਰਾਉਣੀ ਹੋਵੇਗੀ ਅਤੇ ਬ੍ਰਿਟੇਨ ਜਾਣ ਤੋਂ ਪਹਿਲਾਂ ਹੀ ਕੋਵਿਡ-19 ਦੀ ਦੋ ਜਾਂਚਾਂ ਦੀ ਬੁਕਿੰਗ ਕਰਾਉਣੀ ਹੋਵੇਗੀ ਅਤੇ ਉਥੇ ਪਹੁੰਚਣ ਦੇ ਬਾਅਦ ‘ਯਾਤਰੀ ਲੋਕੇਟਰ ਫਾਰਮ’ ਭਰਨਾ ਹੋਵੇਗਾ। ਉਥੇ ਹੀ ਯਾਤਰੀ ਨੂੰ 10 ਦਿਨਾਂ ਲਈ ਘਰ ਵਿਚ ਜਾਂ ਕਿਸੇ ਹੋੋਰ ਸਥਾਨ ’ਤੇ ਇਕਾਂਤਵਾਸ ਵਿਚ ਰਹਿਣਾਹੋਵੇਗਾ। ਬ੍ਰਿਟੇਨ ਦੇ ਪਾਕਿਸਤਾਨੀ ਮੂਲ ਦੇ ਸਿਹਤ ਮੰਤਰੀ ਸਾਜਿਸ ਜਾਵਿਦ ਨੂੰ ਲਿਖੇ ਪੱਤਰ ਵਿਚ, ਸਿਹਤ ’ਤੇ ਪਾਕਿਸਤਾਨ ਦੇ ਵਿਸ਼ੇਸ਼ ਸਹਾਇਕ ਫੈਜ਼ਲ ਸੁਲਤਾਨ ਨੇ ਦੇਸ਼ ਦੇ ਮਹਾਮਾਰੀ ਦੇ ਅੰਕੜਿਆਂ ਦੀ ਤੁਲਨਾ ਇਸ ਖੇਤਰ ਦੇ ਹੋਰ ਦੇਸ਼ਾਂ ਨਾਲ ਕੀਤੀ। ਪੱਤਰ ਨੂੰ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਟਵਿਟਰ ’ਤੇ ਸਾਂਝਾ ਕੀਤਾ ਹੈ। ਸੁਲਤਾਨ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਯਾਤਰਾ ਕਰਨ ਤੋਂ ਰੋਕਣ ਲਈ 3 ਪੱਧਰੀ ਦ੍ਰਿਸ਼ਟੀਕੋਣ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ‘ਡਬਲਯੂ.ਐਚ.ਓ. (ਵਿਸ਼ਵ ਸਿਹਤ ਸੰਗਠਨ) ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਾ ਲਗਾਏ ਜਾਣ ਦਾ ਵੈਧ ਪ੍ਰਮਾਣ ਪੱਤਰ, ਰਵਾਨਗੀ ਤੋਂ 72 ਘੰਟੇ ਪਹਿਲਾਂ ਇਕ ਪੀ.ਸੀ.ਆਰ. ਜਾਂਚ ਅਤੇ ਹਵਾਈਅੱਡੇ ’ਤੇ ਰਵਾਨਗੀ ਤੋਂ ਪਹਿਲਾਂ ਇਕ ਰੈਪਿਡ ਐਂਟੀਜਨ ਟੈਸਟ ਸ਼ਾਮਲ ਹੈ।’ ਪਾਕਿਸਤਾਨ ਦੇ ਕੋਵਿਡ-19 ਦੇ ਅੰਕੜਿਆਂ ਦੀ ਤੁਲਨਾ ਭਾਰਤ, ਈਰਾਨ ਅਤੇ ਇਰਾਕ ਨਾਲ ਕਰਦੇ ਹੋਏ ਸੁਲਤਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਪ੍ਰਤੀ 10 ਲੱਖ ਲੋਕਾਂ ਪਿੱਛੇ ਰੋਜ਼ਾਨਾ ਮਾਮਲੇ, ਪ੍ਰਤੀ 10 ਲੋਕਾਂ ਪਿੱਛੇ ਹੋਣ ਵਾਲੀ ਮੌਤ ਅਤੇ ਪ੍ਰਤੀ 10 ਲੱਖ ਲੋਕਾਂ ਪਿੱਛੇ ਕੁੱਲ ਮੌਤਾਂ ਖੇਤਰ ਵਿਚ ਸਭ ਤੋਂ ਘੱਟ ਹਨ, ਜਦੋਂਕਿ 100 ਲੋਕਾਂ ’ਤੇ ਪ੍ਰਤੀਦਿਨ ਟੀਕਾਕਰਨ ਸਭ ਤੋਂ ਜ਼ਿਆਦਾ ਹੈ। ਸੁਲਤਾਨ ਨੇ ਪੱਤਰ ਵਿਚ ਕਿਹਾ ਕਿ ਨਿਗਰਾਨੀ ਅੰਕੜੇ ਜਿਸ ’ਤੇ ਬ੍ਰਿਟੇਨ ਦਾ ਕਹਿਣਾ ਹੈ ਕਿ ਉਸ ਦਾ ਫ਼ੈਸਲਾ ਆਧਾਰਤ ਹੈ, ‘ਬਿਨਾਂ ਸ਼ੱਕ ਮਹੱਤਵਪੂਰਨ’ ਹੈ ਪਰ ਮਹਾਮਾਰੀ ਦੇ ਪ੍ਰਬੰਧਨ ਵਿਚ ਦੇਸ਼ ਦਾ ਸਮੁੱਚਾ ਪ੍ਰਦਰਸ਼ਨ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਹਾਲਾਂਕਿ ਸਵੀਕਾਰ ਕੀਤਾ ਕਿ ਜੀਨੋਮ ਸਿਕਵੈਂਸਿੰਗ ਦੇ ਮਾਮਲੇ ਵਿਚ ਪਾਕਿਸਤਾਨ ਬ੍ਰਿਟੇਨ ਤੋਂ ਪੱਛੜ ਗਿਆ ਹੈ ਪਰ ਇਹ ਵੀ ਕਿਹਾ ਕਿ ਜੀਨੋਮਿਕ ਸਿਕਵੈਂਸਿੰਗ ਨੂੰ ਇਕ ਪ੍ਰਦਰਸ਼ਨਕਾਰੀ ਕਦਮ ਦੇ ਰੂਪ ਵਿਚ ਵਰਤਣਾ ਅਤੇ ਯਾਤਰਾ ਤੋਂ ਇਨਕਾਰ ਕਰਨ ਲਈ ਇਸ ਦਾ ਹਵਾਲਾ ਦੇਣਾ ਬੇਲੋੜਾ ਸੀ। ਪਾਕਿਸਤਾਨ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਤੋਂ ਇਸ ਲਈ ਪਰੇਸ਼ਾਨ ਹੈ, ਕਿਉਂਕਿ ਬ੍ਰਿਟੇਨ ਵਿਚ ਰਹਿਣ ਵਾਲੇ ਇਕ ਵੱਡੇ ਭਾਈਚਾਰੇ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ ਅਤੇ ਉਹ ਅਕਸਰ ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯਾਤਰਾ ਕਰਦੇ ਹਨ।
ਦੂਜੇ ਪਾਸੇ ਇਹ ਵੀ ਖਬਰ ਹੈ ਕਿ ਭਾਰਤ ਨੂੰ ਹੋਰ ਕੁਝ ਮੁਲਕਾਂ ਨੇ ਵੀ ਆਵਾਜਾਈ ਲਈ ਰਾਹਤ ਦਿੱਤੀ ਹੈ।
ਸੰਯੁਕਤ ਅਰਬ ਅਮੀਰਾਤ- ਰਾਸ਼ਟਰੀ ਐਮਰਜੈਂਸੀ ਅਤੇ ਸੰਕਟ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ 5 ਅਗਸਤ ਤੋਂ ਭਾਰਤ ਅਤੇ ਪੰਜ ਹੋਰ ਦੇਸ਼ਾਂ ਦੇ ਯਾਤਰੀਆਂ ਦੇ ਦਾਖਲੇ ‘ਤੇ ਕੋਵਿਡ ਨਾਲ ਸਬੰਧਤ ਪਾਬੰਦੀ ਹਟਾ ਦਿੱਤੀ ਸੀ, ਹਾਲਾਂਕਿ ਯਾਤਰਾ ‘ਤੇ ਪਾਬੰਦੀਆਂ ਅਜੇ ਵੀ ਕਾਇਮ ਰਹਿਣਗੀਆਂ, ਪਰ ਉਨ੍ਹਾਂ ਭਾਰਤੀਆਂ ਲਈ ਢਿੱਲ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਜਾਇਜ਼ ਰੈਜ਼ੀਡੈਂਸੀ ਪਰਮਿਟ ਹੈ, ਅਤੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਗਿਆ ਹੈ। ਭਾਰਤੀ ਯਾਤਰੀਆਂ ‘ਤੇ ਆਪਣੀ ਪਾਬੰਦੀ ਹਟਾਉਣ ਦੇ ਨਾਲ ਅਬੂ ਧਾਬੀ ਦੀ ਏਤਿਹਾਦ ਏਅਰਵੇਜ਼ ਨੇ ਐਲਾਨ ਕੀਤਾ ਹੈ ਕਿ ਏਅਰਲਾਈਨਾਂ ਹੁਣ 7 ਅਗਸਤ ਤੋਂ ਨਵੀਂ ਦਿੱਲੀ, ਕੋਚੀ, ਚੇਨਈ, ਤ੍ਰਿਵੇਂਦਰਮ ਅਤੇ ਬੇਂਗਲੁਰੂ ਤੋਂ ਆਪਣੀਆਂ ਉਡਾਣਾਂ ਸ਼ੁਰੂ ਹੋ ਗਈਆਂ।
ਸਪੇਨ: ਸਪੇਨ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਵਾਗਤ ਲਈ ਤਿਆਰ ਹੈ। ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ! ਰਿਪੋਰਟ ਮੁਤਾਬਕ, ਸਪੇਨ ਨੇ ਪਹਿਲਾਂ ਹੀ ਆਪਣੇ ਕੌਂਸੂਲਰ ਦਫਤਰ ਮੁੜ ਖੋਲ੍ਹ ਦਿੱਤੇ ਹਨ, ਇਸ ਲਈ ਕੋਈ ਅੱਗੇ ਜਾ ਕੇ ਸਪੇਨ ਦੇ ਵੀਜ਼ੇ ਲਈ ਅਰਜ਼ੀ ਦੇ ਸਕਦਾ ਹੈ। ਰਿਪੋਰਟਾਂ ਦੇ ਅਨੁਸਾਰ, ਕੋਵੈਸ਼ਿਲਡ ਨੂੰ ਸਪੇਨ ਵਲੋਂ ਮਨਜ਼ੂਰੀ ਦਿੱਤੀ ਗਈ ਹੈ।
ਸੰਯੁਕਤ ਰਾਜ ਅਮਰੀਕਾ: ਦਿਲਚਸਪ ਗੱਲ ਇਹ ਹੈ ਕਿ ਸੰਯੁਕਤ ਰਾਜ ਅਮਰੀਕਾ (ਯੂਐਸਏ) ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਨਾਲ ਸਬੰਧਤ ਯਾਤਰਾ ਪਾਬੰਦੀਆਂ ਨੂੰ ਵੀ ਸੌਖਾ ਕਰ ਦਿੱਤਾ ਹੈ। ਭਾਰਤ ਨੂੰ ਸਭ ਤੋਂ ਉੱਚੇ ਪੱਧਰ ਤੋਂ ਲੈਵਲ 3 ਵਿੱਚ ਸੂਚੀਬੱਧ ਕੀਤਾ ਹੈ। ਸਰਕਾਰ ਅਜੇ ਵੀ ਨਾਗਰਿਕਾਂ ਨੂੰ ਯਾਤਰਾ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਨੇ ਭਾਰਤ ਲਈ ਲੈਵਲ 3 ਟ੍ਰੈਵਲ ਹੈਲਥ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ, “ਜੇ ਤੁਸੀਂ ਐਫਡੀਏ ਦੁਆਰਾ ਅਧਿਕਾਰਤ ਟੀਕੇ ਨਾਲ ਪੂਰੀ ਤਰ੍ਹਾਂ ਟੀਕਾ ਲਗਵਾਉਂਦੇ ਹੋ ਤਾਂ ਕੋਵਿਡ -19 ਦੇ ਸੰਕਰਮਣ ਅਤੇ ਗੰਭੀਰ ਲੱਛਣਾਂ ਦੇ ਵਿਕਾਸ ਦਾ ਤੁਹਾਡਾ ਜੋਖਮ ਘੱਟ ਹੋ ਸਕਦਾ ਹੈ।“
Comment here