ਅਪਰਾਧਸਿਆਸਤਵਿਸ਼ੇਸ਼ ਲੇਖ

ਇਤਿਹਾਸ ਨੂੰ ਖੰਗਾਲਣ ਪਿੱਛੇ ਚੀਨ ਦੀ ਮੱਕਾਰੀ ਵਾਲਾ ਇਰਾਦਾ

ਚੀਨ ਸਬੰਧੀ ਖੋਜ ਕਰਨ ਵਾਲੇ ਰਣਨੀਤੀਕਾਰਾਂ ਦਾ ਕਹਿਣਾ ਹੈ, ਜੇ ਤੁਸੀਂ ਚੀਨ ਦੀ ਭਵਿੱਖ ਦੀ ਰਣਨੀਤੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਚੀਨ ਦੇ ਇਤਿਹਾਸ ਨੂੰ ਖੰਗਾਲੋ। ਉਹ ਅਜਿਹਾ ਕਿਉਂ ਕਹਿੰਦੇ ਹਨ, ਇਸ ਪਿੱਛੇ ਇਕ ਕਾਰਨ ਹੈ। ਅਸਲ ’ਚ ਚੀਨ ਜਦੋਂ ਵੀ ਕਿਸੇ ਦੇਸ਼ ਦੀ ਸਰਹੱਦ, ਉਸ ਦੇ ਕਿਸੇ ਖੇਤਰ ’ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਤਾਂ ਬੜੀ ਢੀਠਤਾ ਨਾਲ ਉਸ ਖੇਤਰ ਦੇ ਪੁਰਾਤਨ ਇਤਿਹਾਸ ’ਚ ਜਾਂਦਾ ਹੈ ਅਤੇ ਉੱਥੋਂ ਕੁਝ ਅਜਿਹੀਆਾਂ ਵਸਤਾਂ ਲੱਭ ਕੇ ਲਿਆਉਂਦਾ ਹੈ, ਜਿਨ੍ਹਾਂ ਨੂੰ ਪੁਰਾਤਨ ਚੀਨ ਦੇ ਇਤਿਹਾਸ ਨਾਲ ਜੋੜਦਾ ਹੈ। ਉਸ ਤੋਂ ਬਾਅਦ ਚੀਨ ਉਸ ਖੇਤਰ ’ਤੇ ਆਪਣਾ ਕਬਜ਼ਾ ਸਥਾਪਿਤ ਕਰਨ ਲਈ ਮਾੜਾ ਚੱਕਰ ਚਲਾਉਂਦਾ ਹੈ। ਅੱਜਕਲ ਚੀਨ ਕੁਝ ਅਜਿਹਾ ਹੀ ਮਾੜਾ ਚੱਕਰ ਚਲਾ ਰਿਹਾ ਹੈ ਭਾਰਤ ਦੇ ਲੱਦਾਖ, ਨੇਪਾਲ ਅਤੇ ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਦੇ ਖੇਤਰਾਂ ਨੂੰ ਆਪਣੇ ਕਬਜ਼ੇ ’ਚ ਲੈਣ ਲਈ। ਹਿਮਾਲਿਆਈ ਖੇਤਰ ਦਾ ਇਕ ਵੱਡਾ ਹਿੱਸਾ ਜਿਸ ’ਚ ਤਿੱਬਤ ਤਾਂ ਸ਼ਾਮਲ ਹੈ ਹੀ, ਉਸ ਦੇ 3 ਗੁਆਂਢੀ ਦੇਸ਼ਾਂ ਦੀ ਜ਼ਮੀਨ ਵੀ ਸ਼ਾਮਲ ਹੈ, ਜਿਸ ’ਤੇ ਚੀਨ ਨੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ। ਇਤਿਹਾਸ ਨੂੰ ਖੰਗਾਲਣ ਪਿੱਛੇ ਚੀਨ ਦੀ ਮੱਕਾਰੀ ਵਾਲਾ ਇਰਾਦਾ ਸਪੱਸ਼ਟ ਹੁੰਦਾ ਹੈ। ਅੱਜਕਲ ਚੀਨ ਕਬਜ਼ੇ ’ਚ ਲਏ ਗਏ ਆਜ਼ਾਦ ਦੇਸ਼ ਤਿੱਬਤ ਨੂੰ ਆਪਣਾ ਸੂਬਾ ਬਣਾਉਣ ਲਈ ਉੱਥੋਂ ਦੇ ਇਤਿਹਾਸ ਨੂੰ ਖੰਗਾਲ ਰਿਹਾ ਹੈ। ਅਸਲ ’ਚ ਚੀਨ ਹਿਮਾਲਿਆ ਖੇਤਰ ਦੇ ਪੂਰੇ ਲੱਦਾਖ ਨੂੰ ਛਾਂਗਛੁੰਗ ਰਾਜਤੰਤਰ ਦੱਸ ਕੇ ਉੱਥੇ ਖੋਜ ਕਰ ਰਿਹਾ ਹੈ। ਪੱਛਮੀ ਤਿੱਬਤ ਖੇਤਰ ’ਚ ਚੀਨ ਮਾਈਨਿੰਗ ਦੇ ਕੰਮ ਅਤੇ ਖੋਜ ਨੂੰ ਕਰ ਰਿਹਾ ਹੈ। ਉਸ ਦਾ ਧਿਆਨ ਛਾਂਗਛੁੰਗ ਰਾਜਤੰਤਰ ਵੱਲ ਹੈ। ਅਸਲ ’ਚ ਚੀਨ ਦੀ ਪਰਿਭਾਸ਼ਾ ਮੁਤਾਬਕ ਛਾਂਗਛੁੰਗ ਬੋਧ ਸਾਹਿਤ ’ਚ ਦਰਜ ਧਰਤੀ ’ਤੇ ਸਵਰਗ ਦੀ ਗੱਲ ਕਰਦਾ ਹੈ। ਇਸ ਨੂੰ ਹੀ ਛਾਂਗਛੁੰਗ ਕਿਹਾ ਗਿਆ ਹੈ। ਇਸ ਪੂਰੇ ਖੇਤਰ ’ਚ ਤਿੱਬਤ ਨਾਲ ਨੇਪਾਲ ਦੇ ਕੁਝ ਇਲਾਕੇ, ਭਾਰਤ ਦਾ ਲੱਦਾਖ ਅਤੇ ਪਾਕਿਸਤਾਨ ਵੱਲੋਂ ਕਬਜ਼ੇ ’ਚ ਲਏ ਗਏ ਵਿਸ਼ਾਲ ਲੱਦਾਖ ਖੇਤਰ ਦਾ ਗਿਲਗਿਤ ਅਤੇ ਬਾਲਟਿਸਤਾਨ ਆਉਂਦਾ ਹੈ।
ਚੀਨ ਇਸ ਖੇਤਰ ’ਚ ਅਜੇ ਜੋ ਖੋਜ ਅਤੇ ਮਾਈਨਿੰਗ ਕਰ ਰਿਹਾ ਹੈ, ਉਸ ਦੇ ਪਿੱਛੇ ਚੀਨ ਦਾ ਇਰਾਦਾ ਇਹ ਹੈ ਕਿ ਉਹ ਇਸ ਨੂੰ ਇਤਿਹਾਸਕ ਅਤੇ ਸੱਭਿਆਚਾਰਕ ਪੱਖੋਂ ਆਪਣਾ ਇਲਾਕਾ ਦੱਸੇਗਾ ਅਤੇ ਫਿਰ ਉਸ ’ਤੇ ਆਪਣਾ ਕਾਨੂੰਨੀ ਦਾਅਵਾ ਠੋਕ ਦੇਵੇਗਾ। ਇਸ ਲਈ ਚੀਨ ਆਪਣੇ ਗੁਆਂਢੀ ਦੇਸ਼ਾਂ ’ਤੇ ਦਬਾਅ ਬਣਾਏਗਾ, ਉਸ ਅੱਗੇ ਨੇਪਾਲ ਫੌਜੀ ਪੱਖੋਂ ਕਮਜ਼ੋਰ ਹੋਣ ਕਾਰਨ ਆਪਣੇ ਗੋਡੇ ਟੇਕ ਦੇਵੇਗਾ। ਰਹੀ ਗੱਲ ਪਾਕਿਸਤਾਨ ਦੀ ਤਾਂ ਉਹ ਪਹਿਲਾਂ ਹੀ ਚੀਨ ਦੇ ਕਰਜ਼ੇ ਦੇ ਜਾਲ ’ਚ ਫਸਿਆ ਹੋਇਆ ਹੈ। ਉਸ ਨੇ ਪਹਿਲਾਂ ਹੀ ਆਪਣੇ ਗੋਡੇ ਟੇਕੇ ਹੋਏ ਹਨ। ਹੁਣ ਬਚਿਆ ਹੈ ਭਾਰਤ। ਲੱਦਾਖ ਖੇਤਰ ਨੂੰ ਲੈਣ ਲਈ ਚੀਨ ਭਾਰਤ ਨਾਲ ਜੰਗ ਤੱਕ ਕਰ ਸਕਦਾ ਹੈ। ਅੱਜਕਲ ਗਲਵਾਨ, ਗੋਗਰਾ ਹਿੱਲਜ਼, ਪੈਂਗਾਂਗ ਝੀਲ, ਦੌਲਤਬੇਗ ਓਲਡੀ ਅਤੇ ਫਿਰ ਤਵਾਂਗ ਵਰਗੇ ਖੇਤਰਾਂ ’ਚ ਚੀਨ ਫੌਜੀ ਆਧਾਰ ਤਿਆਰ ਕਰ ਕੇ ਭਾਰਤ ਨਾਲ ਸੰਘਰਸ਼ ਕਰ ਰਿਹਾ ਹੈ। ਉਸ ਦੇ ਪਿੱਛੇ ਦਾ ਇਰਾਦਾ ਭਾਰਤ ਦੀ ਸਹਿਣਸ਼ਕਤੀ ਅਤੇ ਹੋਰ ਫੌਜੀ ਤਿਆਰੀਆਂ ਨੂੰ ਪਰਖਣਾ ਹੈ। ਉਸ ਆਧਾਰ ’ਤੇ ਹੀ ਚੀਨ ਭਵਿੱਖ ਦੀ ਰਣਨੀਤੀ ਬਣਾਵੇਗਾ। ਸਭ ਤੋਂ ਦੁਵਿਧਾ ਵਾਲੀ ਗੱਲ ਇਹ ਹੈ ਕਿ ਚੀਨ ਦੇ ਬਾਹਰ ਉਸ ਦੇ ਇਰਾਦੇ ਕਿਸੇ ਨੂੰ ਕੁਝ ਵੀ ਨਹੀਂ ਪਤਾ। ਜਿਵੇਂ ਕਿ ਦੁਨੀਆ ਜਾਣਦੀ ਹੈ ਕਿ ਚੀਨ ਲਈ ਇਤਿਹਾਸਕ ਤੱਥ ਅਤੇ ਸੱਚਾਈ ਕੋਈ ਅਰਥ ਨਹੀਂ ਰੱਖਦੀ ਕਿਉਂਕਿ ਚੀਨ ਇਨ੍ਹਾਂ ਗੱਲਾਂ ਦਾ ਬਹਾਨਾ ਬਣਾ ਕੇ ਦੂਜਿਆਂ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ। ਦੱਖਣੀ ਚੀਨ ਸਾਗਰ ’ਚ ਚੀਨ ਨੇ ਕਈ ਗੁਆਂਢੀਆਂ ਦੇ ਟਾਪੂਆਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ’ਤੇ ਆਪਣੇ ਸਮੁੰਦਰੀ ਅੱਡੇ ਅਤੇ ਹਵਾਈ ਫੌਜ ਦੇ ਅੱਡੇ ਤੱਕ ਉਸ ਨੇ ਬਣਾ ਲਏ ਹਨ। ਛਾਂਗਛੁੰਗ ਸਬੰਧੀ ਬਾਹਰੀ ਦੁਨੀਆ ਨੂੰ ਬੜੀ ਘੱਟ ਜਾਣਕਾਰੀ ਹੈ। ਇਸ ਦਾ ਲਾਭ ਚੀਨ ਆਪਣੇ ਹੱਕ ’ਚ ਉਠਾਉਣਾ ਚਾਹੁੰਦਾ ਹੈ। ਚੀਨ ਇਸ ਨੂੰ ਮੁੱਦਾ ਬਣਾ ਕੇ ਸੱਭਿਆਚਾਰਕ, ਭੂ-ਰਣਨੀਤਕ ਪੱਖੋਂ ਇਸ ’ਚ ਤਬਦੀਲੀ ਕਰਨੀ ਚਾਹੁੰਦਾ ਹੈ।
ਚੀਨ ਪੁਰਾਤਤਵੇਤਾਵਾਂ ਅਤੇ ਇਤਿਹਾਸਕਾਰਾਂ ਦੀ ਮਦਦ ਨਾਲ ਇਸ ਖੇਤਰ ਦੇ ਇਤਿਹਾਸ ਨੂੰ ਦੁਬਾਰਾ ਰਚਨਾ ਚਾਹੁੰਦਾ ਹੈ ਤਾਂ ਜੋ ਆਉਣ ਵਾਲੇ ਦਿਨਾਂ ’ਚ ਛਾਂਗਛੁੰਗ ਦੀ ਕਲਪਨਾ ਨੂੰ ਆਧਾਰ ਬਣਾ ਕੇ ਇਸ ਪੂਰੇ ਖੇਤਰ ’ਤੇ ਆਪਣਾ ਕਬਜ਼ਾ ਕਰਨ ਦੇ ਕੰਮ ਨੂੰ ਦਲੀਲ ਭਰਪੂਰ ਅਤੇ ਕਾਨੂੰਨੀ ਪੱਖੋਂ ਉਹ ਸਹੀ ਵਿਖਾ ਸਕੇ। ਇਸ ’ਚ ਸੀ. ਪੀ. ਸੀ. ਜੋ ਖੇਡ ਖੇਡ ਰਹੀ ਹੈ, ਉਸ ਦਾ ਪਹਿਲਾ ਕਦਮ ਤਿੱਬਤ ਦੀ ਆਜ਼ਾਦ ਹੋਂਦ ਨੂੰ ਖਤਮ ਕਰਨਾ ਹੈ। ਉਸ ਤੋਂ ਬਾਅਦ ਖੁਦ ਦਾ ‘ਦਲਾਈਲਾਮਾ’ ਚੁਣਨਾ ਅਤੇ ਫਿਰ ਤਿੱਬਤ ਅਤੇ ਛਾਂਗਛੁੰਗ ਨੂੰ ਤਿੱਬਤੀ ਸੰਸਕ੍ਰਿਤੀ ਅਤੇ ਧਰਮ ਨਾਲ ਜੋੜਨਾ ਹੈ। ਉਸ ਤੋਂ ਬਾਅਦ ਚੀਨ ਬੋਧ ਧਰਮ ਨੂੰ ਭਾਰਤ ਤੋਂ ਵੱਖ ਦੱਸੇਗਾ। ਇੰਝ ਕਰ ਕੇ ਚੀਨ ਭਾਰਤ ਨੂੰ ਬੋਧ ਧਰਮ ਤੋਂ ਦੂਰ ਕਰਨਾ ਚਾਹੁੰਦਾ ਹੈ। ਜੇ ਚੀਨ ਅਜਿਹਾ ਕਰਨ ’ਚ ਸਫਲ ਹੋ ਜਾਂਦਾ ਹੈ ਤਾਂ ਚੀਨ ਦਾ ਰਾਹ ਸਾਫ ਹੈ ਕਿ ਤਿੱਬਤ ਚੀਨ ਦਾ ਹਿੱਸਾ ਹੈ ਅਤੇ ਛਾਂਗਛੁੰਗ ਵੀ ਚੀਨ ਦਾ ਹਿੱਸਾ ਹੀ ਬਣੇਗਾ। ਚੀਨ ਨੂੰ ਲੱਦਾਖ ਦੇ ਵੱਡੇ ਹਿੱਸੇ ’ਤੇ ਆਪਣੇ ਦਾਅਵੇਦਾਰੀ ਦਾ ਵਿਧਾਨਕ ਅਧਿਕਾਰ ਹੋਵੇਗਾ। ਅਜਿਹਾ ਚੀਨ ਸੋਚਦਾ ਵੀ ਹੈ। ਆਪਣੀ ਸ਼ਾਤਰਾਨਾ ਨੀਤੀ ਅਧੀਨ ਕਿਸੇ ਦੇਸ਼ ਦੀ ਜ਼ਮੀਨ ਨੂੰ ਹੜੱਪਣ ਲਈ ਚੀਨ ਪਹਿਲਾਂ ਉਸ ਦੇ ਇਤਿਹਾਸ ਨੂੰ ਖੰਗਾਲਦਾ ਹੈ ਅਤੇ ਫਿਰ ਉਸ ਨੂੰ ਮੌਜੂਦਾ ਅਤੇ ਪੁਰਾਤਨ ਚੀਨ ਨਾਲ ਜੋੜਦਾ ਹੈ। ਉਸ ਤੋਂ ਬਾਅਦ ਧੋਖਾ, ਤਾਕਤ ਅਤੇ ਹਰ ਹੀਲੇ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾ ਕੇ ਉਸ ’ਤੇ ਆਪਣਾ ਕਬਜ਼ਾ ਕਰ ਲੈਂਦਾ ਹੈ। ਛਾਂਗਛੁੰਗ ਦੇ ਮਾਮਲੇ ’ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਹਾਲਾਤ ਅੱਗੋਂ ਕਿਹੋ ਜਿਹਾ ਮੋੜ ਕੱਟਦੇ ਹਨ।

Comment here