ਚਲੰਤ ਮਾਮਲੇ

ਆਲਮੀ ਤਪਸ਼: ਸੰਭਲਣ ਲੱਗਿਆਂ ਕਿਤੇ ਦੇਰ ਨਾ ਹੋ ਜਾਏ….

ਆਲਮੀ ਤਪਸ਼ ਬਾਰੇ ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਨੇ ਦੁਨੀਆ ਭਰ ਵਿੱਚ ਫਿਕਰਮੰਦੀ ਪੈਦਾ ਕਰ ਦਿਤੀ ਹੈ, ਬੁਧੀਜੀਵੀ ਸੰਭਲ ਜਾਣ ਦੀ ਦੁਹਾਈ ਦੇ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਜਿਸ ਸੰਕਟ ਦਾ ਡਰ ਸੀ ਤੇ ਜਿਸ ਦੀ ਚੇਤਾਵਨੀ ਵਾਰ-ਵਾਰ ਵਿਗਿਆਨੀ ਦਿੰਦੇ ਆ ਰਹੇ ਸਨ, ਆਖ਼ਰ ਉਸ ਨੇ ਦੇਸ਼ ਨੂੰ ਆ ਲਪੇਟੇ ਵਿਚ ਲਿਆ। ਵਾਤਾਵਰਣ ਮਾਹਰ ਵਾਰ-ਵਾਰ ਦੁਹਾਈ ਦਿੰਦੇ ਰਹੇ ਕਿ ਜੇ ਮਨੁੱਖ ਅਪਣੀ ਖ਼ੁਦਗ਼ਰਜ਼ੀ ਤੋਂ ਬਾਜ਼ ਨਾ ਆਇਆ ਤਾਂ ਫਿਰ ਦੁਨੀਆਂ ਨਹੀਂ ਬਚਾਈ ਜਾ ਸਕੇਗੀ। ਪਿਛਲੇ ਸਾਲ ਅਸੀ ਆਸਟ੍ਰੇਲੀਆ ਵਿਚ ਮਹੀਨਿਆਂ ਤਕ ਚਲਦੀ ਅੱਗ ਵੇਖੀ। ਕੋਵਿਡ ਕੋਲੋਂ ਡਰਦੇ ਮਾਰੇ ਦੁਨੀਆਂ ਨੂੰ ਅਪਣੇ ਘਰਾਂ ਵਿਚ ਚੂਹੇ ਵਾਂਗ ਖੁੱਡਾਂ ਵਿਚ ਬੰਦ ਹੁੰਦਿਆਂ ਵੇਖਿਆ। ਅੱਤ ਦੀ ਗਰਮੀ ਤੇ ਅੱਤ ਦੀ ਠੰਢ ਵੇਖੀ ਤੇ ਅਜਿਹੀਆਂ ਥਾਵਾਂ ਤੇ ਵੇਖੀ ਜਿਥੇ ਕਦੇ ਇਸ ਤਰ੍ਹਾਂ ਦਾ ਮੌਸਮ ਵੇਖਿਆ ਤਕ ਵੀ ਨਹੀਂ ਸੀ। ਸਾਰੇ ਇਨਸਾਨ ਸੜਕਾਂ ਤੋਂ ਗ਼ਾਇਬ ਹੋ ਜਾਣ ਨਾਲ, ਜੰਗਲੀ ਜਾਨਵਰ ਵੀ ਸੜਕਾਂ ਤੇ ਉਤਰ ਕੇ ਨਚਦੇ ਤੇ ਖੁੱਲ੍ਹੇ ਅਸਮਾਨ ਹੇਠ ਖ਼ੁਸ਼ੀ ਮਨਾਉਂਦੇ ਵੇਖੇ ਗਏ। ਜਦ ਮਨੁੱਖੀ ਦੁਨੀਆਂ ਬੰਦ ਸੀ ਤਾਂ ਇਨ੍ਹਾਂ ਦੀ ਦੁਨੀਆਂ ਨੂੰ ਪੂਰੀ ਆਜ਼ਾਦੀ ਸੀ। ਇਹ ਸੰਕੇਤ ਕਾਫ਼ੀ ਸੀ ਇਹ ਸਮਝਣ ਲਈ ਕਿ ਕੁਦਰਤ ਮਨੁੱਖ ਤੋਂ ਨਿਰਾਸ਼ ਹੈ ਤੇ ਹੁਣ ਚਾਲ ਬਦਲਣ ਦਾ ਵਕਤ ਆ ਚੁੱਕਾ ਹੈ ਪਰ ਨਾ ਮਨੁੱਖ ਪਹਿਲਾਂ ਸਮਝਿਆ ਸੀ ਤੇ ਨਾ ਹੁਣ ਸਮਝਣ ਵਾਲਾ ਹੈ। ਸੋ ਜਿਹੜਾ ਸਾਇੰਸਦਾਨ ਤਾਪਮਾਨ ਦੇ ਵਧਣ ਦੇ ਖ਼ਤਰੇ ਦੀ ਚੇਤਾਵਨੀ ਦਿੰਦਾ ਆ ਰਿਹਾ ਸੀ, ਹੁਣ ਹਾਰ ਮੰਨ ਬੈਠਾ ਹੈ ਕਿ ਦੁਨੀਆਂ ਦਾ ਤਾਪਮਾਨ ਆਮ ਨਾਲੋਂ 1.5 ਸੈਲਸੀਅਸ ਵੱਧ ਗਿਆ ਹੈ। ਸਮੁੰਦਰ ਦਾ ਪਾਣੀ 2.7 ਮੀਟਰ ਉਪਰ ਆਉਣ ਵਾਲਾ ਹੈ ਜਿਸ ਨਾਲ ਦੁਨੀਆਂ ਦੇ ਕਈ ਸ਼ਹਿਰਾਂ ਦੇ ਸਮੁੰਦਰੀ ਤੱਟ ਤਬਾਹ ਹੋ ਜਾਣਗੇ। ਬਰਫ਼ੀਲੀਆਂ ਪਹਾੜੀਆਂ ਦੇ ਪਿਘਲਣ ਨਾਲ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਸਮੱਸਿਆ ਆਉਣ ਵਾਲੀ ਹੈ।ਅਸੀ ਵੱਡੇ ਅਮੀਰ ਦੇਸ਼ਾਂ ਤੇ ਦੋਸ਼ ਥੱਪ ਕੇ ਉਨ੍ਹਾਂ ਨੂੰ ‘ਕੁਦਰਤ ਦੀ ਇਸ ਥਕਾਵਟ’ ਲਈ ਦੋਸ਼ੀ ਗਰਦਾਨ ਸਕਦੇ ਹਾਂ, ਪਰ ਉਹ ਤਾਂ ਅਸੀ ਕਾਫ਼ੀ ਚਿਰ ਤੋਂ ਕਰਦੇ ਆ ਰਹੇ ਹਾਂ। ਅੱਜ ਦੀ ਦੁਨੀਆਂ ਐਸੀ ਹੋ ਗਈ ਹੈ ਕਿ ਉਹ ਪੈਸੇ ਨੂੰ ਅਪਣੀ ਜਾਨ ਤੋਂ ਵੱਧ ਮਹੱਤਵ ਦਿੰਦੀ ਹੈ। ਜਿਹੜੇ ਲੋਕ ਮੌਤ ਦੇ ਦਰਵਾਜ਼ੇ ਤੋਂ, ਇਕ ਸਾਹ ਵਾਸਤੇ ਤੜਫਦੇ ਵਾਪਸ ਆਏ ਹਨ, ਉਹ ਸ਼ਾਇਦ ਜ਼ਿੰਦਗੀ ਦੀ ਅਹਿਮੀਅਤ ਸਮਝ ਗਏ ਹਨ ਤੇ ਜਾਣ ਗਏ ਹਨ ਕਿ ਕਰੋੜਾਂ ਰੁਪਏ ਜੇਬ ਵਿਚ ਹੋਣ ਦੇ ਬਾਵਜੂਦ ਇਨਸਾਨ, ਸਾਹ ਲਈ ਵੀ ਮੰਗਤਾ, ਭਿਖਾਰੀ ਤੇ ਸਾਹ-ਸੱਤ ਹੀਣਾ ਬਣ ਜਾਂਦਾ ਹੈ, ਭਾਵੇਂ ਇਨ੍ਹਾਂ ਮੌਤ ਦੇ ਮੂੰਹੋਂ ਹੋ ਕੇ ਵਾਪਸ ਆਉਣ ਵਾਲਿਆਂ ਦੀ ਗਿਣਤੀ ਅਜੇ ਬਹੁਤ ਜ਼ਿਆਦਾ ਨਹੀਂ। ਜ਼ਿਆਦਾ ਗਿਣਤੀ ਤਾਂ ਪੈਸੇ ਦੇ ਅੰਬਾਰ ਨੂੰ ਮਹੱਤਵ ਦੇਣ ਵਾਲਿਆਂ ਦੀ ਹੈ। ਸਾਡੇ ਅਪਣੇ ਦੇਸ਼ ਦੇ ਆਗੂ ਭਾਰਤੀ ਆਰਥਕਤਾ ਨੂੰ 5 ਬਿਲੀਅਨ ਦੀ ਆਰਥਕਤਾ ਬਣਾਉਣ ਦੀ ਗੱਲ ਕਰਨ ਵੇਲੇ ਵੀ ਇਹੀ ਗ਼ਲਤੀ ਕਰ ਰਹੇ ਹਨ। ਨਿਤਿਨ ਗਡਕਰੀ ਨੇ ਹਾਈਵੇ ਬਣਾਉਣ ਸਮੇਂ ਵਾਤਾਵਰਣ ਨੂੰ ਧਿਆਨ ਵਿਚ ਨਾ ਰੱਖਣ ਤੇ ਇਕ ਟਿਪਣੀ ਕੀਤੀ ਸੀ ਕਿ ‘ਇਹ ਗ਼ਲਤ ਹੈ ਕਿ ਗ਼ਰੀਬ ਦੇਸ਼ਾਂ ਨੂੰ ਧਰਤੀ ਨੂੰ ਬਚਾਉਣ ਬਾਰੇ ਸੋਚਣਾ ਪੈ ਰਿਹਾ ਹੈ ਜਦ ਕਿ ਅਮੀਰ ਦੇਸ਼ ਕੁਦਰਤ ਨੂੰ ਉੁਜਾੜਦੇ ਆ ਰਹੇ ਹਨ।’ ਗੱਲ ਤਾਂ ਸਹੀ ਹੈ ਪਰ ਅਸੀ ਗ਼ਰੀਬ ਹੋਣ ਦੇ ਨਾਲ-ਨਾਲ ਅਬਾਦੀ ਵਿਚ ਅਮੀਰ ਵੀ ਹਾਂ। ਸੱਭ ਤੋਂ ਘੱਟ ਜ਼ਮੀਨ ਉਤੇ ਸੱਭ ਤੋਂ ਵੱਧ ਲੋਕਾਂ ਦੇ ਰਹਿਣ ਦੀ ਔਕੜ ਸਾਨੂੰ ਪੇਸ਼ ਆ ਰਹੀ ਹੈ, ਜੋ ਇਸ ਵਾਤਾਵਰਣ ਦੇ ਖ਼ਤਰੇ ਨੂੰ ਸਾਡੇ ਵਾਸਤੇ ਬਾਕੀ ਦੁਨੀਆਂ ਨਾਲੋਂ ਦੁਗਣਾ ਕਰਦੀ ਹੈ। ਅਮੀਰ ਹੋਣ ਦੀ ਕਾਹਲ ਵਿਚ ਭਾਰਤ ਨੇ 2014-2020 ਵਿਚ 270 ਅਜਿਹੇ ਉਦਯੋਗਿਕ ਪ੍ਰੋਜੈਕਟ ਪਾਸ ਕੀਤੇ ਜੋ ਕਿ ਵਾਤਾਵਰਣ ਵਾਸਤੇ ਖ਼ਤਰਾ ਬਣ ਸਕਦੇ ਹਨ। ਅਸੀ ਉਤਰਾਖੰਡ ਵਿਚ ਵਾਤਾਵਰਣ ਨਾਲ ਖਿਲਵਾੜ ਦਾ ਅਸਰ ਵੇਖ ਰਹੇ ਹਾਂ। ਗੁੜਗਾਉਂ ਵਿਚ ਅਰਾਵਲੀ ਨੂੰ ਸਰਕਾਰ ਦੀ ‘ਵਿਕਾਸ ਨੀਤੀ’ ਤੋਂ ਬਚਾਉਣ ਵਾਸਤੇ ਲੋਕ ਸੜਕਾਂ ਤੇ ਉਤਰ ਆਏ ਤੇ ਸੁਪ੍ਰੀਮ ਕੋਰਟ ਦੀ ਮਦਦ ਨਾਲ ਉਸ ਕਮਜ਼ੋਰ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਰੇ ਜੰਗਲ ਨੂੰ ਵੀ ਸਰਕਾਰ ਵਿਕਾਸ ਦੇ ਨਾਂ ਤੇ ਕੁਰਬਾਨ ਕਰਨ ਵਿਚ ਲੱਗੀ ਹੋਈ ਸੀ ਪਰ ਉਹ ਜੰਗਲ ਦੀ ਕਿਸਮਤ ਸੀ ਕਿ ਸ਼ਿਵ ਸੈਨਾ ਵਿਚ ਆ ਗਈ ਤੇ ਨੀਤੀ ਬਦਲ ਗਈ। ਅੱਜ ਮੁੰਬਈ ਵਿਚ ਜੋ ਹਾਲਾਤ ਹਨ, ਉਹ ਵਿਕਾਸ ਦੀ ਨਹੀਂ ਬਲਕਿ ਲਾਹਪ੍ਰਵਾਹੀ ਦੀ ਤਸਵੀਰ ਪੇਸ਼ ਕਰਦੇ ਹਨ। ਗੋਆ ਵਿਚ ਕੋਲਾ ਮਾਈਨਿੰਗ ਕਾਰਨ ਵਾਸਕੋ ਦਾ ਸ਼ਹਿਰ ਅੱਜ ਬਿਮਾਰੀਆਂ ਦਾ ਘਰ ਬਣ ਚੁੱਕਾ ਹੈ ਪਰ ਸਰਕਾਰ ਵਿਕਾਸ ਦੇ ਨਾਂ ਤੇ ਹਜ਼ਾਰਾਂ ਪੇੜ ਪੌਦੇ ਕੱਟ ਕੇ ਮਾਈਨਿੰਗ ਤੇ ਉਦਯੋਗ ਦਾ ਖੇਤਰ ਵੱਡਾ ਕਰਨ ਦਾ ਕੰਮ ਕਰ ਰਹੀ ਹੈ ਜਿਸ ਨਾਲ ਗੋਆ ਦਾ ਵਾਤਾਵਰਣ ਵੱਡੇ ਖ਼ਤਰੇ ਵਿਚ ਪੈ ਜਾਵੇਗਾ। ਸਮੁੰਦਰੀ ਤਟ ਹੋਣ ਕਾਰਨ ਨਾਸਾ ਮੁਤਾਬਕ ਇਸ ਸੂਬੇ ਵਾਸਤੇ ਹੋਰ ਬੜੇ ਸੰਕਟ ਨਜ਼ਰ ਆ ਰਹੇ ਹਨ।  ਅੱਜ ਭਾਰਤ ਨੂੰ ਅਪਣੇ ਆਪ ਨੂੰ ਬਚਾਉਣ ਵਾਸਤੇ ਇਕ ਨੀਤੀ ਦੀ ਲੋੜ ਹੈ। ਭਾਰਤ ਅਪਣੇ ਆਪ ਨੂੰ ਉਦਯੋਗ ਦੇ ਸਹਾਰੇ ਉਸ ਦੌੜ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਜਿਸ ਨੂੰ ਉਹ ਜਿੱਤ ਨਹੀਂ ਸਕਦਾ। ਇਸ ਨਾਲ ਭਾਰਤ ਅਪਣੀ ਵਿਸ਼ਾਲ ਆਬਾਦੀ ਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦਾ ਹੈ। ਇਸ ਦੌੜ ਵਿਚ ਅੱਜ ਅਸੀ ਕੁੱਝ ਮੁੱਠੀ ਭਰ ਘਰਾਣਿਆਂ ਦੇ ਖ਼ਜ਼ਾਨਿਆਂ ਵਿਚ ਹੀ ਦੌਲਤ ਆਉਂਦੀ ਵੇਖ ਸਕਦੇ ਹਾਂ ਪਰ ਆਮ ਭਾਰਤੀ, ਭਾਰਤ ਦੇ ਕੁਦਰਤੀ ਜ਼ਖ਼ੀਰਿਆਂ ਵਾਂਗ ਲੁਟਿਆ ਗਿਆ ਹੈ। ਆਮ ਨਾਗਰਿਕ ਅੱਜ ਬਰਬਾਦ ਹੋ ਚੁੱਕਾ ਹੈ ਤੇ ਚੁੱਪੀ ਵਿਚ ਰਹਿ ਕੇ ਮਰ ਰਿਹਾ ਹੈ। ਵਾਤਾਵਰਣ ਦੀ ਚੇਤਾਵਨੀ ਨੂੰ ਸਮਝਣ ਦੀ ਲੋੜ ਹੈ ਤੇ ਦੁਨੀਆਂ ਨੂੰ ਭਾਰਤ ਦੀ ਵਿਲੱਖਣਤਾ ਵਿਖਾਉਣ ਦਾ ਮੌਕਾ ਵੀ। -ਨਿਮਰਤ ਕੌਰ

Comment here