ਸਿਆਸਤਵਿਸ਼ੇਸ਼ ਲੇਖ

ਆਤਿਸ਼ਬਾਜ਼ੀ ਤੇ ਪਾਬੰਦੀ ਕਾਰਨ ਲੋਕਾਂ ਨੂੰ ਬੇਰੁਜ਼ਗਾਰ ਕਰਨਾ ਕਿੰਨਾ ਕੁ ਜਾਇਜ਼?

-ਪਿਊਸ਼ ਸਿੰਘ
ਵੱਡੇ ਪੱਧਰ ’ਤੇ ਜੋ ਇਹ ਪ੍ਰਚਾਰ ਕੀਤਾ ਗਿਆ ਕਿ ਦੀਵਾਲੀ ਦੌਰਾਨ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੇ ਇਸਤੇਮਾਲ ਕਾਰਨ ਪ੍ਰਦੂਸ਼ਣ ਹੁੰਦਾ ਹੈ, ਉਸ ਦਾ ਹੀ ਨਤੀਜਾ ਹੈ ਉਨ੍ਹਾਂ ’ਤੇ ਪਾਬੰਦੀ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਅਗਲੀ ਇਕ ਜਨਵਰੀ ਤਕ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਸੁਪਰੀਮ ਕੋਰਟ ਦਾ ਇਹ ਆਦੇਸ਼ ਹੈ ਕਿ ਸਿਰਫ਼ ‘ਗਰੀਨ ਕਰੈਕਰਜ਼’ ਦਾ ਹੀ ਉਤਪਾਦਨ ਤੇ ਵਿਕਰੀ ਹੋਣੀ ਚਾਹੀਦੀ ਹੈ, ਆਪਣੀ ਜਗ੍ਹਾ ਬਿਲਕੁਲ ਸਹੀ ਹੈ। ਪ੍ਰਦੂਸ਼ਣ ਰੋਕਣ ਲਈ ਜੋ ਕਦਮ ਜ਼ਰੂਰੀ ਹੋਣ, ਚੁੱਕੇ ਜਾਣੇ ਚਾਹੀਦੇ ਹਨ ਪਰ ਇਕ ਬਹੁਤ ਸਾਦਾ ਅਤੇ ਸਰਲ ਪ੍ਰਸ਼ਨ ਹੈ ਕਿ ਜੇ ਕੋਈ ਮੋਟਾ ਵਿਅਕਤੀ ਪਤਲਾ ਹੋਣਾ ਚਾਹੁੰਦਾ ਹੈ ਤਾਂ ਕੀ ਸਾਲ ਵਿਚ ਇਕ ਦਿਨ ਵਰਤ ਰੱਖਣ ਨਾਲ ਪਤਲਾ ਹੋ ਜਾਵੇਗਾ ਜਾਂ ਉਸ ਨੂੰ ਸਾਰਾ ਸਾਲ ਆਪਣੇ ਖਾਣ-ਪੀਣ ’ਤੇ ਕਾਬੂ ਰੱਖਣਾ ਪਵੇਗਾ?
ਟੀਕਾਕਰਨ ’ਤੇ ਜ਼ੋਰ
ਸਭ ਤੋਂ ਪਹਿਲਾਂ ਤਾਂ ਸਾਨੂੰ ਰਾਸ਼ਟਰ-ਵਿਆਪੀ ਮੁਹਿੰਮ ਚਲਾ ਕੇ ਲੋਕਾਂ ਨੂੰ ਪ੍ਰਦੂਸ਼ਣ ਬਾਰੇ ਜਾਗਰੂਕ ਕਰਨਾ ਪਵੇਗਾ। ਫਿਰ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਮਿੱਥਣਾ ਪਵੇਗਾ। ਜੇ ਪਟਾਕਿਆਂ ’ਤੇ ਰਾਤੋ-ਰਾਤ ਪਾਬੰਦੀ ਲਾ ਦਿੱਤੀ ਜਾਵੇ ਤਾਂ ਕਰੋੜਾਂ ਰੁਪਇਆਂ ਦੀ ਭੰਡਾਰ ਕੀਤੀ ਗਈ ਆਤਿਸ਼ਬਾਜ਼ੀ ਦਾ ਕੀ ਕਰੋਗੇ? ਇਸ ਤੋਂ ਇਲਾਵਾ ਆਤਿਸ਼ਬਾਜ਼ੀ ਸਨਅਤ ਵਿਚ ਲੱਗੇ ਲੋਕਾਂ ਨੂੰ ਅਚਾਨਕ ਬੇਰੁਜ਼ਗਾਰ ਵੀ ਨਹੀਂ ਕੀਤਾ ਜਾ ਸਕਦਾ। ਭਾਵੇਂ ਪਟਾਕਿਆਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਚੁੱਕੀਆਂ ਹਨ ਪਰ ਇਸ ਦਾ ਮਾੜਾ ਅਸਰ ਅਰਥਚਾਰੇ ’ਤੇ ਪੈ ਰਿਹਾ ਹੈ। ਛੋਟੇ ਵਪਾਰੀਆਂ ਤੇ ਗਲੀ-ਕੂਚੇ ਦੇ ਦੁਕਾਨਦਾਰਾਂ ਨੂੰ ਵੀ ਪਟਾਕੇ ਨਾ ਵੇਚਣ ਕਾਰਨ ਕਾਫ਼ੀ ਨੁਕਸਾਨ ਸਹਾਰਨਾ ਪੈ ਰਿਹਾ ਹੈ। ਸਮਝਣ ਦੀ ਗੱਲ ਹੈ, ਜੇਕਰ ਅਸੀਂ ਕਿਸੇ ਸਮੱਸਿਆ ਦਾ ਦੂਰਗਾਮੀ ਅਤੇ ਸਥਾਈ ਹੱਲ ਲੱਭਣਾ ਹੈ ਤਾਂ ਸਾਨੂੰ ਉਸ ’ਤੇ ਹਰ ਸੰਭਵ ਤਰੀਕੇ ਨਾਲ ਨਿਰੰਤਰ ਵਾਰ ਕਰਨਾ ਹੋਵੇਗਾ। ਇਹ ਜਾਣ ਲੈਣਾ ਸਹੀ ਹੋਵੇਗਾ ਕਿ ਹੋਰ ਦੇਸ਼ਾਂ ਵਿਚ ਕੀ ਚਲਨ ਹੈ? ਅਸਲੀਅਤ ਇਹ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਨਵੇਂ ਸਾਲ ਦੇ ਆਗਮਨ ’ਤੇ, ਆਜ਼ਾਦੀ ਦਿਵਸ ’ਤੇ ਅਤੇ ਹੋਰ ਮਹੱਤਵਪੂਰਨ ਮੌਕਿਆਂ ’ਤੇ ਆਤਿਸ਼ਬਾਜ਼ੀ ਅਤੇ ਪਟਾਕੇ ਵੱਡੇ ਪੈਮਾਨੇ ’ਤੇ ਚਲਾਏ ਜਾਂਦੇ ਹਨ।
ਹਾਰ ’ਚੋਂ ਨਿਕਲਦੀ ਜਿੱਤ
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਨਵੇਂ ਸਾਲ 2020 ਦੇ ਮੌਕੇ ’ਤੇ 58 ਲੱਖ ਡਾਲਰ ਆਤਿਸ਼ਬਾਜ਼ੀ ਅਤੇ ਪਟਾਕਿਆਂ ’ਤੇ ਖ਼ਰਚ ਕੀਤੇ ਗਏ ਜਿਸ ਵਿਚ ਲਗਪਗ 8,000 ਕਿੱਲੋ ਦੀ ਆਤਿਸ਼ਬਾਜ਼ੀ ਛੱਡੀ ਗਈ। ਅਮਰੀਕਾ ਦੇ ਡਿਜ਼ਨੀ ਮਨੋਰੰਜਨ ਸਥਾਨਾਂ ਵਿਚ ਹਰ ਸਾਲ ਲਗਪਗ ਪੰਜ ਕਰੋੜ ਡਾਲਰ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਅਤੇ ਲਗਪਗ 40,000 ਕਿੱਲੋ ਪਟਾਕੇ ਚਲਾਏ ਜਾਂਦੇ ਹਨ।
ਸੁਤੰਤਰਤਾ ਦਿਵਸ ਦੇ ਮੌਕੇ ’ਤੇ ਅਮਰੀਕਾ ਵਿਚ ਲਗਪਗ 100 ਕਰੋੜ ਡਾਲਰ ਆਤਿਸ਼ਬਾਜ਼ੀ ’ਤੇ ਖ਼ਰਚ ਕੀਤੇ ਜਾਂਦੇ ਹਨ ਅਤੇ ਲਗਪਗ 12 ਕਰੋੜ ਕਿੱਲੋਗ੍ਰਾਮ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੱਛਮੀ ਮੁਲਕਾਂ ਵਿਚ ਖ਼ੁਸ਼ੀ ਦੇ ਮੌਕੇ ’ਤੇ ਆਤਿਸ਼ਬਾਜ਼ੀ ਅਤੇ ਪਟਾਕੇ ਦਿਲ ਖੋਲ੍ਹ ਕੇ ਚਲਾਏ ਜਾਂਦੇ ਹਨ ਪਰ ਉੱਥੋਂ ਦੀ ਸਰਕਾਰ ਅਤੇ ਜਨਤਾ ਵਾਤਾਵਰਨ ਦਾ ਪੂਰੇ ਸਾਲ ਖ਼ਿਆਲ ਰੱਖਦੇ ਹਨ। ਸੜਕਾਂ ਸਾਫ਼ ਹੁੰਦੀਆਂ ਹਨ, ਨਦੀਆਂ ਦਾ ਪਾਣੀ ਨਿਰਮਲ ਦਿਸਦਾ ਹੈ, ਤੁਸੀਂ ਇੱਧਰ-ਉੱਧਰ ਕਚਰਾ ਨਹੀਂ ਸੁੱਟ ਸਕਦੇ ਅਤੇ ਜੰਗਲ ਵੀ ਹਰੇ-ਭਰੇ ਹਨ। ਆਪਣੇ ਦੇਸ਼ ਵਿਚ ਕੀ ਹੁੰਦਾ ਹੈ, ਇਹ ਵੀ ਜਾਣ ਲਓ। ਸਾਡੀ ਸਭ ਤੋਂ ਪਵਿੱਤਰ ਨਦੀ ਗੰਗਾ ਦੀ ਹੋਂਦ ’ਤੇ ਖ਼ਤਰਾ ਮੰਡਰਾ ਰਿਹਾ ਹੈ। ਗੰਗਾ ਦੇ ਕਿਨਾਰੇ ਹਰ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ ਮਸਲਨ ਕੱਪੜਾ, ਦਵਾਈ ਬਣਾਉਣ, ਸੀਮੈਂਟ ਉਤਪਾਦਨ, ਰਸਾਇਣਕ ਪਦਾਰਥਾਂ, ਬਿਜਲੀ ਦਾ ਸਾਜ਼ੋ-ਸਾਮਾਨ ਬਣਾਉਣ, ਸ਼ੀਸ਼ਾ, ਕਾਗ਼ਜ਼, ਚਮੜਾ ਅਤੇ ਪੈਟਰੋਲੀਅਮ ਆਦਿ ਦੀਆਂ। ਇਕ ਮੁਲਾਂਕਣ ਅਨੁਸਾਰ ਇਨ੍ਹਾਂ ਫੈਕਟਰੀਆਂ ਤੋਂ ਲਗਪਗ 300 ਕਰੋੜ ਲੀਟਰ ਗੰਦਗੀ ਰੋਜ਼ ਗੰਗਾ ਵਿਚ ਡਿੱਗਦੀ ਹੈ। ਨਤੀਜਾ ਇਹ ਹੈ ਕਿ ਗੰਗਾ ਦਾ ਪਾਣੀ ਅਸ਼ੁੱਧ ਹੁੰਦਾ ਜਾ ਰਿਹਾ ਹੈ। ਸਰਕਾਰ ‘ਗੰਗਾ ਐਕਸ਼ਨ ਪਲਾਨ’ ਦੁਆਰਾ ਨਦੀ ਨੂੰ ਗੰਦਗੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜਿਹਾ ਲੱਗਦਾ ਹੈ ਕਿ ਗੰਦਗੀ ਦਾ ਮਹਿਸ਼ਾਸੁਰ ਜਿੱਤ ਰਿਹਾ ਹੈ।
ਇਕ ਹੋਰ ਮਿਸਾਲ ਦੇਣੀ ਪ੍ਰਸੰਗਿਕ ਹੋਵੇਗੀ। ਹਰ ਪੜ੍ਹੇ-ਲਿਖੇ ਭਾਰਤੀ ਕੋਲ ਅੱਜਕੱਲ੍ਹ ਸਮਾਰਟਫੋਨ ਹੈ ਅਤੇ ਇਕ ਔਸਤ ਭਾਰਤੀ ਵ੍ਹਟਸਐਪ ਦਾ ਦੀਵਾਨਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਇਸ ਸਮੇਂ 53 ਕਰੋੜ ਲੋਕ ਵ੍ਹਟਸਐਪ ਦਾ ਇਸਤੇਮਾਲ ਕਰ ਰਹੇ ਹਨ। ਇਕ ਛੋਟਾ ਜਿਹਾ ਸੰਦੇਸ਼ ਲਗਪਗ ਚਾਰ ਗ੍ਰਾਮ ਦਾ ਕਾਰਬਨ ਫੁੱਟਪ੍ਰਿੰਟ ਦਿੰਦਾ ਹੈ, ਜੇਕਰ ਤੁਸੀਂ ਉਸ ਦੇ ਨਾਲ ਕੁਝ ਨੱਥੀ ਦਸਤਾਵੇਜ਼ ਵੀ ਭੇਜਦੇ ਹਨ ਤਾਂ ਇਹ ਅੰਕੜਾ ਵਧ ਕੇ 50 ਗ੍ਰਾਮ ਕਾਰਬਨ ਦਾ ਹੋ ਜਾਂਦਾ ਹੈ।
ਉਦਾਹਰਨ ਦੇ ਲਈ ਮੰਨ ਲਓ ਕਿ ਇਕ ਸੰਦੇਸ਼ ਤੋਂ ਕੇਵਲ 20 ਗ੍ਰਾਮ ਕਾਰਬਨ ਦਾ ਫੁੱਟਪ੍ਰਿੰਟ ਹੋਵੇਗਾ। ਅਸੀਂ ਭਾਰਤੀ ਲਗਪਗ 400 ਕਰੋੜ ਸੰਦੇਸ਼ ਰੋਜ਼ ਭੇਜ ਰਹੇ ਹਨ। ਇਨ੍ਹਾਂ ਦਾ ਕੁੱਲ ਕਾਰਬਨ ਫੁੱਟਪ੍ਰਿੰਟ ਲਗਪਗ 10 ਕਰੋੜ ਕਿੱਲੋਗ੍ਰਾਮ ਹੋਵੇਗਾ। ਇਕ ਕਾਰ ਜਦ 5.2 ਕਿਲੋਮੀਟਰ ਚੱਲਦੀ ਹੈ ਤਾਂ ਉਸ ਨਾਲ ਲਗਪਗ ਇਕ ਕਿੱਲੋਗ੍ਰਾਮ ਕਾਰਬਨ ਵਾਯੂਮੰਡਲ ਵਿਚ ਆ ਜਾਂਦਾ ਹੈ। ਇਹ ਮੰਨਦੇ ਹੋਏ ਕਿ ਇਕ ਔਸਤ ਭਾਰਤੀ ਮੋਟਰ-ਗੱਡੀ ਸਾਲ ਵਿਚ ਲਗਪਗ 12000 ਕਿਲੋਮੀਟਰ ਚੱਲਦੀ ਹੋਵੇਗੀ, ਅਸੀਂ ਹਰ ਸਾਲ ਵ੍ਹਟਸਐਪ ਸੰਦੇਸ਼ ਦੁਆਰਾ ਇੰਨਾ ਕਾਰਬਨ ਫੁੱਟਪ੍ਰਿੰਟ ਪੈਦਾ ਕਰਦੇ ਹਾਂ ਜਿੰਨਾ ਸਾਲ ਭਰ ਵਿਚ ਕਰੀਬ 40,000 ਗੱਡੀਆਂ ਚੱਲਣ ਨਾਲ ਹੋਵੇਗਾ। ਜੇਕਰ ਅਸੀਂ ਇਸ ਵਿਚ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਦੇ ਸੰਦੇਸ਼ ਵੀ ਜੋੜ ਦੇਈਏ ਤਾਂ ਤਸਵੀਰ ਹੋਰ ਭਿਆਨਕ ਹੋ ਜਾਵੇਗੀ।
ਭਾਰਤ ਵਿਚ 41 ਕਰੋੜ ਲੋਕ ਫੇਸਬੁੱਕ ’ਤੇ ਹਨ, 1.75 ਕਰੋੜ ਟਵਿੱਟਰ ’ਤੇ ਅਤੇ 21 ਕਰੋੜ ਇੰਸਟਾਗ੍ਰਾਮ ’ਤੇ ਹਨ। ਇਸ ਨਾਲ ਤੁਸੀਂ ਸਹਿਜੇ ਹੀ ਅਨੁਮਾਨ ਲਾ ਸਕਦੇ ਹੋ। ਅਜਿਹੇ ਤਮਾਮ ਪ੍ਰਸ਼ਨ ਚੁੱਕੇ ਜਾ ਸਕਦੇ ਹਨ। ਅੱਜਕੱਲ੍ਹ ਬਹੁਤ ਸਾਰੇ ਸਕੂਲ ਅਤੇ ਕਾਲਜ ਪੂਰੀ ਤਰ੍ਹਾਂ ਨਾਲ ਏਸੀ ਹਨ। ਇਨ੍ਹਾਂ ਵਿਚ ਪੜ੍ਹਨ ਵਾਲੇ ਬੱਚੇ ਦੇਸ਼ ਦੇ ਪਿੰਡ ਵਿਚ ਤਾਂ ਕਦੇ ਕੋਈ ਕੰਮ ਨਹੀਂ ਕਰਨਗੇ। ਘਰ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਨੂੰ ਗਰਮੀ ਜਾਂ ਸਰਦੀ ਸਤਾਉਣ ਲੱਗੇਗੀ। ਇਨ੍ਹਾਂ ਸਕੂਲਾਂ ਅਤੇ ਕਾਲਜਾਂ ਦੁਆਰਾ ਕਿੰਨਾ ਪ੍ਰਦੂਸ਼ਣ ਹੋ ਰਿਹਾ ਹੈ, ਇਸ ਦਾ ਕਿਸੇ ਨੇ ਹਿਸਾਬ ਲਗਾਇਆ ਹੈ? ਅਮੀਰ ਲੋਕਾਂ ਦੇ ਬੱਚੇ ਸਕੂਲ ਬੱਸ ਰਾਹੀਂ ਨਹੀਂ ਸਗੋਂ ਆਪਣੀ ਕਾਰ ਨਾਲ ਜਾਂਦੇ ਹਨ। ਜੇਕਰ ਉਹ ਬੱਸ ਰਾਹੀਂ ਜਾਣ ਤਾਂ ਪ੍ਰਦੂਸ਼ਣ ਵਿਚ ਕਿੰਨੀ ਕਮੀ ਹੋਵੇਗੀ, ਇਸ ਦੀ ਕਲਪਨਾ ਕਰੋ। ਏਅਰ ਕੰਡੀਸ਼ਨਰ ਧੜਾਧੜ ਘਰਾਂ ਵਿਚ ਅਤੇ ਦਫ਼ਤਰਾਂ ਵਿਚ ਦਿਨ-ਰਾਤ ਚੱਲਦੇ ਹਨ, ਇਸ ਦਾ ਵਾਤਾਵਰਨ ’ਤੇ ਕੀ ਅਸਰ ਪੈਂਦਾ ਹੈ, ਕਦੇ ਕਿਸੇ ਨੇ ਨਹੀਂ ਸੋਚਿਆ ਹੈ? ਸਾਡੇ ਮੁਲਕ ਵਿਚ ਪਰਾਲੀ ਸਾੜਨ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ ਪਰ ਸਰਕਾਰਾਂ ਇਸ ਮਸਲੇ ਦਾ ਪੱਕਾ ਹੱਲ ਕੱਢਣ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ। ਇਹ ਸੱਚਾਈ ਹੈ ਕਿ ਹਰ ਤਰ੍ਹਾਂ ਦਾ ਪ੍ਰਦੂਸ਼ਣ ਨੁਕਸਾਨਦਾਇਕ ਹੈ ਪਰ ਯਤਨ ਉਸ ਦਾ ਪੱਕਾ ਇਲਾਜ ਕਰਨ ਦੇ ਹੋਣੇ ਚਾਹੀਦੇ ਹਨ, ਨਾ ਕਿ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਵੇ।
ਨਿਯਮਾਂ-ਕਾਇਦਿਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਪੱਖਪਾਤ ਦੇ ਲਾਗੂ ਕਰਨ ’ਤੇ ਹੀ ਉਨ੍ਹਾਂ ਦੇ ਸਰਬੋਤਮ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਸੰਖੇਪ ਵਿਚ ਕਹੀਏ ਤਾਂ ਸਾਨੂੰ ਅਸ਼ਰਫੀ ’ਤੇ ਲੁੱਟ ਅਤੇ ਕੋਲੇ ’ਤੇ ਮੋਹਰ ਵਾਲੇ ਸਿਧਾਂਤ ’ਤੇ ਚੱਲ ਰਹੇ ਹਾਂ। ਅਰਥਾਤ ਜਿੱਥੇ ਪੌਣ-ਪਾਣੀ ਦੇ ਪ੍ਰਾਣ ਹਰੇ ਜਾ ਰਹੇ ਹਨ, ਉੱਥੇ ਕੋਈ ਆਵਾਜ਼ ਨਹੀਂ ਉੱਠਦੀ ਪਰ ਦੀਵਾਲੀ ਵਿਚ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਵਿਰੁੱਧ ਮੁਹਿੰਮ ਚਲਾ ਕੇ ਅਸੀਂ ਸਮਝਦੇ ਹਾਂ ਕਿ ਅਸੀਂ ਪੌਣ-ਪਾਣੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਕੁਝ ਲੋਕ ਕਹਿੰਦੇ ਹਨ ਕਿ ਸਾਡੀਆਂ ਧਾਰਮਿਕ ਭਾਵਨਾਵਾਂ ’ਤੇ ਸੱਟ ਮਾਰਨ ਦੀ ਇਕ ਸਾਜ਼ਿਸ਼ ਚੱਲ ਰਹੀ ਹੈ।
ਪਤਾ ਨਹੀ, ਇਹ ਗੱਲ ਸਹੀ ਹੈ ਜਾਂ ਇਕ ਭਰਮਾਊ ਪ੍ਰਚਾਰ ਹੈ ਪਰ ਸਾਨੂੰ ਆਪਣੇ ਜੀਵਨ ਵਿਚ ਸੰਤੁਲਨ ਲਿਆਉਣ ਦੀ ਜ਼ਰੂਰਤ ਹੈ। ਅਸੀਂ ਪੌਣ-ਪਾਣੀ ਨੂੰ ਬਚਾਉਣਾ ਹੈ। ਇਸ ਦੇ ਲਈ ਜਿੱਥੇ ਚੌਗਿਰਦੇ ’ਤੇ ਵਾਰ ਹੋ ਰਿਹਾ ਹੈ, ਉੱਥੇ ਉਸ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ। ਜਿੱਥੇ ਤਕ ਪਟਾਕਿਆਂ ਦਾ ਸਵਾਲ ਹੈ, ਉਹ ਅਜਿਹੇ ਬਣਾਏ ਜਾਣ ਜਿਨ੍ਹਾਂ ਨਾਲ ਪ੍ਰਦੂਸ਼ਣ ਨਾ ਹੋਵੇ ਅਤੇ ਜੇਕਰ ਹੋਵੇ ਤਾਂ ਘੱਟ ਤੋਂ ਘੱਟ। ਉਨ੍ਹਾਂ ਨੂੰ ਚਲਾਉਣ ਦਾ ਦਿਨ, ਸਮਾਂ ਅਤੇ ਸਥਾਨ ਵੀ ਨਿਰਧਾਰਤ ਕੀਤੇ ਜਾ ਸਕਦੇ ਹਨ। ਫ਼ਿਲਹਾਲ ਸਾਡੇ ਜੀਵਨ ਵਿਚ ਖ਼ੁਸ਼ੀਆਂ ਦੇ ਜੋ ਥੋੜ੍ਹੇ ਮੌਕੇ ਹਨ ਅਤੇ ਅਜਿਹੇ ਮੌਕੇ ਜੋ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਹਨ, ਉਨ੍ਹਾਂ ’ਤੇ ਵਾਰ ਕਰਨ ਦਾ ਕੀ ਫ਼ਾਇਦਾ ਹੈ? ਇਸ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।
-(ਲੇਖਕ ਅਮਰੀਕਾ ਸਥਿਤ ਟੇਰੀਨ ਲੈਬ ਦਾ ਚੀਫ ਐਗਜ਼ੀਕਿਊਟਿਵ ਆਫੀਸਰ ਹੈ)।

Comment here