ਨਵੀਂ ਦਿੱਲੀ-ਰਾਸ਼ਟਰੀ ਜਾਂਚ ਏਜੰਸੀ ਵਲੋਂ ਅੱਤਵਾਦ, ਨਸ਼ਿਆਂ ਤੇ ਗੈਂਗਸਟਰ ਨੂੰ ਲੈ ਕੇ ਛਾਪੇਮਾਰੀ ਜਾਰੀ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਪਰਾਧਿਕ ਗਿਰੋਹਾਂ, ਅੱਤਵਾਦੀ ਸਮੂਹਾਂ ਅਤੇ ਨਸ਼ਾ ਤਸਕਰੀ ਮਾਫੀਆ ਵਿਚਕਾਰ ਗਠਜੋੜ ਦੇ ਮਾਮਲਿਆਂ ‘ਚ ਇਕ ਅੱਤਵਾਦੀ ਦੇ ਕਰੀਬੀ ਸਹਿਯੋਗੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ‘ਚ ਕੈਨੇਡਾ ਸਥਿਤ ‘ਭਗੌੜਾ ਅੱਤਵਾਦੀ’ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਕਰੀਬੀ ਸਾਥੀ ਲੱਕੀ ਖੋਖਰ ਉਰਫ਼ ਡੈਨਿਸ ਵੀ ਸ਼ਾਮਲ ਹੈ।
ਦੱਸ ਦੇਈਏ ਕਿ ਐਨ.ਆਈ.ਏ.ਵੱਲੋਂ ਗਠਜੋੜ ਦਾ ਪਰਦਾਫਾਸ਼ ਕਰਨ ਲਈ ਮੰਗਲਵਾਰ ਨੂੰ 8 ਸੂਬਿਆਂ ‘ਚ 76 ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ। ਐਨ.ਆਈ.ਏ. ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ-ਐੱਨ. ਸੀ. ਆਰ. (ਰਾਸ਼ਟਰੀ ਰਾਜਧਾਨੀ ਖੇਤਰ), ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਛਾਪੇਮਾਰੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਸਾਥੀ ਵੀ ਸ਼ਾਮਲ ਹਨ। ਡੱਲਾ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸਮੇਤ ਕਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਲਈ ਭਾਰਤ ‘ਚ ਕੌਮਾਂਤਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕ ਅਤੇ ਆਈ.ਈ.ਡੀ. ਦੀ ਤਸਕਰੀ ਕਰਨ ਵਿਚ ਸ਼ਾਮਲ ਸੀ।
ਏਜੰਸੀ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਖੋਖਰ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਖੋਖਰ ਅਰਸ਼ ਡੱਲਾ ਦੇ ਲਗਾਤਾਰ ਸੰਪਰਕ ‘ਚ ਸੀ। ਇਸ ਤੋਂ ਇਲਾਵਾ ਉਹ ਅੱਤਵਾਦੀ ਸਬੰਧੀ ਗਤੀਵਿਧੀਆਂ ਲਈ ਫੰਡ ਵੀ ਇਕੱਠਾ ਕਰਦਾ ਸੀ। ਐਨ.ਆਈ.ਏ.ਨੇ ਕਿਹਾ ਕਿ ਉਸ ਨੇ ਪੰਜਾਬ ‘ਚ ਅਰਸ਼ ਡੱਲਾ ਦੇ ਸਾਥੀਆਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਵੀ ਮੁਹੱਈਆ ਕਰਵਾਇਆ ਸੀ, ਜੋ ਕਿ ਕੈਨੇਡਾ ਸਥਿਤ ਅੱਤਵਾਦੀ ਦੇ ਨਿਰਦੇਸ਼ਾਂ ‘ਤੇ ਜਗਰਾਓਂ ‘ਚ ਹਾਲ ਹੀ ‘ਚ ਹੋਏ ਕਤਲ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।
ਅੱਤਵਾਦੀ ਡੱਲਾ ਦਾ ਸਾਥੀ ਲੱਕੀ ਖੋਖਰ ਛੇ ਹੋਰ ਲੋਕਾਂ ਸਮੇਤ ਗ੍ਰਿਫ਼ਤਾਰ


Comment here