ਸਿਆਸਤਖਬਰਾਂਚਲੰਤ ਮਾਮਲੇ

ਸੋਨੀਆ ਗਾਂਧੀ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ!

ਰਾਏਪੁਰ-ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਵਿਸ਼ੇਸ਼ ਖ਼ਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਰਾਏਪੁਰ ‘ਚ ਕਾਂਗਰਸ ਦੇ 85ਵੇ ਸੰਮੇਲਨ ‘ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸਿਆਸਤ ਤੋਂ ਸੰਨਿਆਸ ਲੈਣ ਵੱਲ ਇਸ਼ਾਰਾ ਕੀਤਾ ਹੈ। ਆਪਣੀ ਸਿਆਸੀ ਪਾਰੀ ਦੇ ਅੰਤ ਦਾ ਸੰਕੇਤ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਖਤਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਪਿਛਲੇ 25 ਸਾਲਾਂ ‘ਤੇ ਨਜ਼ਰ ਮਾਰੀਏ ਤਾਂ 2004 ਅਤੇ 2009 ਦੀਆਂ ਚੋਣਾਂ ਵਿਚ ਡਾ. ਮਨਮੋਹਨ ਸਿੰਘ ਜੀ ਦੀ ਯੋਗ ਅਗਵਾਈ ਨਾਲ ਸਾਡੀਆਂ ਜਿੱਤਾਂ ਨੇ ਮੈਨੂੰ ਨਿੱਜੀ ਤੌਰ ‘ਤੇ ਸੰਤੁਸ਼ਟੀ ਦਿੱਤੀ।
ਮੋਦੀ ਸਰਕਾਰਤੇ ਕੀਤਾ ਹਮਲਾ
ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੇ ਸਾਰੀਆਂ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਨਫ਼ਰਤ ਦੀ ਅੱਗ ਭੜਕਾਈ ਜਾ ਰਹੀ ਹੈ। ਇਹ ਦੇਸ਼ ਲਈ ਖਾਸ ਤੌਰ ‘ਤੇ ਚੁਣੌਤੀਪੂਰਨ ਸਮਾਂ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਲਗਾਤਾਰ ਹਰ ਇਕ ਸੰਸਥਾ ‘ਤੇ ਕਬਜ਼ਾ ਕੀਤਾ ਹੈ। ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ, ਔਰਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਅਤੇ ਸਰਕਾਰ ਕੁਝ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ।
ਭਾਰਤ ਜੋੜੋ ਯਾਤਰਾਨੇ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ, ਰਾਹੁਲ ਦਾ ਧੰਨਵਾਦ
ਸੋਨੀਆ ਨੇ ਪ੍ਰਧਾਨ ਦੇ ਤੌਰ ‘ਤੇ ਆਪਣੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਸੀ ਕਿ ਮੈਂ ਸਾਲ 1998 ‘ਚ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਿਆ। 25 ਸਾਲਾਂ ਵਿਚ ਪਾਰਟੀ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਨਿਰਾਸ਼ਾ ਵੀ ਹੱਥ ਲੱਗੀ। ਸੋਨੀਆ ਨੇ ਅੱਗੇ ਕਿਹਾ ਕਿ ਇਹ ਬਹੁਤ ਸੁਖ਼ਦ ਸਥਿਤੀ ਹੈ ਕਿ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਪੂਰੀ ਹੋਈ। ਸੋਨੀਆ ਮੁਤਾਬਕ ਇਸ ਯਾਤਰਾ ਨੇ ਕਾਂਗਰਸ ਅਤੇ ਲੋਕਾਂ ਵਿਚਾਲੇ ਸੰਵਾਦ ਦੀ ਵਿਰਾਸਤ ਨੂੰ ਖ਼ੁਸ਼ਹਾਲ ਕੀਤਾ ਹੈ। ਇਸ ਯਾਤਰਾ ਨੇ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਨੇ ਯਾਤਰਾ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ।
ਦੇਸ਼ ਦੇ ਹਿੱਤਾਂ ਦੀ ਲੜਾਈ ਲੜੇਗੀ ਕਾਂਗਰਸ
ਸੋਨੀਆ ਨੇ ਕਿਹਾ ਕਿ ਸਾਨੂੰ ਅਨੁਸ਼ਾਸਨ ਨਾਲ ਕੰਮ ਕਰਨ ਦੀ ਲੋੜ ਹੈ। ਜਨਤਾ ਤੱਕ ਸਾਨੂੰ ਆਪਣੇ ਸੰਦੇਸ਼ ਪਹੁੰਚਾਉਣਾ ਹੋਵੇਗਾ। ਅਸੀਂ ਦੇਸ਼ ਵਾਸੀਆਂ ਲਈ ਲੜਨ ਲਈ ਤਿਆਰ ਹਾਂ। ਪਾਰਟੀ ਦੀ ਜਿੱਤ ਹੀ ਦੇਸ਼ ਦੀ ਜਿੱਤ ਹੋਵੇਗੀ। ਕਾਂਗਰਸ ਸਿਰਫ਼ ਇਕ ਸਿਆਸੀ ਪਾਰਟੀ ਨਹੀਂ ਹੈ। ਅਸੀਂ ਉਹ ਵਾਹਨ ਹਾਂ ਜਿਸ ਰਾਹੀਂ ਭਾਰਤ ਦੇ ਲੋਕ ਆਜ਼ਾਦੀ, ਸਮਾਨਤਾ, ਭਾਈਚਾਰੇ ਅਤੇ ਸਾਰਿਆਂ ਲਈ ਨਿਆਂ ਲਈ ਲੜਦੇ ਹਨ। ਅਸੀਂ ਲੋਕਾਂ ਦੀ ਆਵਾਜ਼ ਨੂੰ ਦਰਸਾਉਂਦੇ ਹਾਂ। ਅੱਗੇ ਦਾ ਰਸਤਾ ਆਸਾਨ ਨਹੀਂ ਹੈ ਪਰ ਜਿੱਤ ਸਾਡੀ ਹੀ ਹੋਵੇਗੀ। ਸਾਡੇ ਵਿਚੋਂ ਹਰ ਇਕ ਦੀ ਪਾਰਟੀ ਅਤੇ ਦੇਸ਼ ਪ੍ਰਤੀ ਵਿਸ਼ੇਸ਼ ਜ਼ਿੰਮੇਵਾਰੀ ਹੈ।

Comment here