ਸਿਆਸਤਖਬਰਾਂਦੁਨੀਆ

ਅਰੂਸਾ ਆਲਮ ਦਾ ਮਾਮਲਾ ਫਿਰ ਭਖਿਆ…

* ਕੈਬਨਿਟ ਮੰਤਰੀ ਰੰਧਾਵਾ ਨੇ ਅਰੂਸਾ ਆਲਮ ਤੇ ਕੈਪਟਨ  ਨੂੰ ਘੇਰਿਆ
* ਏਜੰਟ ਕਹਿਣ ਵਾਲਿਆਂ ਨੂੰ ਅਦਾਲਤ ’ਚ ਘੜੀਸਾਂਗੀ—ਅਰੂਸਾ
ਚੰਡੀਗੜ੍ਹ-ਲੰਘੇ ਦਿਨੀਂ ਪੰਜਾਬ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਮਹਿਲਾ ਦੋਸਤ ਅਰੂਸਾ ’ਤੇ ਇੱਕ ਵਾਰ ਫਿਰ ਵੱਡੇ ਇਲਜ਼ਾਮ ਲਗਾਏ ਹਨ।  ਉਨ੍ਹਾਂ ਅਰੂਸਾ ਆਲਮ ਦੀਆਂ ਮੁੜ ਤੋਂ ਫੋਟੋਆਂ ਸ਼ੇਅਰ ਕਰਦੇ ਹੋਏ ਆਈਐਸਆਈ ਨਾਲ ਉਨ੍ਹਾਂ ਦੇ ਸਬੰਧਾਂ ਦਾ ਜ਼ਿਕਰ ਕੀਤਾ। ਇਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੇ ਕੁਝ ਅੰਸ਼ ਪੇਸ਼ ਹਨ :
ਅਰੂਸਾ ਆਲਮ ਮਾਮਲੇ ’ਤੇ ਫਿਰ ਬੋਲੇ ਰੰਧਾਵਾ
ਸ. ਰੰਧਾਵਾ ਨੇ ਕਿਹਾ ਕਿ ਸਾਡੀ ਗੁਰਬਾਣੀ ਵਿਚ ਪਰਾਈ ਔਰਤ ਨਾਲ ਸਬੰਧ ਬੁਰਾ ਮੰਨਿਆ ਜਾਂਦਾ ਹੈ। ਮੈਂ ਆਪਣੇ ਗੁਰੂ ਦੇ ਸਿਧਾਂਤ ’ਤੇ ਚਲਦਾ ਹਾਂ। ਇੱਕ ਫੰਕਸ਼ਨ ’ਚ ਅਰੂਸਾ ਦੀ ਹਾਜਰੀ ਤੋਂ ਬਾਅਦ ਮੈਰੇ ਅਤੇ ਕੈਪਟਨ ਸਾਹਿਬ ’ਚ ਮਤਭੇਦ ਹੋ ਗਏ ਸੀ। ਹੁਣ ਜੇਕਰ ਗੱਲ ਕਰੀਏ ਤਾਂ ਅਰੂਸਾ ਨੇ ਵੀ ਇਸ ਜੰਗ ’ਚ ਆਪਣਾ ਬਿਆਨ ਦੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਕੈਪਟਨ ਬਾਰੇ ਬੋਲੇ ਰੰਧਾਵਾ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਹੈ 2017 ’ਚ ਉਸ ਸਮੇ ਕਿਹਾ ਗਿਆ ਸੀ ਕਿ ਅਸੀਂ ਬੇਅਦਬੀ ਦੀ ਤਹਿ ਤੱਕ ਪਹੁੰਚਾਂਗੇ। ਜਿਸ ਦਿਨ ਤੋਂ ਚੰਨੀ ਦੀ ਨੁਮਾਇੰਦਗੀ ਹੇਠ ਸਰਕਾਰ ਬਣੀ ਹੈ ਉਸ ਦਿਨ ਤੋਂ ਇਸ ਸਾਰੇ ਕੇਸਾਂ ਨੂੰ ਰਿਵੀਊ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਸਮੇਂ ’ਤੇ ਗਵਾਹਾ ਦੇ ਬਿਆਨ ਹੁੰਦੇ ਰਹੇ ਹਨ। ਐਸਆਈਟੀ ਨੂੰ ਸਪੀਡ ਅਪ ਕੀਤਾ ਗਿਆ ਹੈ। ਅਤੇ ਹੁਣ ਤਕ ਤਿੰਨ ਮੁਲਜ਼ਮ ਭਗੌੜੇ ਕਰਾਰ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੀ ਜਾਈਜਾਦ ਅਟੈਚ ਕਰਨ ਦੀ ਕਾਰਵਾਈ ਅਸੀਂ ਜਲਦ ਕਰਨ ਜਾ ਰਹੇ ਹਾਂ। ਦੋਸ਼ੀਆਂ ਨੂੰ ਜਲਦ ਕਟਹਰੇ ’ਚ ਖੜੇ ਕਰਾਂਗੇ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਚਲ ਰਹੀ ਸ਼ਬਦੀ ਜੰਗ ਬਾਰੇ ਵੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਪਾਰਟੀ ਨੇ ਇਨ੍ਹਾਂ (ਕੈਪਟਨ) ਮਾਨ ਬਖਸ਼ੀਆ ਹੋਵੇ ਅੱਜ ਉਸ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ ਉਹ ਵੀ ਭਾਜਪਾ ਦੇ ਕਹਿਣ ’ਤੇ। ਇਹ ਕੈਪਟਨ ਦੀ ਬਹੁਤ ਵੱਡੀ ਗਲਤੀ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਕੈਪਟਨ ਦੇ ਚੇਹਰੇ ’ਤੇ ਦਾਗ ਜ਼ਰੂਰ ਲਗੇਗਾ। ਰੰਧਾਵਾ ਨੇ ਕਿਹਾ ਕਿ ਜੇ ਹੁਣ ਕੈਪਟਨ ਸਾਹਿਬ ਖੇਤੀ ਕਾਨੂੰਨਾਂ ਦੇ ਰੱਦ ਹੋਣ ’ਤੇ ਬੀਜੇਪੀ ਨਾਲ ਜਾਣ ਦੀ ਗਲ ਕਰ ਰਹੇ ਹੈ ਤਾਂ ਇਸ ਮਤਲਬ ਹੈ ਕਿ ਪਹਿਲਾਂ ਕੈਪਟਨ ਸਾਹਿਬ ਬੀਜੇਪੀ ਦੀ ਗੇਮ ਖੇਡ ਰਹੇ ਸੀ।
ਡਰੋਨ ਅਤੇ ਟਿਫਨ ਬੰਬ ਪਿੱਛੇ ਕੈਪਟਨ ਦੀ ਹਰਕਤ
ਬੀਐਸਐਫ ਬਾਰੇ ਰੰਧਾਵਾ ਨੇ ਕਿਹਾ ਕਿ ਬੀਐਸਐਫ ਦਾ ਕੰਮ ਫਸਟ ਡਿਫੇਂਸ ਲਾਈਨ ’ਤੇ ਹੈ। ਡਰੋਨ ਅਤੇ ਟਿਫਨ ਬੰਬ ਪਿੱਛੇ ਕਾਰਸਤਾਨੀ ਕੈਪਟਨ ਅਮਰਿੰਦਰ ਸਿੰਘ ਹੋਰਾ ਦੀ ਸੀ। ਕੈਪਟਨ ਸਾਹਿਬ ਚਾਹੁੰਦੇ ਸੀ ਕਿ ਬੀਐਸਐਫ ਦੀ ਇਨਵੋਲਮੈਂਟ ਵਧ ਹੋਵੇ ਇਸ ਲਈ ਇਹ ਸਭ ਸੀ। ਭਾਰਤ ਸਰਕਾਰ ਨੇ ਬੀਐਸਐਫ ਦੀ ਜਿਉਰੀਡਿਕਸ਼ਨ ਨੂੰ ਵਧਾਇਆ ਹੈ ਪਰ ਅਸੀਂ ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ।
ਪੰਜਾਬ ਵਿਚ ਅਤਵਾਦ ਦੇ ਸਮੇਂ ਸਭ ਤੋਂ ਵੱਧ ਕੰਟਰੋਲ ਪੰਜਾਬ ਪੁਲਿਸ ਨੇ ਕੀਤਾ। ਇਸ ਸਮੇਂ ਸਭ ਤੋਂ ਵਧ ਸ਼ਾਂਤਮਈ ਸੂਬਾ ਪੰਜਾਬ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਕੇਂਦਰ ਸਰਕਾਰ ਖਰਾਬ ਨਾ ਕਰੇ।
ਕੈਪਟਨ ਨੇ 2016 ’ਚ ਬਿਆਨ ਦਿਤਾ ਸੀ ਕਿ ਬੀਐਸਐਫ ਅਤੇ ਰੇਂਜਰ ਦਾ ਨੈਕਸਸ ਹੈ। ਅਤੇ ਹੁਣ ਕੈਪਟਨ ਯੂ-ਟਰਨ ਲੈਣ ਲੱਗਿਆ ਸੋਚਦੇ ਹੀ ਨਹੀਂ। ਹੁਣ ਬੀਐਸਐਫ ਨੂੰ ਚੰਗਾ ਕਹਿ ਰਹੇ ਹਨ।
‘‘ਬੀਐਸਐਫ ਡਰੋਨ ਨੂੰ ਰੋਕਣ ਅਤੇ ਟਿਫਨ ਬੰਬ ਨੂੰ ਰੋਕਣ ਲਈ ਹਥਿਆਰ ਬਣਾਏ ਅਤੇ ਇਨਾ ਚੀਜਾ ਨੂੰ ਰੋਕਣ ਦੀ ਕੋਸ਼ਿਸ਼ ਕਰੇ। ਬਾਹਰੀ ਸੁਰਖਿਆ ਦਾ ਕੰਮ ਭਾਰਤ ਸਰਕਾਰ ਦਾ ਹੈ ਅਤੇ ਪੰਜਾਬ ਸਰਕਾਰ ਦਾ ਕੰਮ ਅੰਦਰੁਨੀ ਸੁਰਖਿਆ ਦਾ ਹੈ।” ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ, ਪੰਜਾਬ
ਬੇਅਦਬੀ ਮਾਮਲਿਆ ਲਈ ਸਾਡੇ ਐਡਵੋਕੇਟ ਜਨਰਲ ਨੇ ਤਿਆਰੀ ਪੂਰੀ ਕਰ ਲਈ ਹੈ । ਇਹ ਬਹੁਤ ਵਡਾ ਮੁਦਾ ਹੈ ਇਸ ਲਈ ਅਸੀ ਸੁਪਰੀਮ ਕੋਰਟ ਦੇ ਟਾਪ ਵਕੀਲ ਲਗਾਵਾਂਗੇ।
ਲੋਕਤੰਤਰ ’ਚ ਔਰਤ ਦੀ ਅਜਿਹੀ ਬਦਨਾਮੀ
ਪੰਜਾਬ ਦੀ ਰਾਜਨੀਤੀ ਵਿੱਚ ਆਪਣੇ ਨਾਂਅ ਨੂੰ ਘੜੀਸੇ ਜਾਣ ਅਤੇ ਆਈਐਸਆਈ ਏਜੰਟ ਕਹੇ ਜਾਣ ’ਤੇ ਅਰੂਸਾ ਆਲਮ ਨੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਅਦਾਲਤ ਵਿੱਚ ਘੜੀਸਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਆਗੂਆਂ ਦੀ ਅਜਿਹੀ ਸਿਆਸਤ ਤੋਂ ਬਹੁਤ ਨਿਰਾਸ਼ ਹੈ, ਉਸ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਇਹ ਇੰਨੇ ਡਿੱਗ ਜਾਣਗੇ।
ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ’ਤੇ ਭੜਕੀ ਅਰੂਸਾ ਆਲਮ ਨੇ ਲੱਕੜਬੱਗੇ ਦੱਸਦਿਆਂ ਕਿਹਾ ਕਿ ਮੇਰਾ ਆਈਐਸਆਈ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਿਹੜੇ ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਆਲੇ-ਦੁਆਲੇ ਘੁੰਮਦੇ ਸਨ, ਅੱਜ ਉਨ੍ਹਾਂ ਨੂੰ ਨੋਚਣ ਤੱਕ ਨੂੰ ਫਿਰਦੇ ਹਨ। ਉਹ ਇਨ੍ਹਾਂ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਟੀਆ ਹੈ, ਇੰਨੇ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸਿਆਸੀ ਆਗੂ ਜਿਵੇਂ ਵਾਰ-ਵਾਰ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ, ਉਨ੍ਹਾਂ ਦੇ ਵੀ ਬੱਚੇ ਹਨ, ਘਰ-ਪਰਿਵਾਰ ਹੈ।
ਦੱਸ ਦੇਈਏ ਕਿ ਰੰਧਾਵਾ ਵੱਲੋਂ ਅਰੂਸਾ ਦੇ ਏਜੰਟ ਹੋਣ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਸੀ ਪਰੰਤੂ ਸੋਨੀਆ ਗਾਂਧੀ ਨਾਲ ਤਸਵੀਰ ਆਉਣ ਪਿੱਛੋਂ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ।
ਕਿਵੇਂ ਤੇ ਕਦੋਂ ਸ਼ੁਰੂ ਹੋਈ ਸੀ ‘ਕੈਪਟਨ-ਅਰੂਸਾ’ ਦੀ ਦੋਸਤੀ
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦਾ ਇਹ ਤਮਾਸ਼ਾ ਸਾਲ 2006 ’ਚ ਜਲੰਧਰ ਸ਼ਹਿਰ ਤੋਂ ਸ਼ੁਰੂ ਹੋਇਆ ਸੀ। ਬੀਰ ਦਵਿੰਦਰ ਨੇ ਦੱਸਿਆ ਕਿ ਉਸ ਵੇਲੇ ਅਰੂਸਾ ਆਲਮ ‘ਸਾਫ਼ਮਾਂ’ ਦੇ ਪਾਕਿਸਤਾਨ ਚੈਪਟਰ ਦੀ ਕਨਵੀਨਰ ਸੀ ਅਤੇ ਸਾਫ਼ਮਾਂ ਦੀ ਮੀਟਿੰਗ ਜਲੰਧਰ ਹੋਈ ਸੀ, ਜਿਸ ’ਚ ਅਰੂਸਾ ਆਲਮ ਹਿੱਸਾ ਲੈਣ ਆਈ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰੂਸਾ ਆਲਮ ਨਾਲ ਮੁਲਾਕਾਤ ਹੋਈ ਸੀ ਅਤੇ ਦੋਹਾਂ ਦੀ ਗਿੱਠ-ਮਿੱਠ ਹੋ ਗਈ। ਬੀਰ ਦਵਿੰਦਰ ਨੇ ਕਿਹਾ ਕਿ ਉਸ ਤੋਂ ਬਾਅਦ ਨਾ ਅਰੂਸਾ ਆਲਮ ਆਪਣੇ ਟੱਬਰ ਨੂੰ ਲੱਭੀ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲੱਭੇ। ਉਨ੍ਹਾਂ ਦੱਸਿਆ ਕਿ ਜਿਹੜਾ ਹੈਲੀਕਾਪਟਰ ਸਰਕਾਰ ਨੇ ਹਾਇਰ ਕੀਤਾ ਸੀ, ਉਸ ਨੂੰ ਕੈਪਟਨ ਨੇ ਗਡੀਰਾ ਬਣਾ ਲਿਆ ਸੀ।
ਬੀਰ ਦਵਿੰਦਰ ਨੇ ਕਿਹਾ ਕਿ ਕੈਪਟਨ ਨੇ ਅਰੂਸਾ ਨੂੰ ਅਜਿਹਾ ਵੀਜ਼ਾ ਲੈ ਕੇ ਦਿੱਤਾ ਹੋਇਆ ਸੀ ਕਿ ਭਾਵੇਂ ਅਰੂਸਾ ਦਿਨ ’ਚ ਚਾਰ ਵਾਰੀ ਭਾਰਤ ਆ ਜਾਂਦੀ, ਉਸ ਨੂੰ ਸਪੈਸ਼ਲ ਪਰਮਿਸ਼ਨ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਰੂਸਾ ਲਾਹੌਰ ਤੋਂ ਗੱਡੀ ਚੁੱਕ ਕੇ ਵਾਹਗਾ ਬਾਰਡਰ ਪੁੱਜ ਜਾਂਦੀ ਸੀ ਤੇ ਕੈਪਟਨ ਇਧਰੋਂ ਹੈਲੀਕਾਪਟਰ ਚੁੱਕ ਕੇ ਵਾਹਗਾ ਪਹੁੰਚ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਸਕਿਓਰਿਟੀ ਉੱਥੇ ਹੀ ਛੱਡ ਕੇ ਅਰੂਸਾ ਨਾਲ ਘੁੰਮਣ ਲਈ ਕਦੇ ਜੈਪੂਰ ਅਤੇ ਕਦੇ ਕਿਸੇ ਜਗ੍ਹਾ ’ਤੇ ਚਲੇ ਜਾਂਦੇ ਸਨ। ਬੀਰ ਦਵਿੰਦਰ ਨੇ ਕਿਹਾ ਕਿ ਕਾਲਜਾਂ ਦੇ ਮੁੰਡੇ ਚੜ੍ਹਦੀ ਜਵਾਨੀ ’ਚ ਜਿਹੜਾ ਕੰਮ ਕਰਦੇ ਹਨ, ਉਹ ਕੈਪਟਨ ਨੇ ਲਹਿੰਦੀ ਉਮਰੇ ਕੀਤਾ, ਜਿਸ ਦਾ ਸੰਤਾਪ ਪੰਜਾਬ ਨੂੰ ਭੋਗਣਾ ਪਿਆ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਕਾਰਨ ਹੀ ਕਾਂਗਰਸ ਸਾਲ 2007 ’ਚ ਹਾਰ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਇਸ ਦੇ ਖ਼ਿਲਾਫ਼ ਆਪਣੀ ਆਵਾਜ਼ ਚੁੱਕੀ ਤਾਂ ਉਨ੍ਹਾਂ ਦੀ ਟਿਕਟ ਕਟਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 10 ਸਾਲ ਬਾਦਲਾਂ ਦੀ ਸਰਕਾਰ ਰਹੀ।
ਬੀਰ ਦਵਿੰਦਰ ਨੇ ਪੰਜਾਬ ਦੇ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ 10-15 ਸਾਲਾਂ ਦੌਰਾਨ ਪੰਜਾਬ ਦੀ ਸਿਆਸਤ ਅਜਿਹੇ ਬੇਹੱਦ ਘੱਟ ਲੋਕ ਆਏ, ਜਿਨ੍ਹਾਂ ਦੇ ਅਕਸ ’ਤੇ ਲੋਕ ਯਕੀਨ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਆਸਤ ਅਜਿਹੇ ਪੱਤਣਾਂ ਵੱਲ ਤੁਰ ਪਈ, ਜਿਸ ਦਾ ਜ਼ਿਕਰ ਕਰਨ ਨਾਲ ਵੀ ਮਨ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਰ ਪਾਸੇ ਉਦਾਸੀ ਵਾਲਾ ਮੰਜ਼ਰ ਛਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਲੀਡਰਾਂ ਦੀ ਸ਼ਖ਼ਸੀਅਤ ’ਚ ਇਕ ਖਿੱਚ ਸੀ, ਜੋ ਕਿ ਲੋਕਾਂ ਨੂੰ ਉਤਸ਼ਾਹਿਤ ਕਰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਦੀ ਲੀਡਰਸ਼ਿਪ ’ਚ ਅਜਿਹਾ ਕੁੱਝ ਨਹੀਂ ਦਿਖ ਰਿਹਾ ਅਤੇ ਸਿਆਸਤ ਸਿਰਫ ਚਲਾਕੀਆਂ ’ਤੇ ਨਿਰਭਰ ਰਹਿ ਗਈ ਹੈ।
ਕੈਪਟਨ ਨੂੰ ਅਰੂਸਾ ਕਰਕੇ ਬੀਜੇਪੀ ਨੇ ਸ਼ਾਮਲ ਨਹੀਂ ਕੀਤਾ – ਨਵਜੋਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਕੋਲ ਭਾਜਪਾ ’ਚ ਸ਼ਾਮਲ ਹੋਣ ਲਈ ਗਏ ਸੀ ਪਰ ਉਨਾਂ ਨੇ ਕੈਪਟਨ ਨੂੰ ਭਾਜਪਾ ’ਚ ਸ਼ਾਮਲ ਕਰਨ ਦੀ ਬਜਾਏ ਅਜੀਤ ਡੋਵਾਲ ਕੋਲ ਭੇਜ ਦਿੱਤਾ ਤੇ ਭਾਜਪਾ ’ਚ ਇਹ ਕਹਿ ਕੇ ਸ਼ਾਮਲ ਨਹੀਂ ਕੀਤਾ ਕਿ ਆਈਅੇੈਸਆਈ ਦੀ ਏਜੰਟ ਮਹਿਲਾ ਕੈਪਟਨ ਦੇ ਘਰ ਰਹਿ ਰਹੀ ਹੈ। ਨਵਜੋਤ ਕੌਰ ਸਿੱਧੂ ਨੂੰ ਕੈਪਟਨ ਦੇ ਕਾਂਗਰਸ ਛੱਡਣ ’ਤੇ ਪਟਿਆਲਾ ਸੀਟ ’ਤੇ ਨਵਜੋਤ ਸਿੱਧੂ ਦੇ ਚੋਣ ਲੜਨ ਬਾਰੇ ਪੁੱਛੇ ਸਵਾਲ ’ਤੇ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਕੈਪਟਨ ਨੇ ਹੀ ਕਾਂਗਰਸ ਛੱਡੀ ਹੈ ਜਦਕਿ ਉਨਾਂ ਦਾ ਪਰਿਵਾਰ ਕਾਂਗਰਸ ’ਚ ਹੀ ਹੈ ਤੇ ਉਨਾਂ ਦੇ ਬੇਟੀ ਜਯਾ ਨੇ ਤਾਂ ਤਿਆਰੀ ਵੀ ਕੀਤੀ ਹੈ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੈਪਟਨ ਵਲੋਂ ਕੀਤੀਆ ਜਾ ਰਹੀਆਂ ਕੋਸ਼ਿਸ਼ਾਂ ’ਤੇ ਸਿੱਧੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕੱਲ ਹੀ ਸਾਫ ਕਰ ਚੁੱਕੀਆਂ ਹਨ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਹੀ ਕਰਵਾਉਣਾ ਚਾਹੁੰਦੀਆਂ ਹਨ ਜਦਕਿ ਕੈਪਟਨ ਸੋਧਾਂ ਕਰਵਾਉਣ ਵੱਲ ਲੱਗੇ ਹਨ।

Comment here