ਖਬਰਾਂਦੁਨੀਆ

ਅਫਗਾਨ ਫੌਜ ਵੱਲੋਂ 1500 ਤਾਲਿਬਾਨੀਆਂ ਨੂੰ ਮਾਰਨ ਦਾ ਦਾਅਵਾ

ਛੇ ਹਜ਼ਾਰ ਅੱਤਵਾਦੀ ਸਰਹੱਦ ਪਾਰ ਕਰਕੇ ਆਉਣ ਦਾ ਵੀ ਖਦਸ਼ਾ

ਕਾਬੁਲ – ਤਾਲਿਬਾਨਾਂ ਦੀ ਹਿੰਸਾ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਵਿਚ ਸੁਰੱਖਿਆ ਬਲਾਂ ਨੇ ਵੀ ਮੂੰਹ ਤੋੜ ਜੁਆਬ ਦਿੱਤਾ ਹੈ। ਅਫਗਾਨ ਫੌਜ ਨੇ ਬਲਖ ਦੇ ਉੱਤਰੀ ਸੂਬੇ ਵਿਚ ਕਲਦਾਰ ਜ਼ਿਲ੍ਹੇ ‘ਤੇ ਕੰਟਰੋਲ ਵਾਪਸ ਲੈ ਲਿਆ ਹੈ। ਕਲਦਾਰ ਜ਼ਿਲ੍ਹਾ ਇਕ ਮਹੀਨਾ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ਵਿਚ ਸੀ। ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਅਫਗਾਨ ਬਲਾਂ ਦੀਆਂ ਮੁਹਿੰਮਾਂ ਵਿਚ 1520 ਤਾਲਿਬਾਨ ਲੜਾਕੇ ਮਾਰੇ ਗਏ ਅਤੇ 800 ਹੋਰ ਜ਼ਖਮੀ ਹੋਏ ਹਨ। ਭਾਵੇਂਕਿ ਤਾਲਿਬਾਨ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਫਰਿਯਾਬ ਦੇ ਮੈਮਾਨਾ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਤਾਲਿਬਾਨ ਨੇ ਮੋਰਟਾਰ ਅਤੇ ਰਾਕੇਟ ਨਾਲ ਹਮਲੇ ਕੀਤੇ ਹਨ, ਜਿਸ ਵਿਚ 3 ਆਮ ਨਾਗਰਿਕਾਂ ਨਾਲ 16 ਲੋਕ ਮਾਰੇ ਗਏ ਹਨ। ਸੈਨਾ ਮੁਤਾਬਕ ਗਜ਼ਨੀ, ਫਰਿਯਾਬ ਅਤੇ ਤਖਰ ਸੂਬਿਆਂ ਵਿਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸੰਘਰਸ਼ ਹਾਲੇ ਵੀ ਜਾਰੀ ਹੈ। ਕਲਦਾਰ ਜ਼ਿਲ੍ਹੇ ਵਿਚ ਹੇਰਾਟਨ ਸਰਹੱਦੀ ਸ਼ਹਿਰ ਦੇ ਇਲਾਕਿਆਂ ਵਿਚ ਜਾਣ ਲਈ ਇਕ ਪ੍ਰਮੁੱਖ ਵਪਾਰ ਦਰਵਾਜ਼ਾ ਹੈ। ਇੱਥੇ ਅਫਗਾਨਿਸਤਾਨ ਅਤੇ ਉਜਬੇਕਿਸਤਾਨ ਵਿਚਕਾਰ ਇਕ ਬੰਦਰਗਾਹ ਵੀ ਹੈ। ਇਸੇ ਜ਼ਿਲ੍ਹੇ ਵਿਚ ਅਮੂ ਨਦੀ ਦੇ ਕਿਨਾਰੇ ਉਜਬੇਕਿਸਤਾਨ ਅਤੇ ਤਜਾਕਿਸਤਾਨ ਦੀ ਸਰਹੱਦ ਮਿਲਦੀ ਹੈ। ਇਸ ਲਿਹਾਜ ਨਾਲ ਅਫਗਾਨ ਸੈਨਾ ਲਈ ਇਸ ਨੂੰ ਇਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

ਛੇ ਹਜ਼ਾਰ ਅੱਤਵਾਦੀ ਸਰਹੱਦ ਪਾਰ ਕਰਕੇ ਆਉਣ ਦਾ ਵੀ ਖਦਸ਼ਾ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਲਈ ਤਿਆਰ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨੀ ਮੀਡੀਆ ਡਾਨ ਨੇ ਦੱਸਿਆ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ  ਨੇ ਤਾਲਿਬਾਨ ਨਾਲ ਸੰਬੰਧ ਬਣਾਈ ਰੱਖਿਆ ਹੈ ਕਿਉਂਕਿ ਉਸ ਦੇ ਲਗਭਗ 6,000 ਅੱਤਵਾਦੀ ਸਰਹੱਦ ਪਾਰ ਕਰਕੇ ਅਫਗਾਨ ਖੇਤਰ ’ਚ ਪੁੱਜ ਗਏ ਹਨ। ਯੂ.ਐੱਨ. ਐਨਾਲਿਟਿਕਲ ਸਪੋਰਟ ਐਂਡ ਸੈਕਸ਼ਨ ਮਾਨੀਟਰਿੰਗ ਟੀਮ ਦੀ 28ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ’ਚ ਵੱਖ-ਵੱਖ ਦੇਸ਼ਾਂ ਅਤੇ ਅੱਤਵਾਦੀ ਸਮੂਹਾਂ ਦੇ ਅੱਤਵਾਦੀ ਸਰਗਰਮ ਹਨ ਅਤੇ ਇਨ੍ਹਾਂ ’ਚ ਜ਼ਿਆਦਾਤਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਿਗਰਾਨੀ ਦਲ ਦਾ ਅਨੁਮਾਨ ਹੈ ਕਿ ਵਿਦੇਸ਼ੀ ਅੱਤਵਾਦੀ ਲੜਾਕਿਆਂ ਦੀ ਗਿਣਤੀ ਲਗਭਗ 8,000 ਅਤੇ 10,000 ਦੇ ਵਿਚਕਾਰ ਹੋਵੇਗੀ, ਜਿਸ ਵਿਚ ਮੁੱਖ ਰੂਪ ਨਾਲ ਮੱਧ ਏਸ਼ੀਆ, ਰੂਸੀ ਸੰਘ ਦੇ ਉੱਤਰੀ ਕਾਕੇਸ਼ਸ ਖੇਤਰ, ਪਾਕਿਸਤਾਨ ਅਤੇ ਚੀਨ ਦੇ ਸ਼ਿਨਜਿਆਂਗ ਉਈਗਰ ਖੁਦਮੁਖਤਿਆਰੀ ਖੇਤਰ ਦੇ ਲੜਾਕੇ ਸ਼ਾਮਲ ਹਨ। ਡਾਨ ਦੀ ਖਬਰ ’ਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੰਗਰਹਾਰ ਸੂਬੇ ਦੇ ਪੂਰਬੀ ਜ਼ਿਲ੍ਹਿਆਂ ’ਚ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਸਥਿਤ ਹੈ।

Comment here