ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਚ ਫਸੇ ਹਿੰਦੂ ਸਿੱਖਾਂ ਨੂੰ ਲਿਆਉਣ ਲਈ ਭਾਰਤ ਸਰਕਾਰ ਨੂੰ ਅਪੀਲਾਂ

ਨਵੀਂ ਦਿੱਲੀ-  ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਨੇ ਹਾਲਾਤ ਬੇਹਦ ਨਾਜ਼ੁਕ ਕਰ ਦਿੱਤੇ ਹਨ। ਵਿਦੇਸ਼ੀ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ਵ ਭਰ ਵਿੱਚ ਚਿੰਤਾਵਾਂ ਅਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਗੁਰਦੁਆਰੇ ਵਿੱਚ ਫਸੇ 200 ਸਿੱਖਾਂ ਨੂੰ ਕੱਢਣ ਲਈ ਤੁਰੰਤ ਬੇਨਤੀ ਕੀਤੀ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਤੁਰੰਤ ਮਦਦ ਕਰਨ ਲਈ ਕਿਹਾ ਹੈ। ਕੈਪਟਨ ਨੇ ਟਵੀਟ ਵਿੱਚ ਵਿਦੇਸ਼ ਮੰਤਰੀ ਨੂੰ ਕਿਹਾ, ”ਤਾਲਿਬਾਨ ਦੇ ਕਬਜ਼ੇ  ਵਾਲੇ ਅਫ਼ਗਾਨਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਫਸੇ ਭਾਰਤੀਆਂ, ਜਿਨ੍ਹਾਂ ਵਿੱਚ 200 ਸਿੱਖ ਸ਼ਾਮਲ ਹਨ, ਨੂੰ ਤੁਰੰਤ ਕੱਢਣ ਦਾ ਪ੍ਰਬੰਧ ਕੀਤਾ ਜਾਵੇ। ਮੇਰੀ ਸਰਕਾਰ ਭਾਰਤੀਆਂ ਨੂੰ ਸਹੀ ਸਲਾਮਤ ਕੱਢਣ ਵਿੱਚ ਪੂਰਨ ਸਹਿਯੋਗ ਦੇਣ ਲਈ ਤਿਆਰ ਹੈ। ”

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਜੋ ਸਿੱਖ ਭਰਾ ਗਜ਼ਨੀ ਅਤੇ ਜਲਾਲਾਬਾਦ ਰਹਿੰਦੇ ਸਨ, ਉਨ੍ਹਾਂ ਨੇ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰਾ ਸਾਹਿਬ ’ਚ ਸ਼ਰਨ ਲਈ ਹੋਈ ਹੈ। ਇਨ੍ਹਾਂ ’ਚੋਂ 320 ਲੋਕ ਹਨ, ਜਿਨ੍ਹਾਂ ’ਚ 50 ਹਿੰਦੂ ਅਤੇ ਬਾਕੀ ਸਾਰੇ ਸਿੱਖ ਪਰਿਵਾਰ ਹਨ। ਸਿਰਸਾ ਨੇ ਕਿਹਾ ਕਿ ਉਹ ਸਾਰੇ ਸੁਰੱਖਿਅਤ ਹਨ ਅਤੇ ਗੁਰਦੁਆਰਾ ਸਾਹਿਬ ਅੰਦਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਾਬੁਲ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਲਗਾਤਾਰ ਸੰਪਰਕ ਵਿਚ ਹਾਂ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਰੇ ਲੋਕ ਸੁਰੱਖਿਅਤ ਹਨ। ਸਿਰਸਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤਾਲਿਬਾਨ ਦੇ ਸਥਾਨਕ ਲੀਡਰਾਂ ਨੇ ਗੁਰਦੁਆਰਾ ਘਰ ਅੰਦਰ ਆ ਕੇ ਸਾਡੇ ਪ੍ਰਧਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਸੁਰੱਖਿਆ ਦੀ ਗਰੰਟੀ ਲੈਂਦੇ ਹਾਂ। ਸਾਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ’ਚ ਹੋ ਰਹੇ ਸਿਆਸੀ ਬਦਲਾਅ ਦੇ ਬਾਵਜੂਦ ਹਿੰਦੂ ਅਤੇ ਸਿੱਖ ਸੁਰੱਖਿਅਤ ਹਨ। ਪਰ ਅਸੀਂ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿਚ ਹੈ, ਅਸੀਂ ਉਨ੍ਹਾਂ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।

ਇਸ ਦਰਮਿਆਨ ਵਿਸ਼ਵ ਪੰਜਾਬੀ ਸੰਗਠਨ ਨੇ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਕਾਬੁਲ ਤੋਂ 257 ਅਫਗਾਨ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਬਾਹਰ ਕੱਢਣ। ਸੰਗਠਨ  ਦੇ ਅੰਤਰਰਾਸ਼ਟਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਫਗਾਨ ਮੂਲ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਸੁਰੱਖਿਅਤ ਭਾਰਤ ਲਿਆਉਣਾ ਸਮੇਂ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਜਾਨ ਗੰਭੀਰ ਖਤਰੇ ਵਿੱਚ ਹੈ। ਸਾਹਨੀ ਨੇ ਪਿਛਲੇ ਸਾਲ ਕਾਬੁਲ, ਗਜ਼ਨੀ ਅਤੇ ਜਲਾਲਾਬਾਦ ਅਤੇ ਅਫਗਾਨਿਸਤਾਨ ਦੇ ਹੋਰ ਇਲਾਕਿਆਂ ਤੋਂ 500 ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਕੱਢਣ ਲਈ ਤਿੰਨ ਚਾਰਟਰਡ ਉਡਾਣਾਂ ਭੇਜੀਆਂ ਸਨ। ਸਾਹਨੀ ਨੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬੇਨਤੀ ਵੀ ਕੀਤੀ ਹੈ ਜੋ ਪਿਛਲੇ ਸਾਲ ਲਾਗੂ ਹੋਏ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ ਪਹਿਲਾਂ ਹੀ ਭਾਰਤ ਆ ਚੁੱਕੇ ਹਨ।

ਮੁੱਖ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਫਸੇ ਭਾਰਤੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਹਾਲਾਤ ਬੇਹੱਦ ਨਾਜ਼ੁਕ ਮੋੜ ‘ਤੇ ਹਨ ਅਤੇ ਉਥੇ ਦੂਤਘਰ ਦੇ ਕਰਮਚਾਰੀਆਂ ਨਾਲ ਹੀ ਹੋਰ ਭਾਰਤੀਆਂ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਅਤੇ ਉਥੇ ਬਦਲੇ ਸਿਆਸੀ ਹਾਲਾਤਾਂ ਤੋਂ ਪੈਦਾ ਹਾਲਾਤ ਦਰਮਿਆਨ ਰਣਨੀਤਕ ਸਬੰਧਤਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਦੇਸ਼  ਅਤੇ ਵਿਰੋਧੀ ਧਿਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਜ਼ਿਆਦਾ ਦਿਨ ਤੱਕ ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੀ ਚੁੱਪੀ ਭਾਰਤੀ ਨਾਗਰਿਕਾਂ ਅਤੇ ਅਫ਼ਗਾਨਿਸਤਾਨ ਵਿਚ ਭਾਰਤ ਨਾਲ ਸਬੰਧਿਤ ਪੱਖਾਂ ਦੇ ਹਿੱਤ ‘ਚ ਨਹੀਂ ਹਨ। ਇਸ ਲਈ ਇਸ ਬਾਰੇ ਛੇਤੀ ਤੋਂ ਛੇਤੀ ਫ਼ੈਸਲਾ ਲੈ ਕੇ ਸਰਕਾਰ ਨੂੰ ਆਪਣੇ ਨਾਗਰਿਕਾਂ, ਦੂਤਘਰ ਨਾਲ ਜੁੜੇ ਕਰਮਚਾਰੀਆਂ ਅਤੇ ਅਫ਼ਗਾਨਿਸਤਾਨ ਨਾਲ ਭਵਿੱਖ ਦੇ ਸਬੰਧਾਂ ਨੂੰ ਲੈ ਕੇ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ।

Comment here