ਕਾਬੁਲ-ਅਫਗਾਨਿਸਤਾਨ ਵਿੱਚ ਸਰਕਾਰ ਬਣਦੇ ਹੀ ਤਾਲਿਬਾਨ ਨੇ ਦੁਨੀਆ ਨੂੰ ਆਪਣੀ ਬਦਲੀ ਹੋਈ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਔਰਤਾਂ ਪ੍ਰਤੀ ਤਾਲਿਬਾਨ ਦੇ ਰਵੱਈਏ ਕਾਰਨ ਇਹ ਕੋਸ਼ਿਸ਼ ਬੇਕਾਰ ਸਾਬਤ ਹੋਈ। ਤਾਲਿਬਾਨ ਨੇ ਔਰਤਾਂ ‘ਤੇ ਸਕੂਲ ਤੋਂ ਲੈ ਕੇ ਨੌਕਰੀਆਂ ਤੱਕ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਤਾਲਿਬਾਨ ਸਰਕਾਰ ਨੇ ਮਹਿਲਾ ਕਿਰਦਾਰਾਂ ਵਾਲੇ ਟੀਵੀ ਸ਼ੋਅ ਉੱਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਨੇ ਟੀਵੀ ਅਤੇ ਖ਼ਬਰਾਂ ਲਈ 8 ਸੂਤਰੀ ਧਾਰਮਿਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਅਫਗਾਨਿਸਤਾਨ ‘ਚ ਉਨ੍ਹਾਂ ਸਾਰੇ ਟੀਵੀ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਨ੍ਹਾਂ ‘ਚ ਮਹਿਲਾ ਕਿਰਦਾਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਦਿਖਾਇਆ ਜਾਂਦਾ ਹੈ। ਮਤਲਬ ਹੈ ਕਿ ਅਫਗਾਨਿਸਤਾਨ ਵਿੱਚ ਨਾ ਤਾਂ ਸੱਸ, ਨਾ ਨੂੰਹ ਅਤੇ ਨਾ ਹੀ ਧੀ ਟੀਵੀ ‘ਤੇ ਦਿਖਾਈ ਦੇਵੇਗੀ। ਇਹ ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ, ਪਰ ਇਹ ਸੱਚ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਵੀ ਸੀਰੀਅਲ ਔਰਤਾਂ ਤੋਂ ਬਿਨਾਂ ਕਿਵੇਂ ਬਣੇ ਅਤੇ ਦਿਖਾਏ ਜਾਣਗੇ। ਇਸਲਾਮ ‘ਤੇ ਆਧਾਰਿਤ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਹਿਲਾ ਨਿਊਜ਼ ਐਂਕਰਾਂ ਅਤੇ ਮਹਿਲਾ ਰਿਪੋਰਟਰਾਂ ਲਈ ਹਿਜਾਬ ਪਹਿਨਣਾ ਜ਼ਰੂਰੀ ਹੈ। ਇਸ ਨੇ ਉਨ੍ਹਾਂ ਸਾਰੀਆਂ ਵਿਦੇਸ਼ੀ ਫਿਲਮਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਇਸਲਾਮ ਜਾਂ ਸ਼ਰੀਆ ਕਾਨੂੰਨ ਦਾ ਮਜ਼ਾਕ ਉਡਾਉਂਦੀਆਂ ਹਨ, ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਕਰਦੀਆਂ ਹਨ, ਜਾਂ ਕਿਸੇ ਹੋਰ ਧਰਮ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦੀਆਂ ਹਨ। ਇਸ ਦੇ ਨਾਲ ਹੀ ਫਿਲਮਾਂ ‘ਚ ਪੁਰਸ਼ਾਂ ਦੇ ਅੰਗ ਦਿਖਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ, ਪੁਰਸ਼ਾਂ ਦੇ ਟੀਵੀ ‘ਤੇ ਆਪਣੀ ਕਮੀਜ਼ ਉਤਾਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਅਫਗਾਨਿਸਤਾਨ ‘ਚ ਪੱਤਰਕਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨਾਲ ਜੁੜੇ ਹੁਜ਼ਤੁੱਲਾ ਮੁਜੱਦੀਦੀ ਮੁਤਾਬਕ ਇਹ ਨਿਯਮ ਅਸੰਭਵ ਹੈ। ਇਨ੍ਹਾਂ ਦੇ ਲਾਗੂ ਹੋਣ ਕਾਰਨ ਟੀਵੀ ਸ਼ੋਅ ਬਣਾਉਣ ਵਾਲੇ ਲੋਕ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਸਕਦੇ ਹਨ।
Comment here