ਚਲੰਤ ਮਾਮਲੇਦੁਨੀਆ

ਅਫਗਾਨਿਸਤਾਨ ਨੂੰ ਤਾਲਿਬਾਨਾਂ ਦੇ ਜਬਾੜੇ ਚ ਪਿਸਣ ਲਈ ਨਹੀਂ ਛੱਡਿਆ ਜਾ ਸਕਦਾ

ਦੁਨੀਆ ਦੇ ਲਿਬਨਾਨ, ਯਮਨ, ਸੀਰੀਆ, ਇਰਾਕ ਅਤੇ ਅਲਜੀਰੀਆ ਵਰਗੇ  ਕੁਝ ਅਜਿਹੇ ਦੇਸ਼ ਹਨ ਜੋ ਬਾਹਰੀ ਦਖ਼ਲ ਅਤੇ ਗ੍ਰਹਿ ਯੁੱਧਾਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕ ਇਕ ਤਰ੍ਹਾਂ ਨਾਲ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ। ਇਨ੍ਹਾਂ ‘ਚੋਂ ਉੱਜੜੇ ਲੱਖਾਂ ਹੀ ਲੋਕ ਵੱਖ-ਵੱਖ ਦੇਸ਼ਾਂ ‘ਚ ਸ਼ਰਨਾਰਥੀਆਂ ਦਾ ਜੀਵਨ ਬਤੀਤ ਕਰ ਰਹੇ ਹਨ। ਇਸ ਸਮੇਂ ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਹਮਲਿਆਂ ਤੋਂ ਬਾਅਦ ਹਾਲਾਤ ਬਣਦੇ ਜਾ ਰਹੇ ਹਨ, ਉਸ ਤੋਂ ਇਹੀ ਲਗਦਾ ਹੈ ਕਿ ਇਹ ਦੇਸ਼ ਵੀ ਉਪਰੋਕਤ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਹੋ ਗਿਆ ਹੈ। 20 ਕੁ ਸਾਲ ਅਮਰੀਕਾ ਨੇ ਇਥੇ ਤਾਲਿਬਾਨ ਦੀ ਹਕੂਮਤ ਸਮੇਂ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਨੂੰ ਕੱਢਣ ਲਈ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਤਾਲਿਬਾਨ ਦਾ ਆਪਣੇ ਨਾਗਰਿਕਾਂ ‘ਤੇ ਬੇਹੱਦ ਸਖ਼ਤੀ ਅਤੇ ਕਰੂਰਤਾ ਵਾਲਾ ਰਾਜ ਵੀ ਖ਼ਤਮ ਹੋ ਗਿਆ ਸੀ।ਤਾਲਿਬਾਨ ਨੂੰ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਰਹੀ ਹੈ। ਉਥੋਂ ਹੀ ਉਨ੍ਹਾਂ ਨੇ ਦੋ ਦਹਾਕਿਆਂ ਤੋਂ ਚੋਣਾਂ ਰਾਹੀਂ ਚੁਣੀਆਂ ਗਈਆਂ ਅਫ਼ਗਾਨ ਸਰਕਾਰਾਂ ਵਿਰੁੱਧ ਜੇਹਾਦ ਛੇੜਿਆ ਹੋਇਆ ਹੈ। ਭਾਵੇਂ ਦੁਨੀਆ ਦੇ ਬਹੁਤੇ ਦੇਸ਼ ਅੱਜ ਇਸ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਭਾਰਤ ਨੇ ਵੀ ਇਸ ਦੀ ਪੁਨਰਉਸਾਰੀ ਲਈ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ। ਅੱਜ ਵੀ ਇਸ ਦੇ ਅਨੇਕਾਂ ਹੀ ਉਸਾਰੀ ਪ੍ਰਾਜੈਕਟ ਉਥੇ ਚੱਲ ਰਹੇ ਹਨ। ਅਮਰੀਕਾ ਤੇ ਨਾਟੋ ਦੀਆਂ ਫ਼ੌਜਾਂ ਵੀ ਪਿਛਲੇ 20 ਵਰ੍ਹਿਆਂ ਤੋਂ ਇਥੇ ਡੇਰਾ ਜਮਾਈ ਬੈਠੀਆਂ ਹਨ ਪਰ ਤਾਲਿਬਾਨ ਨੂੰ ਦੁਨੀਆ ਭਰ ਵਿਚ ਫੈਲੇ ਅੱਤਵਾਦੀ ਗਰੁੱਪਾਂ ਤੇ ਖ਼ਾਸ ਕਰ ਕੁਝ ਅਰਬ ਦੇਸ਼ਾਂ ਵਲੋਂ ਮਿਲਦੀ ਆਰਥਿਕ ਮਦਦ ਅਤੇ ਪਾਕਿਸਤਾਨ ਵਿਚ ਇਸ ਦੇ ਟਿਕਾਣਿਆਂ ਕਰਕੇ ਇਸ ਨੇ ਆਪਣੀ ਤਾਕਤ ਵਿਚ ਲਗਾਤਾਰ ਵਾਧਾ ਕੀਤਾ ਹੈ। ਹੁਣ ਆਪਣੇ ਮੰਤਵਾਂ ਦੀ ਪੂਰਤੀ ਲਈ ਚੀਨ ਵੀ ਇਨ੍ਹਾਂ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਅਜਿਹੀ ਸੂਰਤ ਵਿਚ ਅਮਰੀਕੀ ਫ਼ੌਜਾਂ ਦੇ ਇਥੋਂ ਨਿਕਲਣ ਨਾਲ ਤਾਲਿਬਾਨ ਦੇ ਹੌਸਲੇ ਹੋਰ ਵੀ ਵਧੇ ਹਨ। ਖ਼ਬਰਾਂ ਅਨੁਸਾਰ ਅਫ਼ਗਾਨਿਸਤਾਨ ਦੇ 421 ਜ਼ਿਲ੍ਹਿਆਂ ਵਿਚੋਂ ਲਗਭਗ ਅੱਧੇ ਜ਼ਿਲ੍ਹਿਆਂ ‘ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਅਮਰੀਕਾ ਨੇ ਅਸ਼ਰਫ਼ ਗ਼ਨੀ ਸਰਕਾਰ ਨੂੰ ਵੱਡੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਭਾਰਤ ਵਿਰੁੱਧ ਲੜ ਰਹੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਹੋਰ ਵੱਖ-ਵੱਖ ਅੱਤਵਾਦੀ ਗਰੁੱਪ ਵੀ ਉਨ੍ਹਾਂ ਦੇ ਨਾਲ ਇਸ ਜੰਗ ਵਿਚ ਸ਼ਾਮਿਲ ਹੋ ਗਏ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਅਸ਼ਰਫ ਗ਼ਨੀ ਦੀ ਸਰਕਾਰ ਉਨ੍ਹਾਂ ਦਾ ਪੂਰਾ ਮੁਕਾਬਲਾ ਕਰ ਰਹੀ ਹੈ। ਇਕ ਮੁਲਾਕਾਤ ਵਿਚ ਗ਼ਨੀ ਨੇ ਕਿਹਾ ਹੈ ਕਿ ਤਾਲਿਬਾਨ ਆਉਂਦੇ 100 ਸਾਲ ਵਿਚ ਵੀ ਅਫ਼ਗਾਨਿਸਤਾਨ ‘ਤੇ ਮੁੜ ਕਾਬਜ਼ ਨਹੀਂ ਹੋ ਸਕਦੇ। ਉਨ੍ਹਾਂ ਇਹ ਵੀ ਮੰਨਿਆ ਹੈ ਕਿ ਕੁਝ ਲੜਾਈਆਂ ਉਨ੍ਹਾਂ ਨੇ ਜਿੱਤੀਆਂ ਹਨ ਪਰ ਅਖ਼ੀਰ ਜੰਗ ਵਿਚ ਉਨ੍ਹਾਂ ਦੀ ਹਾਰ ਹੋਵੇਗੀ। ਇਸ ਦੇ ਨਾਲ ਹੀ ਗ਼ਨੀ ਨੇ ਇਹ ਵੀ ਕਿਹਾ ਹੈ ਕਿ ਉਹ ਤਾਲਿਬਾਨ ਸਮੇਤ ਸਾਰੇ ਹੀ ਗਰੁੱਪਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਕਿਉਂਕਿ ਕੋਈ ਸਿਆਸੀ ਸਮਝੌਤਾ ਹੀ ਦੇਸ਼ ਨੂੰ ਸਥਿਰਤਾ ਦੇ ਸਕਦਾ ਹੈ। ਨਹੀਂ ਤਾਂ ਲਗਾਤਾਰ ਹੁੰਦੀ ਜੰਗ ਵਿਚ ਇਹ ਦੇਸ਼ ਤਬਾਹ ਹੋ ਜਾਵੇਗਾ। ਅਫ਼ਗਾਨਿਸਤਾਨ ਦੀ ਇਸ ਲੜਾਈ ਵਿਚ ਚਾਹੇ ਪਾਕਿਸਤਾਨ ਇਕ ਧਿਰ ਬਣ ਕੇ ਖੜ੍ਹਾ ਹੋ ਗਿਆ ਹੈ ਪਰ ਉਸ ਨੂੰ ਆਪਣੇ ਸਿਰ ਮੰਡਰਾ ਰਿਹਾ ਖ਼ਤਰਾ ਵੀ ਡਰਾ ਰਿਹਾ ਹੈ, ਕਿਉਂਕਿ ਲੱਖਾਂ ਹੀ ਸ਼ਰਨਾਰਥੀ ਉਸ ਦੀਆਂ ਸਰਹੱਦਾਂ ‘ਤੇ ਪੁੱਜ ਚੁੱਕੇ ਹਨ। ਪਾਕਿਸਤਾਨ ਦੇ ਨਾਲ-ਨਾਲ ਗੰਭੀਰ ਹੋ ਰਹੀ ਇਸ ਸਥਿਤੀ ਦਾ ਭਾਰਤ ‘ਤੇ ਵੀ ਅਸਰ ਪੈਣ ਦੀ ਵੱਡੀ ਸੰਭਾਵਨਾ ਬਣ ਗਈ ਹੈ, ਕਿਉਂਕਿ ਜਿਥੇ-ਜਿਥੇ ਤਾਲਿਬਾਨ ਕਬਜ਼ਾ ਕਰ ਰਹੇ ਹਨ, ਉਥੇ-ਉਥੇ ਉਨ੍ਹਾਂ ਨੇ ਆਪਣੇ ਸਖ਼ਤ ਸ਼ਰੀਅਤ ਦੇ ਕਾਨੂੰਨ ਵੀ ਠੋਸਣੇ ਸ਼ੁਰੂ ਕਰ ਦਿੱਤੇ ਹਨ। ਖ਼ਬਰਾਂ ਅਨੁਸਾਰ ਕਬਜ਼ੇ ਵਾਲੇ ਇਲਾਕਿਆਂ ਵਿਚ ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਔਰਤਾਂ ਇਕੱਲੀਆਂ ਘਰਾਂ ਤੋਂ ਬਾਹਰ ਨਾ ਨਿਕਲਣ। ਨਿਕਾਹ ਸਮੇਂ ਦਾਜ ਦੇਣ ਸਬੰਧੀ ਵੀ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਹਨ। ਉਨ੍ਹਾਂ ਨੇ ਔਰਤਾਂ ਦੀ ਸਿਲਾਈ ਤੇ ਕਢਾਈ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹੋਰ ਅਨੇਕਾਂ ਹੁਕਮ ਜਾਰੀ ਕਰਦਿਆਂ ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਵੀਆਂ ਖ਼ਬਰਾਂ ਅਨੁਸਾਰ ਅਫ਼ਗਾਨ ਸਰਕਾਰ ਨੇ ਬਹੁਤ ਸਾਰੇ ਇਲਾਕਿਆਂ ਵਿਚ ਕਰਫ਼ਿਊ ਲਗਾ ਦਿੱਤਾ ਹੈ। ਇਸੇ ਸਮੇਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਦੀ ਭਾਰਤ ਯਾਤਰਾ ਨੂੰ ਵੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਉਹ ਭਾਰਤੀ ਆਗੂਆਂ ਨਾਲ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ ਤੇ ਪਾਕਿਸਤਾਨ ਵਲੋਂ ਤਾਲਿਬਾਨ ਦੀ ਕੀਤੀ ਜਾ ਰਹੀ ਮਦਦ ਅਤੇ ਭਾਰਤ ਵਲੋਂ ਅਫ਼ਗਾਨਿਸਤਾਨ ਨੂੰ ਦਿੱਤੇ ਜਾਣ ਵਾਲੇ ਹਰ ਤਰ੍ਹਾਂ ਦੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਹੈ ਕਿ ਆਪਣੇ ਮੁਲਕ ਲਈ ਲੜਾਈ ਅਫ਼ਗਾਨ ਫ਼ੌਜ ਹੀ ਲੜੇਗੀ ਅਤੇ ਇਹ ਲੜਾਈ ਜਾਰੀ ਰਹੇਗੀ। ਹਾਲਾਤ ਨੂੰ ਦੇਖਦਿਆਂ ਇਹ ਜ਼ਰੂਰ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਜੇਕਰ ਕੌਮਾਂਤਰੀ ਭਾਈਚਾਰੇ ਵਲੋਂ ਇਸ ਮਸਲੇ ਦਾ ਕੋਈ ਸਿਆਸੀ ਹੱਲ ਨਾ ਕੱਢਿਆ ਗਿਆ ਤਾਂ ਇਹ ਮੁਲਕ ਤਬਾਹਕੁੰਨ ਗ੍ਰਹਿ ਯੁੱਧ ਵਿਚ ਫਸ ਜਾਵੇਗਾ, ਜਿਸ ਨਾਲ ਦੱਖਣੀ ਏਸ਼ੀਆ ਦੇ ਖਿੱਤੇ ‘ਤੇ ਲਗਾਤਾਰ ਖ਼ਤਰਾ ਮੰਡਰਾਉਂਦਾ ਰਹੇਗਾ।

-ਬਰਜਿੰਦਰ ਸਿੰਘ ਹਮਦਰਦ

Comment here