ਚਾਰ ਵਿਧਾਇਕਾਂ ਨੇ ਹਾਈਕਮਾਂਡ ਨੂੰ ਪਾਰਟੀ ਚੋਂ ਬਾਹਰ ਕਰਨ ਲਈ ਕਿਹਾ
ਰਾਣੇ ਨੇ ਕਿਹਾ- ਬਹੁਤੇ ਫੰਨੇ ਖਾਂ ਹੋ ਤਾਂ ਹਰਾ ਕੇ ਦਿਖਾਓ
ਚੰਡੀਗੜ੍ਹ-ਪੰਜਾਬ ਵਿਚ ਚੋਣਾਂ ਨੂੰ ਲੈ ਕੇ ਸਿਆਸੀ ਉਥਲ ਪੁਥਲ ਜਾਰੀ ਹੈ।ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ 4 ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਹ ਚਿੱਠੀ ਵਿਧਾਇਕ ਨਵਤੇਜ ਚੀਮਾ, ਸੁਖਪਾਲ ਖਹਿਰਾ, ਅਵਤਾਰ ਹੈਨਰੀ ਅਤੇ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਲਿਖੀ ਗਈ ਹੈ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੋਆਬਾ ਖੇਤਰ ਦੇ ਵੱਖ-ਵੱਖ ਹਲਕਿਆਂ ਜਿਵੇਂ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ਵਿਚ ਜਾਣਬੁੱਝ ਕੇ ਦਖਲਅੰਦਾਜ਼ੀ ਕਰਕੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ ਪਰ ਪੰਜਾਬ ਮੰਤਰੀ ਮੰਡਲ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਮੁੜ ਮੰਤਰੀ ਬਣਾ ਦਿੱਤਾ।
ਉਹਨਾਂ ਲਿਖਿਆ ਕਿ ਮੁੜ ਮੰਤਰੀ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਦੋ ਵਾਰ ਕਾਂਗਰਸੀ ਵਿਧਾਇਕ ਰਹੇ ਨਵਤੇਜ ਸਿੰਘ ਚੀਮਾ ਦੇ ਮੁਕਾਬਲੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਪਾਰਟੀ ਅਨੁਸ਼ਾਸਨ ਦੀ ਘੋਰ ਉਲੰਘਣਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਇਹ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਦਾਗੀ ਰਾਣਾ ਗੁਰਜੀਤ ਸਿੰਘ ਵੱਲੋਂ ਪਾਰਟੀ ਅਨੁਸ਼ਾਸਨ ਦੀ ਘੋਰ ਉਲੰਘਣਾ ਅਤੇ ਇਸ ਦੇ ਮੱਦੇਨਜ਼ਰ ਅਸੀਂ ਅਪੀਲ ਕਰਦੇ ਹਾਂ ਕਿ ਕਪੂਰਥਲਾ ਹਲਕੇ ਤੋਂ ਉਹਨਾਂ ਦੀ ਨਾਮਜ਼ਦਗੀ ਤੁਰੰਤ ਵਾਪਸ ਲਈ ਜਾਵੇ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਅਜਿਹੇ ਆਗੂਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾਵੇ।
ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਅਤੇ ਉਹਨਾਂ ਨੇ ਹਾਲ ਹੀ ਵਿਚ ਗੋਰਾ ਗਿੱਲ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਕਰਵਾਇਆ ਹੈ। ਇਸ ਤੋਂ ਇਲਾਵਾ ਉਹਨਾਂ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ‘ਤੇ ਵੀ ਬੇਬੁਨਿਆਦ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਕਰ ਰਹੇ ਹਨ।
ਰਾਣਾ ਗੁਰਜੀਤ ਨੇ ਚਿੱਠੀ ਲਿਖਣ ਵਾਲੇ ਵਿਧਾਇਕਾਂ ਨੂੰ ਦਿੱਤਾ ਠੋਕਵਾਂ ਜਵਾਬ
ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਣ ਦੀ ਮੰਗ ਨੂੰ ਲੈ ਕੇ ਹਾਈਕਮਾਨ ਨੂੰ ਪੱਤਰ ਲਿਖਣ ਵਾਲੇ ਕਾਂਗਰਸ ਦੇ 4 ਉਮੀਦਵਾਰਾਂ ਖ਼ਿਲਾਫ਼ ਤਿੱਖਾ ਹਮਲਾ ਬੋਲਦਿਆਂ ਵੱਡੀ ਚੁਣੌਤੀ ਦਿੱਤੀ ਹੈ। ਰਾਣਾ ਗੁਰਜੀਤ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਪਿਛਲੇ ਪੰਜ ਸਾਲ ਲੋਕ ਸੇਵਾ ਕੀਤੀ ਹੈ ਤਾਂ ਫਿਰ ਡਰ ਕਿਸ ਗੱਲ ਦਾ ਸਤਾ ਰਿਹਾ ਹੈ।ਉਨ੍ਹਾਂ ਨੇ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਚਾਰੇ ਉਮੀਦਵਾਰ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਹੋ ਤਾਂ ਚਾਰੇ ਰਲ ਕੇ ਮੈਨੂੰ ਕਪੂਰਥਲੇ ਤੋਂ ਹਰਾ ਕੇ ਦਿਖਾਓ। ਰਾਣਾ ਗੁਰਜੀਤ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲਿਆਂ ‘ਤੇ ਕੋਈ ਇਤਰਾਜ਼ ਨਹੀਂ ਹੈ। ਜੇ ਮੈਂ ਨਿਕੰਮਾ ਹੋਇਆ ਤਾਂ ਮੈਨੂੰ ਕੱਢ ਦੇਣਗੇ ਤੇ ਜੇ ਮੈਂ ਕੰਮ ਦਾ ਹਾਂ ਤਾਂ ਨਹੀਂ ਕੱਢਣਗੇ। ਨਵਤੇਜ ਚੀਮਾ ਬਾਰੇ ਬੋਲਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੂੰ ਕੰਮ ਕਰਕੇ ਵਿਖਾਉਣ ਦਾ ਬਹੁਤ ਵੱਡਾ ਮੌਕਾ ਮਿਲਿਆ ਸੀ ਪਰ ਚੀਮਾ ਨੇ ਕੁਝ ਨਹੀਂ ਕੀਤਾ ਸਗੋਂ ਜਿੰਨਾ ਪੈਸਾ ਮਿਲਿਆ, ਸਾਰਾ ਖੁਰਦ-ਬੁਰਦ ਕਰ ਦਿੱਤਾ। ਹੁਣ ਜੇਕਰ ਹਲਕੇ ਦੇ ਲੋਕ ਆਪ ਉਨ੍ਹਾਂ ਦੇ ਪੁੱਤਰ ਨੂੰ ਚੋਣ ਲੜਾ ਰਹੇ ਹਨ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ। ਹਾਈਕਮਾਨ ਨੂੰ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਚੀਕਾਂ ਮਾਰਨ ਦੀ ਬਜਾਏ ਤੁਸੀਂ ਆਪੋ-ਆਪਣੇ ਹਲਕੇ ‘ਚ ਮਿਹਨਤ ਕਰਕੇ ਜਿੱਤ ਕੇ ਦਿਖਾਓ।
Comment here