ਸਿਆਸਤਖਬਰਾਂ

ਅਡਾਨੀ ਦਾ ਲਾਜਿਸਟਿਕ ਪਾਰਕ ਬੰਦ ਹੋਣ ਨਾਲ ਬੇਰੁਜ਼ਗਾਰ ਹੋਏ ਨੌਜਵਾਨਾਂ ਦੇ ਘਰੀਂ ਸੋਗ

ਲੁਧਿਆਣਾ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਕਾਰਨ ਲੱਗੇ ਧਰਨੇ ਕਰਕੇ ਅਡਾਨੀ ਗਰੁੱਪ ਦਾ ਕਿਲ੍ਹਾ ਰਾਏਪੁਰ ਸਥਿਤ ਮਲਟੀ ਮਾਡਲ ਲਾਜਿਸਟਿਕ ਪਾਰਕ ਬੰਦ ਹੋ ਗਿਆ ਹੈ ਜਿਸ ਨਾਲ ਵੱਡੀ ਗਿਣਤੀ ‘ਚ ਨੌਜਵਾਨਾਂ ਦਾ ਰੁਜ਼ਗਾਰ ਖੁਸ ਗਿਆ ਹੈ। ਇੱਥੇ ਕੰਮ ਕਰ ਰਹੇ ਕਰੀਬ 400 ਨੌਜਵਾਨਾਂ ‘ਚੋਂ ਪੁੱਕੇ ਮੁਲਾਜ਼ਮਾਂ ਨੂੰ ਤਾਂ ਹੋਰਨਾਂ ਸੂਬਿਆਂ ‘ਚ ਤਬਦੀਲ ਕਰ ਦਿੱਤਾ ਗਿਆ ਹੈ, ਪਰ ਠੇਕੇ ‘ਤੇ ਕੰਮ ਕਰ ਰਹੇ ਨੌਜਵਾਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੰਪਨੀ ਨੇ ਕਰੀਬ ਦੋ ਤਿੰਨ ਮਹੀਨੇ ਪਹਿਲਾਂ ਹੀ ਪੇਸ਼ਗੀ ਤਨਖ਼ਾਹ ਦੇ ਕੇ ਨੌਕਰੀ ਤੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਬੇਰੁਜ਼ਗਾਰ ਹੋਏ ਨੌਜਵਾਨਾਂ ਨੇ ਕਿਹਾ ਹੈ ਕਿ ਕੋਰੋਨਾ ਕਾਰਨ ਬਾਕੀ ਕੰਪਨੀਆਂ ਨੇ ਵੀ ‘ਹਾਇਰਿੰਗ’ ਬੰਦ ਕੀਤੀ ਹੋਈ ਹੈ, ਅਜਿਹੇ ‘ਚ ਛੇਤੀ ਨੌਕਰੀ ਨਾ ਮਿਲੀ ਤਾਂ ਉਨ੍ਹਾਂ ਦੀ ਪਰੇਸ਼ਾਨੀ ਵੱਧ ਜਾਵੇਗੀ। ਅਡਾਨੀ ਪਾਰਕ ‘ਚ ਕੰਮ ਕਰਨ ਵਾਲੇ ਅੰਮਿ੍ਤਸਰ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਨੌਂ ਸਾਲ ਤੋਂ ਗਰੁੱਪ ਨਾਲ ਕੰਮ ਕਰ ਰਿਹਾ ਹੈ। ਉਸ ਦੀ ਨਿਯੁਕਤੀ ‘ਥਰਡ ਪਾਰਟੀ ਅਪੁਆਇੰਟਮੈਂਟ’ ਤਹਿਤ ਹੋਈ ਸੀ। ਪਹਿਲੀ ਅਗਸਤ ਤੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹੁਣ ਉਹ ਵਾਪਸ ਅੰਮਿ੍ਤਸਰ ਚਲਾ ਗਿਆ । ਕੁਝ ਮਹੀਨੇ ਪਹਿਲਾਂ ਹੀ ਉਸ ਨੇ ਬੈਂਕ ਤੋਂ ਮਕਾਨ ਲਈ 25 ਲੱਖ ਦਾ ਕਰਜ਼ਾ ਲਿਆ ਸੀ। ਉਸ ਦੀ 20 ਸਾਲ ਲਈ 17 ਹਜ਼ਾਰ ਰੁਪਏ ਮਹੀਨਾ ਕਿਸ਼ਤ ਹੈ। ਦੋ ਬੇਟੀਆਂ ਹਨ। ਨੌਕਰੀ ਜਾਣ ਨਾਲ ਚਿੰਤਾ ਵਧ ਗਈ ਹੈ। ਉਸ ਨੇ ਆਪਣੇ ਸਹਿਯੋਗੀਆਂ ਨਾਲ ਜਾ ਕੇ ਖ਼ੁਦ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਲਾਜਿਸਟਿਕਸ ਪਾਰਕ ਦੇ ਮੁੱਖ ਗੇਟ ਤੋਂ ਹਟ ਕੇ ਬੈਠ ਜਾਣ, ਤਾਂ ਕਿ ਕੰਮ ਚੱਲਦਾ ਰਹੇ ਤੇ ਲੋਕਾਂ ਦਾ ਰੁਜ਼ਗਾਰ ਬਣਿਆ ਰਹੇ, ਪਰ ਕਿਸਾਨਾਂ ਨੇ ਇਕ ਨਾ ਮੰਨੀ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਆਏ ਸੰਜੀਵ ਨੂੰ ਵੀ ਅਡਾਨੀ ਪਾਰਕ ਬੰਦ ਹੋਣ ਨਾਲ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਉਹ ਲਾਜਿਸਟਿਕਸ ਪਾਰਕ ਦੇ ਰੇਲ ਆਪ੍ਰਰੇਸ਼ਨ ‘ਚ ਕੰਮ ਕਰਦਾ ਸੀ। ਕੋਵਿਡ ਕਾਲ ‘ਚ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ।  ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਵੀ ਉਸ ‘ਤੇ ਹੈ। ਸਕੂਲ ਨੂੰ ਲਿਖ ਕੇ ਦਿੱਤਾ ਹੈ ਕਿ ਨੌਕਰੀ ਚਲੀ ਗਈ ਤੇ ਬੱਚਿਆਂ ਦੀ ਫੀਸ ਮਾਫ਼ ਕੀਤੀ ਜਾਵੇ। ਹਰ ਮਹੀਨੇ ਛੇ ਹਜ਼ਾਰ ਰੁਪਏ ਫੀਸ ਦੇਣਾ ਹੁਣ ਉਸ ਦੇ ਵੱਸ ‘ਚ ਨਹੀਂ ਹੈ। ਉਸ ਨੇ ਕਿਹਾ ਕਿ ਉਸ ਜਿਹੇ ਸਾਰੇ ਹੀ ਨੌਕਰੀ ਗਵਾ ਚੁੱਕੇ ਲੋਕਾਂ ਦੇ ਪਰਿਵਾਰਾਂ ਚ ਇਸ ਪਾਰਕ ਦੇ ਬੰਦ ਹੋਣ ਨਾਲ ਸੋਗ ਦਾ ਮਹੌਲ ਹੈ, ਉਹ ਕਿਸਾਨਾਂ ਦੇ ਅੰਦੋਲਨ ਦਾ ਵੀ ਵਿਰੋਧ ਨਹੀਂ ਕਰਦੇ ਪਰ ਉਹਨਾਂ ਦਾ ਕਸੂਰ ਕੀ ਸੀ, ਜਿਸ ਦੀ ਉਹਨਾਂ ਨੂੰ ਸਰਕਾਰ ਤੇ ਕਿਸਾਨਾਂ ਦੀ ਲੜਾਈ ਚ ਸਜ਼ਾ ਮਿਲੀ ਹੈ।  ਓਧਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਸੱਤ ਮਹੀਨੇ ਤਕ ਤਨਖ਼ਾਹ, ਪ੍ਰਮੋਸ਼ਨ ਤੇ ਇੰਕ੍ਰੀਮੈਂਟ ਵੀ ਦਿੱਤਾ, ਪਰ ਹਾਲਾਤ ਸੁਧਰਦੇ ਨਾ ਦੇਖ ਉਨ੍ਹਾਂ ਨੂੰ ਕਾਮਿਆਂ ਨੂੰ ਨੌਕਰੀ ਤੋਂ ਜੁਆਬ ਦੇਣਾ ਪਿਆ, ਨਾਲ ਹੀ ਇਹ ਭਰੋਸਾ ਵੀ ਦਿੱਤਾ ਹੈ ਕਿ ਜਦੋਂ ਕੰਮ ਸ਼ੁਰੂ ਹੋਵੇਗਾ ਤਾਂ ਵਾਪਸ ਨੌਕਰੀ ‘ਤੇ ਰੱਖ ਲਿਆ ਜਾਵੇਗਾ।

ਪਰ ਸੰਯੁਕਤ ਕਿਸਾਨ ਮੋਰਚੇ  ਦੇ ਬੈਨਰ ਹੇਠ ਇਕ ਜਨਵਰੀ  ਤੋਂ ਇਥੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਆਪਣਾ ਰੁਖ ਸਾਫ ਕੀਤਾ ਹੈ ਕਿ ਜੇ ਇਸ ਪਾਰਕ ਨੂੰ ਕਿਰਾਏ ’ਤੇ ਵੀ ਦਿੱਤਾ ਜਾਂ ਇਸ ਦਾ ਨਾਂ ਬਦਲ ਕੇ ਚਲਾਉਣ ਦੀ  ਕੋਸ਼ਿਸ਼ ਕੀਤੀ ਗਈ ਤਾਂ ਵੀ ਅਸੀਂ ਕੰਮ ਨਹੀਂ ਚਲਣ ਦਿਆਂਗੇ

Comment here