ਸਿਆਸਤਖਬਰਾਂਚਲੰਤ ਮਾਮਲੇ

ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਤਿਆਰੀ ਸ਼ੁਰੂੁ

ਅੰਮ੍ਰਿਤਸਰ-ਕੌਮਾਂਤਰੀ ਅਟਾਰੀ ਸਰਹੱਦ ’ਤੇ ਛੇਤੀ ਹੀ 418 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਜੁਆਇੰਟ ਚੈੱਕ ਪੋਸਟ (ਜੇਸੀਪੀ) ਅਟਾਰੀ ’ਤੇ ਕੌਮੀ ਝੰਡਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਹੈ ਕਿ ਗਣਤੰਤਰ ਦਿਹਾੜੇ ਦੇ ਮੌਕੇ ’ਤੇ ਇਹ ਅਸਮਾਨ ਨੂੰ ਛੂਹਣ ਵਾਲਾ ਝੰਡਾ ਲਹਿਰਾਇਆ ਜਾਵੇ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮਗਰੋਂ ਪਾਕਿਸਤਾਨ ਵੀ ਆਪਣੇ ਝੰਡੇ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। 2017 ’ਚ ਭਾਰਤ ਨੇ ਜੇਪੀਸੀ ’ਤੇ 360 ਫੁੱਟ ਉੱਚਾ ਤਿਰੰਗਾ ਲਾਇਆ ਸੀ। ਝੰਡੇ ਦੀ ਲੰਬਾਈ 120 ਫੁੱਟ ਤੇ ਚੌੜਾਈ 80 ਫੁੱਟ ਹੈ। ਇਹ ਤਿਰੰਗਾ ਤਿੰਨ ਵਾਰੀ ਤੇਜ਼ ਹਵਾ ਕਾਰਨ ਫਟ ਗਿਆ ਸੀ। ਇਸ ਨੂੰ ਠੀਕ ਕਰ ਕੇ ਮੁੜ ਲਹਿਰਾਇਆ ਗਿਆ, ਜਿਸ ’ਤੇ ਕਾਫ਼ੀ ਵਿਵਾਦ ਹੋਇਆ ਸੀ। ਇਸ ਨੂੰ ਇੰਪਰੂਵਮੈਂਟ ਟਰੱਸਟ ਨੇ ਲਾਇਆ ਸੀ। ਇਸ ਨੂੰ ਦੇਖ ਕੇ ਪਾਕਿਸਤਾਨ ਨੇ ਚੀਨ ਦੀ ਸਹਾਇਤਾ ਨਾਲ ਆਪਣੇ ਝੰਡੇ ਦੀ ਉੱਚਾਈ 400 ਫੁੱਟ ਕਰ ਲਈ। ਇਸ ਵਿਚ ਲਿਫਟ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਸਨ। ਫਿਰ ਭਾਰਤ ਨੇ ਆਪਣੇ ਤਿਰੰਗੇ ਦੀ ਉੱਚਾਈ ਵਧਾਉਣ ਲਈ ਕੋਸ਼ਿਸ਼ ਸ਼ੁਰੂ ਕੀਤੀ।
ਐੱਨਐੱਚਏਆਈ ਨੇ ਇਸ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ। ਮਨਜ਼ੂਰੀ ਮਿਲਣ ਮਗਰੋਂ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਾਕਿਸਤਾਨ ਸਥਿਤ ਵਾਹਗਾ ਸਰਹੱਦ ’ਤੇ ਪਾਕਿਸਤਾਨੀ ਝੰਡਾ ਦਰਸ਼ਕ ਗੈਲਰੀ ’ਚ ਲਾਇਆ ਗਿਆ ਹੈ। ਇਹ ਭਾਰਤੀ ਦਰਸ਼ਕ ਗੈਲਰੀ ਤੋਂ ਨਜ਼ਰ ਆਉਂਦਾ ਹੈ। ਜੇਸੀਪੀ ਅਟਾਰੀ ’ਤੇ ਇਸ ਸਮੇਂ ਲੱਗਾ ਸਾਡਾ ਝੰਡਾ 360 ਫੁੱਟ ਉੱਚਾ ਹੈ, ਜਿਹੜਾ ਭਾਰਤੀ ਦਰਸ਼ਕ ਗੈਲਰੀ ਤੋਂ ਨਜ਼ਰ ਆਉਂਦਾ ਹੈ। ਹੁਣ ਇਸ ਦੀ ਉੱਚਾਈ ਵਧਾਈ ਜਾ ਰਹੀ ਹੈ।

Comment here