ਵਾਸ਼ਿੰਗਟਨ-ਇੰਡੀਆ ਕਾਕਸ ਦੇ ਸਹਿ-ਪ੍ਰਧਾਨਾਂ ਨੇ ਇਕ ਬਿਆਨ ’ਚ ਕਿਹਾ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਭਾਰਤ ਖਿਲਾਫ ਚੀਨ ਦੀ ਤਾਜ਼ਾ ਹਮਲਾਵਰਤਾ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦੀ ਹੈ। ਸਹਿ-ਪ੍ਰਧਾਨਾਂ ਨੇ ਕਿਹਾ, ‘‘ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਹਾਲੀਆ ਹਮਲਾਵਰਤਾ ਇਸ ਗੱਲ ਦੀ ਇਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਭਾਰਤ ਦੇ ਨਾਲ ਮਜ਼ਬੂਤ ਸੁਰੱਖਿਆ ਭਾਈਵਾਲੀ ਅਮਰੀਕਾ ਤੇ ਸਾਡੇ ਸਹਿਯੋਗੀਆਂ ਦੀ ਰਾਸ਼ਟਰੀ ਸੁਰੱਖਿਆ ਲਈ ਕਿਉਂ ਅਹਿਮ ਹੈ।’’ ਸਹਿ-ਪ੍ਰਧਾਨਾਂ ਨੇ ਕਿਹਾ, ‘‘ਇਹ ਘਟਨਾ ਭਾਰਤੀ ਖੇਤਰ ’ਚ ਇਕ ਵਾਰ ਫਿਰ ਪੀਪਲਜ਼ ਰਿਪਬਲਿਕ ਆਫ ਚਾਈਨਾ (ਪੀ. ਆਰ. ਸੀ.) ਦੇ ਖ਼ਤਰੇ ਦਾ ਸੰਕੇਤ ਹੈ, ਜਿਸ ’ਚ 2020 ’ਚ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ’ਤੇ ਚੀਨ ਦੀ ਅਗਾਊਂ ਨਿਰਧਾਰਤ ਹਮਲਾਵਰਤਾ ਕਾਰਨ ਲੱਗਭਗ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ।’’
ਬਿਆਨ ’ਚ ਕਿਹਾ ਗਿਆ ਹੈ ਇੰਡੀਆ ਕਾਕਸ ਦੇ ਸਹਿ ਪ੍ਰਧਾਨਾਂ ਦੇ ਤੌਰ ’ਤੇ ਅਸੀਂ ਦੋਪੱਖੀ ਸਬੰਧਾਂ ਨੂੰ ਡੂੰਘਾ ਕਰਨ ਲਈ ਸਾਲਾਂ ਤਕ ਕੰਮ ਕੀਤਾ ਹੈ, ਜੋ ਅੱਗੇ ਵੀ ਜਾਰੀ ਰਹੇਗਾ। ਪ੍ਰਤੀਨਿਧੀ ਸਭਾ ਵੱਲੋਂ ਪਾਸ ਵਿੱਤੀ ਸਾਲ 2023 ਐੱਨ. ਡੀ. ਏ. ਏ. ’ਚ ਖੰਨਾ-ਸ਼ਰਮਨ-ਸ਼੍ਰੇਈਕਰਟ ਸੋਧ ਨੂੰ ਸ਼ਾਮਲ ਕਰਕੇ ਇੰਡੀਆ ਕਾਕਸ ਨੇ ਇਸ ਦਿਸ਼ਾ ਵਿਚ ਤਰੱਕੀ ਕੀਤੀ ਹੈ, ਜਿਸ ’ਚ ਭਾਰਤ ਨੂੰ ਚੀਨ ਤੋਂ ਹੋਣ ਵਾਲੇ ਤੱਤਕਾਲੀ ਤੇ ਗੰਭੀਰ ਖੇਤਰੀ ਸਰਹੱਦ ਖ਼ਤਰਿਆਂ ’ਤੇ ਚਾਨਣਾ ਪਾਇਆ ਗਿਆ ਹੈ।’’

Comment here