ਜਾਖੜ ਨੇ ਪਾਰਟੀ ਨੂੰ ਕਿਹਾ-ਗੁੱਡ ਲੱਕ
ਨਵੀਂ ਦਿੱਲੀ– ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਵਿਚੋਂ ਦੋ ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜਾਖੜ ’ਤੇ ਆਖਰੀ ਫ਼ੈਸਲਾ ਕਾਂਗਰਸ ਹਾਈਕਮਾਨ ਨੇ ਲੈਣਾ ਹੈ ਪਰ ਅਨੁਸ਼ਾਸਨੀ ਕਮੇਟੀ ਨੇ ਹਾਈਕਮਾਨ ਨੂੰ ਸਿਫਾਰਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਜਾਖੜ ਨੇ ਪਾਰਟੀ ਦੇ ਖ਼ਿਲਾਫ਼ ਜਾ ਕੇ ਨਾ ਸਿਰਫ ਬਿਆਨਬਾਜ਼ੀ ਕੀਤੀ ਸਗੋਂ ਅਨੁਸ਼ਾਸਨ ਨੂੰ ਵੀ ਭੰਗ ਕੀਤਾ ਹੈ, ਲਿਹਾਜ਼ਾ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ’ਚੋਂ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਹੀ ਇਹ ਅਨੁਸ਼ਾਸਨੀ ਕਮੇਟੀ ਬਣਾਈ ਗਈ ਸੀ, ਜਿਸ ਤੋਂ ਬਾਅਦ ਕਮੇਟੀ ਵਲੋਂ ਜਾਖੜ ਤੋਂ ਜਵਾਬ ਮੰਗਿਆ ਗਿਆ ਸੀ ਪਰ ਜਾਖੜ ਨੇ ਇਸ ’ਤੇ ਕੋਈ ਜਵਾਬ ਨਹੀਂ ਦਿੱਤੀ ਸੀ। ਹੁਣ ਜਦੋਂ ਕਮੇਟੀ ਨੇ ਪਾਰਟੀ ਹਾਈਕਮਾਨ ਨੂੰ ਜਾਖੜ ’ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਤਾਂ ਇਸ ’ਤੇ ਆਖਰੀ ਫ਼ੈਸਲਾ ਸੋਨੀਆ ਗਾਂਧੀ ਵਲੋਂ ਹੀ ਲਿਆ ਜਾਣਾ ਹੈ।
ਸੁਨੀਲ ਜਾਖੜ ਨੇ ਅਨੁਸ਼ਾਸਨੀ ਕਮੇਟੀ ਵਲੋਂ ਲਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਹੀ ਟਿੱਪਣੀ ਕੀਤੀ ਸੀ। ਜਾਖੜ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਆਖਿਆ ਸੀ ਕਿ ‘ਆਜ ਸਿਰ ਕਲਮ ਹੋਂਗੇ ਉਨਕੇ, ਜਿਨਮੇਂ ਅਭੀ ਜ਼ਮੀਰ ਬਾਕੀ ਹੈ। ਬਾਅਦ ਚ ਦੋ ਸਾਲ ਲਈ ਪਾਰਟੀ ’ਚੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਕਾਂਗਰਸ ਨੂੰ ਗੁੱਡ ਲੱਕ ਆਖਿਆ ਹੈ।
ਸੰਦੀਪ ਜਾਖੜ ਨੇ ਕਮੇਟੀ ਦੀ ਸਿਫਾਰਸ਼ ਦਾ ਕੀਤਾ ਵਿਰੋਧ
ਸੁਨੀਲ ਜਾਖੜ ਨੂੰ 2 ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਦਾ ਉਹਨਾਂ ਦੇ ਭਤੀਜੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਵਿਰੋਧ ਕੀਤਾ ਹੈ।ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਾਂਗਰਸ ਦੀ ਸਥਿਤੀ ਕਮਜੋਰ ਹੋ ਰਹੀ ਹੈ। ਇੱਕ ਪਾਸੇ ਤਾਂ ਕਾਂਗਰਸ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ, ਉਨ੍ਹਾਂ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਪਾਰਟੀ ਅਨੁਸ਼ਾਸਨ ਦੀ ਗੱਲ ਕਰਦੀ ਹੈ ਤਾਂ ਇਹ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਸੰਦੀਪ ਜਾਖੜ ਨੇ ਆਖਿਆ ਕਿ ਸੁਨੀਲ ਜਾਖੜ ਇਕ ਖਾਸ ਧਰਮ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਵੇਲੇ ਕਿਸ ਨੇ ਕਿਸ ਦੀ ਮਦਦ ਕੀਤੀ ਹੈ, ਅਤੇ ਕੀ ਕੁਝ ਬੋਲਿਆ ਹੈ, ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਸਾਡੇ ਪਰਿਵਾਰ ਨੇ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਹਾਈਕਮਾਂਡ ਨੂੰ ਸੁਨੀਲ ਜਾਖੜ ਦਾ ਵੀ ਪੱਖ ਸੁਨਣਾ ਚਾਹੀਦਾ ਸੀ।


Comment here