ਸਿਆਸਤਖਬਰਾਂ

90 ਮਿਲੀਅਨ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਮਿਲਿਆ ਟੂਟੀ ਦਾ ਪਾਣੀ: ਜਲ ਸ਼ਕਤੀ ਮੰਤਰਾਲਾ

ਨਵੀਂ ਦਿੱਲੀ-ਜਲ ਸ਼ਕਤੀ ਮਤਰਾਲਾ ਨੇ ਕੱਲ੍ਹ ਆਪਣੇ ਇਕ ਬਿਆਨ ਵਿੱਚ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਦੇਸ਼ ਭਰ ਦੇ ਨੌਂ ਕਰੋੜ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਹੁਣ ਸਾਫ਼ ਟੂਟੀ ਦਾ ਪਾਣੀ ਮਿਲ ਰਿਹਾ ਹੈ। ਜਲ ਸ਼ਕਤੀ ਮੰਤਰਾਲਾਵੱਲੋਂ ਜਾਰੀ ਬਿਆਨ ਅਨੁਸਾਰ, 2019 ਵਿੱਚ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਤੋਂ ਬਾਅਦ, 98 ਜ਼ਿਲ੍ਹਿਆਂ, 1,129 ਬਲਾਕਾਂ, 66,067 ਗ੍ਰਾਮ ਪੰਚਾਇਤਾਂ ਅਤੇ 1,36,135 ਪਿੰਡਾਂ ਵਿੱਚ ਘਰਾਂ ਨੂੰ ਸਾਫ਼ ਟੂਟੀ ਦਾ ਪਾਣੀ ਮਿਲ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਗੋਆ, ਹਰਿਆਣਾ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਪੁਡੂਚੇਰੀ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿੱਚ, ਹਰ ਪੇਂਡੂ ਘਰ ਵਿੱਚ ਨਲਕੇ ਵਾਲੇ ਪਾਣੀ ਦੀ ਸਪਲਾਈ ਹੈ। ਪੰਜਾਬ(99 ਫੀਸਦੀ), ਹਿਮਾਚਲ ਪ੍ਰਦੇਸ਼ (92.4 ਫੀਸਦੀ), ਗੁਜਰਾਤ (92 ਫੀਸਦੀ) ਅਤੇ ਬਿਹਾਰ (90 ਫੀਸਦੀ) ਵਰਗੇ ਕਈ ਹੋਰ ਰਾਜ ਇਸ ਸਾਲ “ਹਰ ਘਰ ਜਲ” ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਹਨ। ਸਰਕਾਰ ਨੇ ਪੰਜ ਸਾਲਾਂ ਦੇ ਅਰਸੇ ਵਿੱਚ ਦੇਸ਼ ਦੇ ਹਰ ਪੇਂਡੂ ਘਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਦੇ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਲਈ 3.6 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਬਜਟ 2022-23 ਵਿੱਚ 3.8 ਕਰੋੜ ਪਰਿਵਾਰਾਂ ਨੂੰ ਨਲਕੇ ਦਾ ਪਾਣੀ ਮੁਹੱਈਆ ਕਰਵਾਉਣ ਲਈ “ਹਰ ਘਰ ਜਲ” ਲਈ 60,000 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ, 2021-22 ਵਿੱਚ ਰਾਜਾਂ ਨੂੰ 26,940 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਸੀ ਕਿਉਂਕਿ 15ਵੇਂ ਵਿੱਤ ਕਮਿਸ਼ਨ ਨੇ ਪੇਂਡੂ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਪਾਣੀ ਅਤੇ ਸੈਨੀਟੇਸ਼ਨ ਲਈ ਗਰਾਂਟਾਂ ਦਿੱਤੀਆਂ ਸਨ। ਬਿਆਨ ਵਿੱਚ ਕਿਹਾ ਗਿਆ ਹੈ, “ਅਗਲੇ ਪੰਜ ਸਾਲਾਂ ਲਈ ਭਾਵ 2025-26 ਤੱਕ 1,42,084 ਕਰੋੜ ਰੁਪਏ ਦਾ ਨਿਸ਼ਚਿਤ ਫੰਡਿੰਗ ਹੈ।”

Comment here