ਮਨੋਰੰਜਨ

80ਵੇਂ ਦਹਾਕੇ ਦੇ ਸੰਗੀਤਕ ਮਹੌਲ ਨੂੰ ਜਿਉਂਦਾ ਕਰਨ ਵਾਲੀ ਫਿਲਮ ਹੈ-ਪਾਣੀ ਚ ਮਧਾਣੀ

 ਪੰਜਾਬੀ ਸੰਗੀਤ ਦਾ ਤੋੜ ਲੱਭਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਤੇ ਸਾਨੂੰ ਇਹ ਗੱਲ ਸਾਬਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ‘ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ। ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ ‘ਪਾਣੀ ‘ਚ ਮਧਾਣੀ’ 5 ਨਵੰਬਰ 2021 ਨੂੰ ਸਿਨੇਮਾਘਰਾਂ  ਵਿਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਨ੍ਹਾਂ ਨੂੰ ਮਸ਼ਹੂਰ ਵੀ ਕੀਤਾ । ਇਹ ਫਿਲਮ ਸੰਗੀਤ ‘ਤੇ ਅਧਾਰਤ ਹੈ, ਤੁਸੀਂ ਹੰਬਲ ਮਿਯੂਜ਼ਿਕ ਅੰਦਰ ਛੇ ਵੱਖੋ-ਵੱਖਰੇ ਗੀਤਾਂ ਦਾ ਅਨੰਦ ਲਓਗੇ ਜੋ ਕਿ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ‘ਤੇ ਫਿਲਮਾਏ ਗਏ ਹਨ, ਜਿਨ੍ਹਾਂ ਨੂੰ ਖੁਦ ਫਿਲਮ ਵਿੱਚ ਗਾਇਕਾਂ ਵਜੋਂ ਪੇਸ਼ ਕੀਤਾ ਜਾਵੇਗਾ। ਇਕ ਫਿਲਮ ਨੂੰ ਸੰਗੀਤ ਦੇ ਨਾਲ-ਨਾਲ ਨਿਰਦੇਸ਼ਨ ਪੱਖੋਂ ਵੀ ਧਿਆਨ ‘ਚ ਰੱਖਣਾ ਬਹੁਤ ਹੀ ਵੱਡੀ ਗੱਲ ਹੈ, ਖਾਸ ਤੌਰ ਤੇ ਜਦੋਂ ਇਕ ਫਿਲਮ ਪੁਰਾਣੇ ਵੇਲੇਆਂ ‘ਤੇ ਅਧਾਰਤ ਹੋਵੇ ਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਇਸ ਗੱਲ ਨੂੰ ਲੈ ਕੇ ਬਹੁਤ ਹੀ ਮਾਹਰ ਹਨ । ਸੰਗੀਤ ਦਾ ਨਿਰਦੇਸ਼ਨ ਪ੍ਰਸਿੱਧ ਅਤੇ ਪ੍ਰਤਿਭਾਸ਼ਾਲੀ ਸੰਗੀਤਕਾਰ, ਜਤਿੰਦਰ ਸ਼ਾਹ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਹੁਣ ਘੱਟੋ ਘੱਟ 14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ਾਹ ਜੀ ਵਿੱਚ ਬਹੁਤ ਵਿਸ਼ਵਾਸ  ਹੈ ਅਤੇ ਉਨ੍ਹਾਂ ਨੂੰ ਇਹ ਬੇਮਿਸਾਲ ਪ੍ਰੋਜੈਕਟ ਦਿੱਤਾ I ਸ਼ਾਹ ਇਸ ਪ੍ਰੋਜੈਕਟ ਨੂੰ ਕਰ ਕੇ ਆਪਣੇ ਆਪ ਨੂੰ ਬਹੁਤ  ਖੁਸ਼ਕਿਸਮਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ, “ਅਸੀਂ ਲੋਕ-ਸੰਗੀਤ ਸੁਣਦੇ ਹੋਏ ਹੀ ਵੱਡੇ ਹੋਏ ਹਾਂ ਇਸ ਲਈ ਮੇਰੇ ਇਸ ਤਜ਼ਰਬੇ ਨੇ ਸੰਗੀਤ ਦੀ ਹਰ ਛੋਟੀ ਤੋਂ ਛੋਟੀ ਬਰੀਕੀ ਨੂੰ ਉਸ ਸ਼ੈਲੀ ਅਤੇ ਉਸ ਢੰਗ ਨਾਲ ਬਣਾਉਣ ਵਿੱਚ ਸਾਡੀ ਸਹਾਇਤਾ ਕੀਤੀ” । ਜਿਵੇਂ ਕਿ ਅਸੀਂ ਫਿਲਮ ਦੇ ਟ੍ਰੇਲਰ ਨੂੰ ਵੇਖਦੇ ਹਾਂ ਅਤੇ ਇਸ ਦਾ ਸੰਗੀਤ ਸੁਣਦੇ ਹਾਂ, ਅਸੀਂ ਅਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਸੰਗੀਤ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ। ਗੀਤਾਂ ਨੂੰ ਸਾਡੇ ਕੁਝ ਮਨਪਸੰਦ ਗਾਇਕ ਜਿਵੇਂ ਗਿੱਪੀ ਗਰੇਵਾਲ, ਅਫਸਾਨਾ ਖਾਨ, ਰਣਜੀਤ ਬਾਵਾ ਅਤੇ ਜਸਬੀਰ ਜੱਸੀ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਐਲਬਮ ਦੇ ਅੰਦਰ ਇੱਕੋ ਟੀਮ ਦੇ ਰੂਪ ਵਿੱਚ ਸੁਣਾਂਗੇ ਅਤੇ ਨਿਸ਼ਚਤ ਰੂਪ ਵਿਚ ਦਰਸ਼ਕਾਂ ਦਾ ਮਨੋਰੰਜਨ ਵੀ ਹੋਵੇਗਾ। ਜਤਿੰਦਰ ਸ਼ਾਹ ਅੱਗੇ ਕਹਿੰਦੇ ਹਨ, “ਅੱਜ ਜੋ ਗਾਣਾ ਰਿਲੀਜ਼ ਹੋਇਆ ਹੈ, ਉਸ ਵਿਚ ਬਹੁਤ ਹੀ ਔਖੀਆਂ ਧੁਨਾਂ ‘ਤੇ ਕੰਮ ਕੀਤਾ ਗਿਆ ਹੈ ਜੋ ਕਿ ਤਕਰੀਬਨ 40 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ ਅਤੇ ਇਸ ਵਿਚ ਬਹੁਤ ਸਾਰੇ ਕਲਾਸੀਕਲ ਸਾਜ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਂ ਸ਼ਾਇਦ ਬਹੁਤੇ ਲੋਕਾਂ ਨੇ ਸੁਣੇ ਵੀ ਨਹੀਂ ਹੋਣਗੇ। ਜਿਵੇਂ-ਜਿਵੇਂ ਅੱਜਕਲ ਦੇ ਮਾਹੌਲ ਤੇ ਸਰੋਤਿਆਂ ਦੀ ਮੰਗ ਨਾਲ ਸੰਗੀਤ ਵੀ ਡਿਜਿਟਲ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਫ਼ਿਲਮ ਦਾ ਬਣਨਾ ਜ਼ਰੂਰੀ ਵੀ ਹੈ ਤਾਂ ਜੋ ਸਾਡੀ ਵਿਰਾਸਤ ਸਾਡੇ ਸਾਜ ਸਾਡਾ ਸੰਗੀਤ ਜ਼ਿੰਦਾ ਰਹਿ ਸਕੇ। ” ਫਿਲਮ ਦੇ ਗਾਣੇ ਸਾਡੇ ਬਹੁਤ ਹੀ ਪਿਆਰੇ ਲੇਖਕ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ, ਜੋ ਕਿ ਬਹੁਤ ਸੰਜੀਦਗੀ ਨਾਲ ਲਿਖਦੇ ਹਨ ਪਰ ਇਹ ਉਨ੍ਹਾਂ ਲਈ ਇੱਕ ਬਹੁਤ ਮੁਸ਼ਕਲ ਅਤੇ ਵੱਖਰਾ ਕੰਮ ਸੀ ਕਿਉਂਕਿ ਉਨ੍ਹਾਂ ਨੇ ਕਦੇ ਇੱਕ ਪੁਰਾਣੇ ਸਮੇਂ ਦੀ ਮੰਗ ਮੁਤਾਬਕ ਗਾਣੇ ਨਹੀਂ ਲਿਖੇ, ਪਰ ਇਸ ਵਾਰ ਅਸੀਂ ਉਨ੍ਹਾਂ ਦੇ ਕੰਮ ਦੁਆਰਾ ਹੈਰਾਨ ਹੋਵਾਂਗੇ।

Comment here