ਸਿਆਸਤਖਬਰਾਂ

69 ਸਾਲ ਬਾਅਦ ਏਅਰ ਇੰਡੀਆ ਮੁੜ ਟਾਟਾ ਕੋਲ ਪਰਤੀ

ਨਵੀਂ ਦਿੱਲੀ- ਆਖਰ ਲੰਮੇ ਵਕਫੇ ਮਗਰੋਂ ਟਾਟਾ ਗਰੁੱਪ ਵੱਲੋਂ ਸ਼ੁਰੂ ਕੀਤੀ ਗਈ ਏਅਰਲਾਈਨ ਕੰਪਨੀ ਏਅਰ ਇੰਡੀਆ ਮੁੜ ਟਾਟਾ ਕੋਲ ਚਲੀ ਗਈ। 69 ਸਾਲਾਂ ਬਾਅਦ ਟਾਟਾ ਨੂੰ ਇਕ ਕੰਪਨੀ ਮੁੜ ਮਿਲੀ ਹੈ। ਰਾਜਧਾਨੀ ਸਥਿਤ ਏਅਰ ਇੰਡੀਆ ਦੇ ਹੈੱਡਕੁਆਰਟਰ ’ਚ ਸਥਿਤ ਇਕ ਦਫ਼ਤਰ ’ਚ ਜਨਤਕ ਖੇਤਰ ਦੀ ਇਸ ਕੰਪਨੀ ਦੀ ਸੌ ਫ਼ੀਸਦੀ ਹਿੱਸੇਦਾਰੀ ਤੇ ਪ੍ਰਬੰਧਨ ਟਾਟਾ ਗਰੁੱਪ ਦੀ ਕੰਪਨੀ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਸੌਂਪ ਦਿੱਤੀ ਗਈ। ਇਸ ਟਰਾਂਸਫਰ ਲਈ ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਵੀ ਦਿੱਲੀ ਆਏ ਤੇ ਉਨ੍ਹਾਂ ਨੇ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਇਹ ਭਰੋਸਾ ਦਿਵਾਇਆ ਕਿ ਭਾਰਤ ਦੀ ਇਸ ਮਾਣਮੱਤੀ ਏਅਰਲਾਈਨ ਕੰਪਨੀ ਦਾ ਪੁਰਾਣਾ ਮਾਣ ਮੁੜ ਤੋਂ ਸਥਾਪਤ ਕੀਤਾ ਜਾਵੇਗਾ। ਚੰਦਰਸ਼ੇਖਰਨ ਨੇ ਬਾਅਦ ’ਚ ਮੀਡੀਆ ਸਾਹਮਣੇ ਆਪਣਾ ਸੰਖੇਪ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਟਾਟਾ ਗਰੁੱਪ ’ਚ ਏਅਰ ਇੰਡੀਆ ਦੀ ਵਾਪਸੀ ਤੋਂ ਕਾਫ਼ੀ ਖ਼ੁਸ਼ੀ ਹੈ ਤੇ ਇਸ ਨੂੰ ਇਕ ਵਿਸ਼ਵ ਪੱਧਰੀ ਐਵੀਏਸ਼ਨ ਕੰਪਨੀ ਬਣਾਉਣ ਲਈ ਗਰੁੱਪ ਵਚਨਬੱਧ ਹੈ। ਬਾਅਦ ’ਚ ਇਕ ਦੂਜੇ ਸੰਦੇਸ਼ ’ਚ ਉਨ੍ਹਾਂ ਨੇ ਇਸ ਨੂੰ ਘਰ ਵਾਪਸੀ ਕਰਾਰ ਦਿੱਤਾ ਤੇ ਏਅਰ ਇੰਡੀਆ ਦੇ ਸਾਰੇ ਮੁਲਾਜ਼ਮਾਂ ਦਾ ਆਪਣੇ ਗਰੁੱਪ ’ਚ ਸਵਾਗਤ ਕੀਤਾ ਤੇ ਉਨ੍ਹਾਂ ਨਾਲ ਅੱਗੇ ਕੰਮ ਕਰਨ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ, ‘ਏਅਰ ਇੰਡੀਆ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਮੈਂ ਆਸਵੰਦ ਹਾਂ, ਸਾਡੀ ਅਸਲੀ ਯਾਤਰਾ ਹੁਣ ਸ਼ੁਰੂ ਹੁੰਦੀ ਹੈ।’ ਸਿਵਲ ਐਵੀਏਸ਼ਨ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਨੇ ਉਮੀਦ ਪ੍ਰਗਟਾਈ ਹੈ ਕਿ ਏਅਰ ਇੰਡੀਆ ਨਵੇਂ ਮਾਲਕ ਨਾਲ ਹੋਰ ਅੱਗੇ ਵਧੇਗੀ ਤੇ ਭਾਰਤੀ ਐਵੀਏਸ਼ਨ ਸੈਕਟਰ ਨੂੰ ਮਜ਼ਬੂਤ ਬਣਾਉਣ ’ਚ ਯੋਗਦਾਨ ਦੇਵੇਗੀ। ਉਨ੍ਹਾਂ ਸਮਾਂ ਹੱਦ ਦੇ ਅੰਦਰ ਏਅਰ ਇੰਡੀਆ ਦੇ ਵਿਨਿਵੇਸ਼ ਨੂੰ ਪੂਰਾ ਕਰਨ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਹੈ ਤੇ ਕਿਹਾ ਹੈ ਕਿ ਇਸ ਨਾਲ ਅੱਗੇ ਵੀ ਗ਼ੈਰ ਰਣਨੀਤਕ ਖੇਤਰਾਂ ’ਚ ਵਿਨਿਵੇਸ਼ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦਾ ਰਾਹ ਪੱਧਰਾ ਹੋਵੇਗਾ। ਟਾਟਾ ਗਰੁੱਪ ਦੇ ਨਾਲ ਹੋਏ ਸਮਝੌਤੇ ਬਾਰੇ ਵਿਨਿਵੇਸ਼ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਅਰ ਇੰਡੀਆ ਦੇ ਪ੍ਰਬੰਧਨ ਕੰਟਰੋਲ ਨਾਲ ਸੌ ਫ਼ੀਸਦੀ ਹਿੱਸੇਦਾਰੀ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਸੌਂਪਣ ਦੀ ਵਿਨਿਵੇਸ਼ ਪ੍ਰਕਿਰਿਆ ਪੂਰੀ ਹੋ ਗਈ ਹੈ। ਰਣਨੀਤਕ ਭਾਈਵਾਲ ਕੰਪਨੀ ਨੂੰ ਪ੍ਰਬੰਧਨ ਸੌਂਪਣ ਲਈ ਕੰਪਨੀ ਦੇ ਪੁਰਾਣੇ ਬੋਰਡ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਨਵੇਂ ਮੈਨੇਜਮੈਂਟ ਬੋਰਡ ਦਾ ਗਠਨ ਕੀਤਾ ਗਿਆ ਹੈ। ਏਅਰ ਇੰਡੀਆ ਦੇ ਵਿਨਿਵੇਸ਼ ਕਰਨ ਨੂੰ ਲੈ ਕੇ ਭਾਰਤ ਸਰਕਾਰ ਪਿਛਲੇ ਦੋ ਦਹਾਕਿਆਂ ਤੋਂ ਕੋਸ਼ਿਸ਼ ਕਰ ਰਹੀ ਸੀ ਪਰ ਪਿਛਲੇ ਸਾਲ ਇਸ ਕੋਸ਼ਿਸ਼ ਨੂੰ ਸਫਲਤਾ ਮਿਲੀ। ਕੇਂਦਰੀ ਕੈਬਨਿਟ ਨੇ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ 18 ਹਜ਼ਾਰ ਕਰੋੜ ਰੁਪਏ ’ਚ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਇਸ ’ਚੋਂ 2700 ਕਰੋੜ ਰੁਪਏ ਦਾ ਭੁਗਤਾਨ ਨਕਦੀ ’ਚ ਸਰਕਾਰੀ ਖਾਤੇ ’ਚ ਹੋਇਆ ਹੈ ਜਦਕਿ 15,300 ਕਰੋੜ ਰੁਪਏ ਦੀ ਰਾਸ਼ੀ ਦਾ ਕਰਜ਼ ਦੇ ਤੌਰ ’ਤੇ ਭੁਗਤਾਨ ਕਰਨਾ ਪਵੇਗਾ। ਭਾਰੀ ਘਾਟੇ ’ਚ ਚੱਲ ਰਹੀ ਇਸ ਐਵੀਏਸ਼ਨ ਕੰਪਨੀ ’ਤੇ ਬਾਹਰੀ ਏਜੰਸੀਆਂ ਤੇ ਕੰਪਨੀਆਂ ਦਾ 62 ਹਜ਼ਾਰ ਕਰੋੜ ਦਾ ਕਰਜ਼ਾ ਹੈ ਜਿਸ ’ਚੋਂ 46,262 ਕਰੋੜ ਰੁਪਏ ਦੇ ਕਰਜ਼ੇ ਦਾ ਟਰਾਂਸਫਰ ਟਾਟਾ ਗਰੁੱਪ ਨੂੰ ਨਹੀਂ ਕੀਤਾ ਗਿਆ ਹੈ। ਇਸ ਨੂੰ ਇਕ ਨਵੀਂ ਗਠਿਤ ਕੰਪਨੀ ਏਅਰ ਇੰਡੀਆ ਐਸੇਟ ਹੋਲਡਿੰਗ ਲਿਮਟਿਡ ਨੂੰ ਟਰਾਂਸਫਰ ਕੀਤਾ ਗਿਆ ਹੈ। ਏਅਰ ਇੰਡੀਆ ਕੋਲ ਖਰਬਾਂ ਰੁਪਏ ਦੀਆਂ ਅਚਲ ਜਾਇਦਾਦਾਂ ਹਨ ਜਿਸ ’ਚ ਨਵੀਂ ਦਿੱਲੀ ’ਚ ਇਕ ਹਾਊਸਿੰਗ ਸੁਸਾਇਟੀ ਤੇ ਇਕ ਕਮਰਸ਼ੀਅਲ ਭਵਨ, ਮੁੰਬਈ ਦੇ ਨਰੀਮਨ ਪੁਆਇੰਟ ’ਤੇ ਇਕ ਬਹੁਮੰਜ਼ਲੀ ਇਮਾਰਤ ਤੇ ਦੂਜੇ ਸ਼ਹਿਰਾਂ ਦੀਆਂ ਜਾਇਦਾਦਾਂ ਹਨ। ਇਨ੍ਹਾਂ ਜਾਇਦਾਦਾਂ ਦੇ ਮੁਲਾਂਕਣ ਤੇ ਵਿਕਰੀ ਵੱਖ ਤੋਂ ਕੀਤੀ ਜਾਵੇਗੀ। ਟਾਟਾ ਗਰੁੱਪ ਦੇ ਸੂਤਰਾਂ ਨੇ ਦੱਸਿਆ ਹੈ ਕਿ ਏਅਰ ਇੰਡੀਆ ’ਚ ਵੀਰਵਾਰ 27 ਜਨਵਰੀ, 2022 ਤੋਂ ਹੀ ਬਦਲਾਅ ਦੀ ਸ਼ੁਰੂਆਤ ਹੋ ਗਈ ਹੈ। ਗਾਹਕਾਂ ਦਾ ਸਵਾਗਤ ਕਰਨ ਤੋਂ ਲੈ ਕੇ ਉਡਾਣ ਦੌਰਾਨ ਉਨ੍ਹਾਂ ਨੂੰ ਪਰੋਸੇ ਗਏ ਭੋਜਨ ਤਕ ’ਚ ਬਦਲਾਅ ਹੋਵੇਗਾ ਤਾਂਕਿ ਉਡਾਣ ਭਰਨ ਵਾਲਿਆਂ ਨੂੰ ਤੁਰੰਤ ਹੀ ਸੇਵਾ ’ਚ ਬਦਲਾਅ ਦਾ ਫ਼ਰਕ ਮਹਿਸੂਸ ਹੋਵੇ। ਗਾਹਕਾਂ ਦਾ ਸਵਾਗਤ ਕਰਨ ਲਈ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਇਕ ਸੰਦੇਸ਼ ਵੀ ਸੁਣਾਇਆ ਜਾਵੇਗਾ। ਏਅਰ ਇੰਡੀਆ ਦੇਰੀ ਨਾਲ ਉਡਾਣ ਭਰਨ ਲਈ ਬਦਨਾਮ ਹੈ, ਇਸ ’ਚ ਸੁਧਾਰ ਕਰਨ ’ਤੇ ਖ਼ਾਸ ਤੌਰ ’ਤੇ ਧਿਆਨ ਦਿੱਤਾ ਜਾਵੇਗਾ। ਟਾਟਾ ਗਰੁੱਪ ਕੋਲ ਪਹਿਲਾਂ ਤੋਂ ਹੀ ਏਅਰ ਏਸ਼ੀਆ ਇੰਡੀਆ ਤੇ ਏਅਰ ਵਿਸਤਾਰਾ ਏਅਰਲਾਈਨ ਦੀ ਹਿੱਸੇਦਾਰੀ ਹੈ। ਹੁਣ ਦੇਖਣਾ ਹੋਵੇਗਾ ਕਿ ਏਅਰ ਇੰਡੀਆ ਤੇ ਇਸ ਦੀ ਸਬਸਿਡੀਅਰੀ ਏਅਰ ਇੰਡੀਆ ਐਕਸਪ੍ਰੈੱਸ ਨੂੰ ਪਹਿਲਾਂ ਤੋਂ ਚੱਲ ਰਹੀਆਂ ਏਅਰਲਾਈਨਾਂ ’ਚ ਮਿਲਾ ਕੇ ਇਕ ਵੱਡੀ ਏਅਰਲਾਈਨ ਕੰਪਨੀ ਬਣਾਈ ਜਾਂਦੀ ਹੈ। ਇਨ੍ਹਾਂ ਚਾਰਾਂ ਕੰਪਨੀਆਂ ਨੂੰ ਇਕ ਛੱਤ ਹੇਠ ਲਿਆ ਕੇ ਦੁਨੀਆ ਦੀ ਸਭ ਤੋਂ ਵੱਡੀ ਐਵੀਏਸ਼ਨ ਕੰਪਨੀ ਦੇ ਤੌਰ ’ਤੇ ਗਠਨ ਹੋ ਸਕਦਾ ਹੈ।

Comment here