ਅੰਮ੍ਰਿਤਸਰ – ਲੰਘੇ ਦਿਨ ਦਿੱਲੀ ਵਿੱਚ ਹਾਈਕਮਾਂਡ ਨਾਲ ਪੰਜਾਬ ਕੈਬਨਿਟ ਦੇ ਵਿਸਥਾਰ ਬਾਰੇ ਚਰਚਾ ਕਰਨ ਮਗਰੋਂ ਦੇਰ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਨਾਲ ਅੰਮ੍ਰਿਤਸਰ ਪੁੱਜੇ ਤੇ ਅੱਜ ਤੜਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹ ਪਾਲਕੀ ਸਾਹਿਬ ਦੀ ਸੇਵਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਉਨ੍ਹਾਂ ਉਥੇ ਕਾਫ਼ੀ ਲੰਮਾ ਸਮਾਂ ਬੈਠ ਕੇ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਚੰਨੀ ਤੇ ਹੋਰ ਆਗੂਆਂ ਨੂੰ ਐਸ ਜੀ ਪੀ ਸੀ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਵਿਚ ਰਾਜ ਧਰਮ ਅਨੁਸਾਰ ਚਲਾਇਆ ਜਾਵੇਗਾ। ਹਰ ਧਰਮ ਤੇ ਵਰਗ ਦਾ ਸਤਿਕਾਰ ਕੀਤਾ ਜਾਵੇਗਾ। ਸੂਬੇ ਵਿੱਚ ਆਪਸੀ ਮੇਲ ਮਿਲਾਪ ਤੇ ਪਿਆਰ ਨੂੰ ਵਧਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉਤੇ ਪੰਥ ਜਿਸ ਤਰ੍ਹਾਂ ਦਾ ਇਨਸਾਫ ਚਾਹੇਗਾ, ਉਸੇ ਤਰ੍ਹਾਂ ਦਿਵਾਇਆ ਜਾਵੇਗਾ। ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਰਾਜਨੀਤੀ ਮੁੱਦਿਆਂ ਤੋਂ ਭਟਕ ਗਈ ਸੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਨੂੰ ਮੁੜ ਮੁੱਦਿਆਂ ਉਤੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਰਹਿ ਕੇ ਜੋ ਪਿਛਲੇ ਦੋ ਦਿਨਾਂ ਵਿਚ ਮਹਿਸੂਸ ਕੀਤਾ ਹੈ, ਉਹ ਪਿਛਲੇ ਸਤਾਰਾਂ ਸਾਲ ਵਿੱਚ ਮਹਿਸੂਸ ਨਹੀਂ ਕੀਤਾ। ਜੇਕਰ ਅਸੀਂ ਲੋਕ ਮਸਲਿਆਂ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਸੱਚੇ ਸਿੱਖ ਨਹੀਂ ਹੈ। ਸਰਕਾਰ ਵਿਚ ਮੈਰਿਟ ਦੇ ਆਧਾਰ ਉਤੇ ਸਨਮਾਨ ਹੋਵੇਗਾ। ਹਰ ਕਾਂਗਰਸੀ ਹੱਕ ਤੇ ਸੱਚ ਦੀ ਲੜਾਈ ਲੜੇਗੀ। ਇਸ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਵਿਜ਼ਟਰ ਬੁੱਕ ਵਿਚ ਲਿਖਿਆ ਕਿ ਉਹ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ। ਉਹ ਰਾਮਤੀਰ ਸਥਾਨ ਅਤੇ ਦੁਰਗਿਆਣਾ ਮੰਦਰ ਵੀ ਗਏ। ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਇੱਕ ਅਚਾਨਕ ਸੰਖੇਪ ਵਿਰਾਮ ਸੀ। ਇੱਕ ਆਮ ਆਦਮੀ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਮੁੱਖ ਮੰਤਰੀ ਨੇ ਚਾਹ ਦੇ ਸਟਾਲ ‘ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
Comment here