ਸਿਆਸਤਸਿਹਤ-ਖਬਰਾਂਖਬਰਾਂਦੁਨੀਆ

53 ਦੇਸ਼ਾਂ ’ਚ ਕੋਵਿਡ-19 ਦੀ ਨਵੀਂ ਲਹਿਰ ਦਾ ਖ਼ਦਸ਼ਾ—ਵਿਸ਼ਵ ਸਿਹਤ ਸੰਗਠਨ

ਜੇਨੇਵਾ-ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫ਼ਤਰ ਦੇ ਮੁਖੀ ਡਾ. ਹੈਨਸ ਕਲੂਜ਼ ਨੇ ਦੱਸਿਆ ਕਿ ਯੂਰਪ ਅਤੇ ਮੱਧ ਏਸ਼ੀਆ ਦੇ 53 ਦੇਸ਼ਾਂ ਦੇ ਖੇਤਰ ’ਚ ਕੋਰੋਨਾ ਵਾਇਰਸ ਦੀ ਇਕ ਹੋਰ ਲਹਿਰ ਆਉਣ ਦਾ ਖਤਰਾ ਹੈ ਜਾਂ ਉਹ ਪਹਿਲੀਂ ਤੋਂ ਹੀ ਮਹਾਮਾਰੀ ਦੀ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲਿਆਂ ਦੀ ਗਿਣਤੀ ਫਿਰ ਤੋਂ ਕਰੀਬ-ਕਰੀਬ ਰਿਕਾਰਡ ਪੱਧਰ ਤੱਕ ਵਧਣ ਲੱਗੀ ਹੈ ਅਤੇ ਖੇਤਰ ’ਚ ਕਹਿਰ ਦੀ ਰਫਤਾਰ ‘ਗੰਭੀਰ ਚਿੰਤਾ’ ਦਾ ਵਿਸ਼ਾ ਹੈ।
ਉਨ੍ਹਾਂ ਨੇ ਡੈਨਮਾਰਕ ਦੇ ਕੋਪਨਹੇਗਨ ’ਚ ਸੰਗਠਨ ਦੇ ਯੂਰਪ ਮੁੱਖ ਦਫ਼ਤਰ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਮਹਾਮਾਰੀ ਦੇ ਉਭਾਰ ਨੂੰ ਲੈ ਕੇ ਇਕ ਅਹਿਮ ਮੋੜ ’ਤੇ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂਰਪ ਫਿਰ ਤੋਂ ਮਹਾਮਾਰੀ ਦੇ ਕੇਂਦਰ ’ਚ ਹੈ ਜਿਥੇ ਅਸੀਂ ਇਕ ਸਾਲ ਪਹਿਲਾਂ ਸੀ। ਡਾ. ਕਲੇਜ ਨੇ ਕਿਹਾ ਕਿ ਇਸ ’ਚ ਫਰਕ ਇਹ ਹੈ ਕਿ ਸਿਹਤ ਅਧਿਕਾਰੀਆਂ ਨੂੰ ਵਾਇਰਸ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਹੈ ਅਤੇ ਉਨ੍ਹਾਂ ਕੋਲ ਇਸ ਨਾਲ ਮੁਕਾਬਲਾ ਕਰਨ ਲਈ ਬਿਹਤਰ ਉਪਕਰਣ ਹੈ।
ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਲੇ ਉਪਾਅ ਅਤੇ ਕੁਝ ਖੇਤਰਾਂ ’ਚ ਟੀਕਾਕਰਨ ਦੀ ਘੱਟ ਦਰ ਦੱਸਦੀ ਹੈ ਕਿ ਮਾਮਲੇ ਕਿਉਂ ਵਧ ਰਹੇ ਹਨ। ਡਾ. ਕਲੇਜ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ’ਚ 53 ਦੇਸ਼ਾਂ ਦੇ ਖੇਤਰ ’ਚ ਕੋਵਿਡ-19 ਦੇ ਕਾਰਨ ਲੋਕਾਂ ਦੇ ਹਸਪਤਾਲ ’ਚ ਦਾਖਲ ਹੋਣ ਦੀ ਦਰ ਦੁਗਣੀ ਤੋਂ ਜ਼ਿਆਦਾ ਵਧੀ ਹੈ। ਸੰਗਠਨ ਦੇ ਯੂਰਪ ਦਫ਼ਤਰ ਨੇ ਕਿਹਾ ਕਿ ਖੇਤਰ ’ਚ ਹਫ਼ਤਾਵਾਰੀ ਮਾਮਲੇ ਕਰੀਬ 18 ਲੱਖ ਆਏ ਹਨ ਜੋ ਪਿਛਲੇ ਹਫ਼ਤੇ ਦੀ ਤੁਲਨਾ ’ਚ 6 ਫੀਸਦੀ ਜ਼ਿਆਦਾ ਹੈ ਜਦਕਿ ਹਫ਼ਤਾਵਾਰੀ ਤੌਰ ’ਤੇ 24,000 ਮੌਤਾਂ ਹੋਈਆਂ ਜਿਸ ’ਚ 12 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਖੇਤਰ ’ਚ ਫਰਵਰੀ ਤੱਕ ਪੰਜ ਲੱਖ ਹੋਰ ਲੋਕਾਂ ਦੀ ਮਾਹਮਾਰੀ ਕਾਰਨ ਮੌਤ ਹੋ ਸਕਦੀ ਹੈ।

Comment here