ਅਪਰਾਧਖਬਰਾਂਚਲੰਤ ਮਾਮਲੇ

5 ਲੱਖ ਇਨਾਮੀ ਖਾਲਿਸਤਾਨੀ ਅੱਤਵਾਦੀ ਗ੍ਰਿਫ਼ਤਾਰ

ਚੰਡੀਗੜ੍ਹ-ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਮੋਸਟ ਵਾਂਟਿਡ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਮੇਤ ਹੋਰਨਾਂ ਸੂਬਿਆਂ ’ਚ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਉਸ ਦੇ ਸਾਥੀਆਂ ਤੇ ਹਮਾਇਤੀਆਂ ਦੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਕਈ ਵੱਡੇ ਅਤੇ ਅਹਿਮ ਖੁਲਾਸੇ ਹੋ ਰਹੇ ਹਨ। ਇਸ ਗ੍ਰਿਫਤਾਰ ਅੱਤਵਾਦੀ ਨੇ ਮੰਨਿਆ ਹੈ ਕਿ ਦੇਸ਼ ਦੇ ਅੰਦਰ ਕਈ ਸੰਸਥਾਵਾਂ ਅਤੇ ਟਿਕਾਣੇ ਉਸ ਦੇ ਰਡਾਰ ’ਤੇ ਸਨ ਅਤੇ ਉਸ ਨਾਲ ਜੁੜੇ ਅੱਤਵਾਦੀ ਸੰਗਠਨ ਵੱਲੋਂ ਇਸ ਕਾਰਵਾਈ ’ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਏਜੰਸੀ ਫਿਲਹਾਲ ਉਨ੍ਹਾਂ ਟਿਕਾਣਿਆਂ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਰਹੀ ਹੈ ਕਿਉਂਕਿ ਇਸ ਮਾਮਲੇ ’ਚ ਪੁੱਛਗਿੱਛ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਦੇ ਨਾਲ ਹੀ ਜਾਂਚ ਏਜੰਸੀ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਵਿਦੇਸ਼ਾਂ ’ਚ ਕਿਵੇਂ ਅਤੇ ਕਿਹੜੇ-ਕਿਹੜੇ ਲੋਕ ਉਸ ਨਾਲ ਜੁੜੇ ਹੋਏ ਹਨ। ਐਨ.ਆਈ.ਏ. ਸੂਤਰ ਅਨੁਸਾਰ ਕੁਲਵਿੰਦਰਜੀਤ ਖਾਨਪੁਰੀਆ ਵਿਦੇਸ਼ਾਂ ਅਤੇ ਖਾਸ ਕਰਕੇ ਪੰਜਾਬ ਵਿੱਚ ਲੁਕ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।
ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਉਸ ਨੇ ਕਈ ਸਥਾਨਕ ਗੈਂਗਸਟਰ ਅਤੇ ਬਦਮਾਸ਼ਾਂ ਨਾਲ ਸਪੰਰਕ ਬਣਾਇਆ ਹੋਇਆ ਸੀ। ਕੁਲਵਿੰਦਰਜੀਤ ਖਾਨਪੁਰੀਆ ਨੂੰ 18 ਨਵੰਬਰ ਨੂੰ ਦਿੱਲੀ ਦੇ ਆਈਜੀਆਈ ਇੰਟਰਨੈਸ਼ਨਲ ਏਅਰਪੋਰਟ (ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ) ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਬੈਂਕਾਕ ਤੋਂ ਦਿੱਲੀ ਪਰਤਿਆ ਸੀ।
ਇਸ ਦੇ ਨਾਲ ਹੀ ਏਅਰਪੋਰਟ ’ਤੇ ਮੌਜੂਦ ਐਨਆਈਏ ਦੀ ਟੀਮ ਨੇ ਸੀਆਈਐਸਐਫ ਦੀ ਮਦਦ ਨਾਲ ਉਸ ਨੂੰ ਬਹੁਤ ਹੀ ਸਾਵਧਾਨੀ ਨਾਲ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਦੀ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।
ਐਨ.ਆਈ.ਏ. ਦੇ ਅਨੁਸਾਰ ਖਾਨਪੁਰੀਆ ਪੰਜਾਬ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਸਮੇਤ ਕਈ ਅੱਤਵਾਦੀ ਮਾਮਲਿਆਂ ਵਿੱਚ ਸ਼ਾਮਲ ਅਤੇ ਲੋੜੀਂਦਾ ਸੀ।
ਉਹ 2019 ਤੋਂ ਫਰਾਰ ਸੀ। ਐਨਆਈਏ ਨੇ ਉਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਹ ਸ਼ੁੱਕਰਵਾਰ ਨੂੰ ਬੈਂਕਾਕ ਤੋਂ ਭਾਰਤ ਆਇਆ ਸੀ। ਜਿਵੇਂ ਹੀ ਐਨ.ਆਈ.ਏ. 1 ਨੂੰ ਇਸਦੀ ਸੂਚਨਾ ਮਿਲੀ ਤਾਂ ਟੀਮ ਨੇ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ।

Comment here