ਸਿਆਸਤਖਬਰਾਂਚਲੰਤ ਮਾਮਲੇ

35,000 ਕਰਮਚਾਰੀ ਹੋਣਗੇ ਪੱਕੇ-ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਦੇ ਸਮੂਹ ਸੀ ਅਤੇ ਡੀ ਕਰਮਚਾਰੀਆਂ ਲਈ ਇੱਕ ਖੁਸ਼ਖਬਰੀ ਹੈ ਜੋ ਆਰਜ਼ੀ ਤੌਰ ‘ਤੇ ਕੰਮ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੀ ਨੌਕਰੀ ਜਲਦੀ ਹੀ ਪੱਕੀ ਹੋ ਜਾਵੇਗੀ। ਇਸ ਸਬੰਧੀ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਅਜਿਹੀਆਂ ਠੇਕੇ ਤੇ ਆਊਟਸੋਰਸਿੰਗ ਭਰਤੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ 35000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਲਈ ਦਿਨ ਰਾਤ ਕੰਮ ਕਰ ਰਹੀ ਹੈ। ਅਸੀਂ ਪਹਿਲਾਂ ਹੀ 70 ਸਾਲ ਲੇਟ ਹੋ ਚੁੱਕੇ ਹਾਂ ਅਤੇ ਸਾਡੇ ਵਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੋਕ ਪ੍ਰਵਾਨ ਵੀ ਕਰ ਰਹੇ ਹਨ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੰਜਾਬ ਵਿਚ ਨਿਕਲਦੇ ਸੀ ਤਾਂ ਸਾਡੀਆਂ ਗੱਡੀਆਂ ਸਾਹਮਣੇ ਆ ਕੇ ਮੁਲਾਜ਼ਮ ਪੱਕੇ ਹੋਣ ਦੀ ਦੁਹਾਈ ਪਾਉਂਦੇ ਸਨ, ਕਈ ਵਾਰ ਤਾਂ ਉਹ ਆਪਣਾ ਦੁੱਖ ਸੁਣਾਉਂਦੇ ਹੋਏ ਰੋ ਵੀ ਪੈਂਦੇ ਸਨ। ਮਾਨ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਚੀਫ ਸੈਕਟਰੀ ਨੂੰ ਹੁਕਮ ਦਿੱਤੇ ਹਨ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪਹਿਲਾਂ ਇਸ ਕਾਨੂੰਨ ਦਾ ਮਸੌਦਾ ਬਣਾ ਕੇ ਭੇਜਿਆ ਜਾਵੇ ਤਾਂ ਜੋ ਆਉਣ ਵਾਲੇ ਵਿਧਾਨ ਸਭਾ ਇਜਲਾਸ ਵਿਚ ਇਸ ਨੂੰ ਮਨਜ਼ੂਰ ਕਰਕੇ ਲਾਗੂ ਕੀਤਾ ਜਾ ਸਕੇ। ਮੈਂ ਨਹੀਂ ਚਾਹੁੰਦਾ ਕਿ ਹੁਣ ਪੰਜਾਬ ਦੇ ਪੁੱਤਾਂ ਦੀਆਂ ਪੱਗਾਂ ਲੱਥਣ। ਪੰਜਾਬ ਦਾ ਕੋਈ ਅਜਿਹਾ ਚੌਕ ਜਾਂ ਟੈਂਕੀ ਨਹੀਂ ਜਿੱਥੇ ਧਰਨਾ ਨਹੀਂ ਲੱਗਾ। ਅੱਜ ਆਪਣੇ ਵਲੋਂ ਕੀਤਾ ਗਿਆ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਰ ਵੀ ਵੱਡੇ ਫ਼ੈਸਲੇ ਲਵੇਗੀ। ਹੁਣ ਪੰਜਾਬ ਵਿਚ ਨਾ ਕੋਈ ਕੱਚਾ ਘਰ ਰਹੇਗਾ ਅਤੇ ਨਾ ਹੀ ਕੱਚਾ ਮੁਲਾਜ਼ਮ।

Comment here