ਅਪਰਾਧਸਿਆਸਤਖਬਰਾਂ

30 ਸਾਲ ਬਾਅਦ ਫੇਕ ਐਨਕਾਉਂਟਰ ਚ ਦੋ ਪੁਲਸ ਅਫਸਰ ਦੋਸ਼ੀ ਕਰਾਰ

ਤਰਨਤਾਰਨ -ਸਾਲ 1993 ਦੇ ਇਥੇ ਦੇ ਇਕ ਫੇਕ ਐਨਕਾਉਂਟਰ ਮਾਮਲੇ ’ਚ ਅੱਜ ਸੀਬੀਆਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਲੰਬੇ ਟਰਾਈਲ ਤੋਂ ਬਾਅਦ ਤਤਕਾਲੀ ਪੁਲਿਸ ਅਫਸਰ ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।ਸੀਬੀਆਈ ਦੇ ਵਿਸ਼ੇਸ਼ ਜੱਜ ਹਰਿੰਦਰ ਸਿੱਧੂ ਨੇ ਅੱਜ ਇਸ ਮਾਮਲੇ ’ਤੇ ਫੈਸਲਾ ਸੁਣਾਇਆ। ਉਨ੍ਹਾਂ ਨੂੰ ਸਜ਼ਾ 2 ਨਵੰਬਰ ਨੂੰ ਸੁਣਾਈ ਜਾਵੇਗੀ। 30 ਸਾਲ ਪੁਰਾਣੇ ਇਸ ਮੁਕਾਬਲੇ ਵਿੱਚ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤੇ ਅੱਤਵਾਦੀ ਸਮੇਤ ਉਬੋਕੇ ਦਾ ਰਹਿਣ ਵਾਲਾ ਹਰਬੰਸ ਸਿੰਘ ਮਾਰਿਆ ਗਿਆ ਸੀ। ਹੇਠਲੀ ਅਦਾਲਤ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੱਤਾ ਸੀ। ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਧਾਰਾ 120-ਬੀਆਰ/ਡਬਲਯੂ 302, 218 ਆਈਪੀਸੀ ਦੇ ਤਹਿਤ ਸਜ਼ਾਯੋਗ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸੀਬੀਆਈ ਕੋਰਟ ਵੱਲੋਂ ਖਾਲਡ਼ਾ ਕੇਸ ਵਿਚ ਦੋਸ਼ੀ ਪਾਏ ਗਏ 4 ਪੁਲਿਸ ਅਫ਼ਸਰਾਂ ਵਿਚੋਂ ਦੋ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਦੋ ਦੀ ਟਰਾਈਲ ਦੌਰਾਨ ਮੌਤ ਹੋ ਗਈ ਸੀ।

15 ਅਪ੍ਰੈਲ 1993 ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਤੜਕੇ 4:30 ਵਜੇ ਤਿੰਨ ਅੱਤਵਾਦੀਆਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਜਦੋਂ ਉਹ ਉਬੋਕੇ ਦੇ ਰਹਿਣ ਵਾਲੇ ਹਰਬੰਸ ਸਿੰਘ ਨੂੰ ਲੈ ਕੇ ਜਾ ਰਹੇ ਸਨ। ਹਰਬੰਸ ਸਿੰਘ ਇੱਕ ਕੇਸ ਵਿੱਚ ਉਸ ਦੀ ਹਿਰਾਸਤ ਵਿੱਚ ਸੀ। ਪੁਲਿਸ ਨੇ ਕਿਹਾ ਸੀ ਕਿ ਚੰਬਲ ਡਰੇਨ ਦੇ ਖੇਤਰ ਵਿੱਚ ਕਰਾਸ ਫਾਇਰਿੰਗ ਦੌਰਾਨ ਹਰਬੰਸ ਸਿੰਘ ਅਤੇ ਇੱਕ ਅਣਪਛਾਤੇ ਅੱਤਵਾਦੀ ਮਾਰੇ ਗਏ ਸਨ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮੁੱਢਲੀ ਜਾਂਚ ਕੀਤੀ। ਸੀਬੀਆਈ ਨੇ ਐਨਕਾਊਂਟਰ ਦੀ ਕਹਾਣੀ ਨੂੰ ਸ਼ੱਕੀ ਪਾਇਆ ਅਤੇ ਇਸ ਜਾਂਚ ਦੇ ਆਧਾਰ ‘ਤੇ 25 ਜਨਵਰੀ 1999 ਨੂੰ ਬਕਾਇਦਾ ਕੇਸ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀਆਂ ਖ਼ਿਲਾਫ਼ ਧਾਰਾ 34 ਆਈਪੀਸੀ ਆਰ/ਡਬਲਯੂ 364-302 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ 8 ਜਨਵਰੀ 2002 ਨੂੰ ਮੁਲਜ਼ਮ ਪੂਰਨ ਸਿੰਘ, ਤਤਕਾਲੀ ਐਸਆਈ/ਐਸਐਚਓ ਪੀਐਸ ਸਦਰ ਤਰਨਤਾਰਨ, ਐਸਆਈ ਸ਼ਮਸ਼ੇਰ ਸਿੰਘ, ਏਐਸਆਈ ਜਗੀਰ ਸਿੰਘ ਅਤੇ ਏਐਸਆਈ ਜਗਤਾਰ ਸਿੰਘ ਵਿਰੁੱਧ ਧਾਰਾ 120-ਬੀਆਰ/ਡਬਲਯੂ 302 ਅਤੇ 302 ਅਧੀਨ ਸਜ਼ਾਯੋਗ ਅਪਰਾਧ ਲਈ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਜਗਤਾਰ ਸਿੰਘ ਉਦੋਂ ਸਦਰ ਤਰਨਤਾਰਨ ਵਿੱਚ ਤਾਇਨਾਤ ਸੀ ਅਤੇ ਸੀਬੀਆਈ ਅਦਾਲਤ ਵੱਲੋਂ 13 ਦਸੰਬਰ 2002 ਨੂੰ ਉਸ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਸਨ। ਹਾਈਕੋਰਟ ਦੇ ਹੁਕਮਾਂ ‘ਤੇ ਇਹ ਮੁਕੱਦਮਾ 2006 ਤੋਂ 2022 ਤੱਕ ਚੱਲਿਆ। ਇਸ ਦੌਰਾਨ ਮੁਲਜ਼ਮ ਪੂਰਨ ਸਿੰਘ ਅਤੇ ਜਗੀਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਹੇਠਲੀ ਅਦਾਲਤ ‘ਚ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਆਖਰਕਾਰ ਕਰੀਬ 30 ਸਾਲਾਂ ਬਾਅਦ ਕੇਸ ਦਾ ਫੈਸਲਾ ਸੁਣਾਇਆ ਗਿਆ।

Comment here