ਮਨੀਪੁਰ ਤੋਂ ਸਪਲਾਈ ਲਈ ਲਿਆ ਰਿਹਾ ਸੀ 45 ਕਿੱਲੋ ਅਫੀਮ
ਨਵੀਂ ਦਿੱਲੀ : ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਇੱਕ ਬਦਨਾਮ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ 45 ਕਿਲੋ ਅਫੀਮ ਬਰਾਮਦ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਬਰਾਮਦ ਹੋਈ ਅਫੀਮ ਦੀ ਕੀਮਤ 30 ਕਰੋੜ ਰੁਪਏ ਤੋਂ ਵੱਧ ਹੈ। ਫੜਿਆ ਗਿਆ ਮੁਲਜ਼ਮ ਤਸਕਰੀ ਗਿਰੋਹ ਦਾ ਅਹਿਮ ਮੈਂਬਰ ਹੈ। ਮੁਲਜ਼ਮ ਮਨੀਪੁਰ ਤੋਂ ਲਿਆਂਦੀ ਅਫੀਮ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਤਸਕਰੀ ਵਿੱਚ ਵਰਤਿਆ ਜਾਣ ਵਾਲਾ ਪੰਜਾਬ ਨੰਬਰ ਦਾ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਡੀਸੀਪੀ ਸਪੈਸ਼ਲ ਸੈੱਲ ਅਨੁਸਾਰ ਫੜੇ ਗਏ ਸਮੱਗਲਰ ਦਾ ਨਾਂ ਜਸਵੀਰ ਸਿੰਘ ਹੈ। ਉਹ ਕੋਕਰੀ ਕਲਾਂ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਇਸ ਕੋਲੋਂ ਤਸਕਰੀ ਲਈ ਵਰਤੇ ਜਾਂਦੇ ਕਈ ਮੋਬਾਈਲ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਸੈੱਲ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰੀ ਕਰਨ ਵਾਲਾ ਗਿਰੋਹ ਮਿਆਂਮਾਰ ਅਤੇ ਮਨੀਪੁਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਆਸ-ਪਾਸ ਪਹਾੜੀ ਖੇਤਰਾਂ ਤੋਂ ਕੱਚਾ ਮਾਲ ਇਕੱਠਾ ਕਰ ਰਿਹਾ ਹੈ। ਇਸ ਤੋਂ ਉੱਚ ਗੁਣਵੱਤਾ ਵਾਲੇ ਨਸ਼ੀਲੇ ਪਦਾਰਥ ਬਣਾ ਕੇ ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ਨੂੰ ਸਪਲਾਈ ਕਰ ਰਿਹਾ ਹੈ। ਨਸ਼ੀਲੇ ਪਦਾਰਥਾਂ ਦੇ ਤਸਕਰ ਲਹਾਸਾ, ਥਾਈਲੈਂਡ ਅਤੇ ਮਿਆਂਮਾਰ ਤੋਂ ਉੱਤਰ ਪੂਰਬੀ ਰਾਜਾਂ ਰਾਹੀਂ ਨਸ਼ੀਲੇ ਪਦਾਰਥ ਭਾਰਤ ਲਿਆ ਰਹੇ ਹਨ।
ਕਰੀਬ ਚਾਰ ਮਹੀਨਿਆਂ ਦੀ ਅਣਥੱਕ ਕੋਸ਼ਿਸ਼ ਤੋਂ ਬਾਅਦ 24 ਸਤੰਬਰ ਨੂੰ ਸੈੱਲ ਨੂੰ ਪੰਜਾਬ ਦੇ ਰਹਿਣ ਵਾਲੇ ਜਸਵੀਰ ਦੀ ਤਸਕਰੀ ਦੀ ਸੂਚਨਾ ਮਿਲੀ। ਇਹ ਵੀ ਪਤਾ ਲੱਗਾ ਕਿ ਉਹ ਬਾਜਪੁਰ ਵਾਸੀ ਦਿਲਬਾਗ ਦੇ ਕਹਿਣ ‘ਤੇ ਅਫੀਮ ਸਪਲਾਈ ਕਰਦਾ ਹੈ। ਉਪਰੋਕਤ ਸੂਚਨਾ ਦੇ ਆਧਾਰ ‘ਤੇ ਜਸਵੀਰ ਨੂੰ ਰਾਜਘਾਟ ਡੀਟੀਸੀ ਡਿਪੂ ਨੇੜਿਓਂ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਜਸਵੀਰ ਨੇ ਦੱਸਿਆ ਕਿ ਉਸ ਨੇ ਮਨੀਪੁਰ ਦੇ ਰਹਿਣ ਵਾਲੇ ਲਿਮਾਂਥਾਂਗ ਨਾਮਕ ਤਸਕਰ ਤੋਂ ਅਫੀਮ ਖਰੀਦੀ ਸੀ। ਟਰੱਕ ਦੀ ਤਲਾਸ਼ੀ ਲੈਣ ‘ਤੇ 566 ਚੌਲਾਂ ਦੀਆਂ ਬੋਰੀਆਂ ‘ਚ ਛੁਪਾ ਕੇ ਰੱਖੀ ਗਈ 45 ਕਿਲੋ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਹ 6 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਹੈ।
ਜਸਵੀਰ ਸਿੰਘ ਅਨਪੜ੍ਹ ਹੈ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਪਹਿਲਾਂ ਪੰਜਾਬ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਦਿਲਬਾਗ ਸਿੰਘ ਨੇ ਉਸਨੂੰ ਆਪਣੇ ਨਾਲ ਕੰਮ ਕਰਨ ਦਾ ਲਾਲਚ ਦਿੱਤਾ ਅਤੇ ਸਪਲਾਈ ਵਿੱਚ ਭਾਰੀ ਮੁਨਾਫੇ ਬਾਰੇ ਦੱਸਿਆ ਜਿਸ ਤੋਂ ਬਾਅਦ ਉਸਨੇ ਦਿਲਬਾਗ ਲਈ ਕੈਰੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਫੀਮ ਦੀ ਖੇਪ ਲਿਆਉਣ ਲਈ ਉਹ ਕਈ ਵਾਰ ਅਸਾਮ ਅਤੇ ਮਨੀਪੁਰ ਜਾ ਚੁੱਕਾ ਹੈ।
Comment here