ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਅਫਗਾਨ ਚੋਂ ਭਾਰਤੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ

ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨੀ ਅੱਤਵਾਦੀਆਂ ਦੇ ਹਮਲਿਆਂ ਕਾਰਨ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ  ਭਾਰਤੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਫਗਾਨਿਸਤਾਨ ਦੀ ਗੰਭੀਰ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਭਾਰਤ ਨੇ ਮਜ਼ਾਰ-ਏ-ਸ਼ਰੀਫ ਸਥਿਤ ਕੌਂਸਲੇਟ ਤੋਂ ਆਪਣੇ ਡਿਪਲੋਮੈਟਾਂ ਅਤੇ ਸਟਾਫ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕੰਧਾਰ ਸਥਿਤ ਦੂਤਾਵਾਸ ਤੋਂ ਆਪਣੇ ਡਿਪਲੋਮੈਟਾਂ ਤੇ ਸਟਾਫ ਨੂੰ ਪਹਿਲਾਂ ਹੀ ਵਾਪਸ ਲੈ ਲਿਆ ਹੈ। ਸੁਰੱਖਿਆ ਮੁਲਾਂਕਣ ਦੇ ਮੱਦੇਨਜ਼ਰ, ਇਸ ਨੇ ਹੇਰਾਤ ਤੇ ਜਲਾਲਾਬਾਦ ਦੇ ਕੌਂਸਲੇਟਸ ਤੋਂ ਆਪਣੇ ਸਟਾਫ ਨੂੰ ਵਾਪਸ ਕਰਨ ਤੋਂ ਬਾਅਦ ਅਸਥਾਈ ਤੌਰ ‘ਤੇ ਉਥੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਅਫਗਾਨਿਸਤਾਨ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਲਈ ਵਧੇਰੇ ਸਖਤ ਸੁਰੱਖਿਆ ਨਿਰਦੇਸ਼ਾਂ ਦੇ ਨਾਲ ਐਡਵਾਇਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਗੈਰ-ਕੂਟਨੀਤਕ ਕੰਮਾਂ ਵਿੱਚ ਲੱਗੇ ਸਾਰੇ ਭਾਰਤੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਅਫਗਾਨਿਸਤਾਨ ਛੱਡਣ ਲਈ ਕਿਹਾ ਜਾ ਰਿਹਾ ਹੈ।
ਇਸ ਦੌਰਾਨ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਅਫਗਾਨਿਸਤਾਨ ਦੇ ਘੱਟ ਗਿਣਤੀ ਹਿੰਦੂ ਤੇ ਸਿੱਖ ਵੀ ਅਸਥਾਈ ਤੌਰ ‘ਤੇ ਸੁਰੱਖਿਅਤ ਪਨਾਹ ਲਈ ਭਾਰਤ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇਗਾ।  ਖ਼ਬਰ ਹੈ ਕਿ ਅਫਗਾਨਿਸਤਾਨ ਵਿਚ ਸਥਿਤ ਮਜ਼ਾਰ-ਏ-ਸ਼ਰੀਫ ਤੋਂ ਨਵੀਂ ਦਿੱਲੀ ਲਈ ਅੱਜ ਇਕ ਵਿਸ਼ੇਸ਼ ਫਲਾਈਟ ਰਵਾਨਾ ਹੋਣ ਵਾਲੀ ਹੈ।ਇਸ ਲਈ ਮਜ਼ਾਰ-ਏ-ਸ਼ਰੀਫ ਨੇੜੇ ਰਹਿਣ ਵਾਲੇ ਭਾਰਤੀਆਂ ਨੂੰ ਇਸ ਫਲਾਈਟ ਜ਼ਰੀਏ ਸਵਦੇਸ਼ ਪਰਤਣ ਦੀ ਅਪੀਲ ਕੀਤੀ ਗਈ ਹੈ। ਮਜ਼ਾਰ-ਏ-ਸ਼ਰੀਫ ਵਿਚ ਭਾਰਤ ਦੇ ਵਣਜ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।ਵਣਜ ਦੂਤਾਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਵੀ ਭਾਰਤ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ ਉਹ ਤੁਰੰਤ ਆਪਣੇ ਪੂਰੇ ਨਾਮ, ਪਾਸਪੋਰਟ ਨੰਬਰ, ਐਕਸਪਾਇਰੀ ਤਾਰੀਖ਼ ਦੇ ਨਾਲ ਵਟਸਐਪ ਕਰ ਦੇਣ।ਦੂਤਾਵਾਸ ਵੱਲੋਂ ਇਸ ਲਈ ਨੰਬਰ ਵੀ ਸ਼ੇਅਰ ਕੀਤੇ ਗਏ ਹਨ। ਇਹ ਨੰਬਰ 0785891303 ਅਤੇ 0785891301 ਹਨ।ਇਸ ਦੇ ਇਲਾਵਾ ਭਾਰਤ ਸਰਕਾਰ ਦੇ ਫ਼ੈਸਲੇ ਮੁਤਾਬਕ ਮਜ਼ਾਰ-ਏ-ਸ਼ਰੀਫ ਵਿਚ ਮੌਜੂਦ ਕੌਂਸਲੇਟ ਵਿਚ ਕੰਮ ਕਰ ਰਹੇ ਭਾਰਤੀ ਕਰਮਚਾਰੀਆਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ।

Comment here