ਸਿਆਸਤਖਬਰਾਂ

27 ਸਾਲਾ ਕਿਸਾਨ ਨੇ ਕਰਜ਼ੇ ਕਰਕੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋੋੋ-ਕਿਸਾਨੀ ਕਰਜ਼ੇ ਨੇ ਇੱਕ ਹੋਰ ਨੌਜਵਾਨ ਕਿਸਾਨ ਦੀ ਜਾਨ ਲੈ ਲਈ। ਤਲਵੰਡੀ ਸਾਬੋ ਸਬ-ਡਵੀਜ਼ਨ ਦੇ ਪਿੰਡ ਨੰਗਲਾ ਦੇ ਇਕ ਨੌਜਵਾਨ ਸਤਨਾਮ ਸਿੰਘ ਉਮਰ 27 ਸਾਲਾ ਨੇ ਆਪਣੇ ਖੇਤ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਪੁਲਿਸ ਚੌਕੀ ਸੀਂਗੋ ਇੰਚਾਰਜ ਫਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਾਬਲ ਸਿੰਘ ਨੇ ਪੁਲਿਸ ਕੋਲ ਇਤਲਾਹ ਕੀਤੀ ਹੈ ਕਿ ਉਹਨਾਂ ਦਾ ਛੋਟਾ ਪੁੱਤਰ ਸਤਨਾਮ ਸਿੰਘ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਣ ਕਰਕੇ, ਮੁਆਵਜਾ ਰਾਸ਼ੀ ਨਾ ਮਿਲਣ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਬੀਤੇ ਕੱਲ੍ਹ ਦੁਪਹਿਰ ਘਰੋਂ ਖੇਤ ਚਲਾ ਗਿਆ ਅਤੇ ਸ਼ਾਮ ਨੂੰ ਪਤਾ ਲੱਗਿਆ ਕਿ ਖੇਤ ਦਰੱਖਤ ਦੇ ਨਾਲ ਫਾਹਾ ਲੈ ਲਿਆ। ਮ੍ਰਿਤਕ ਦੇ ਬਾਪ ਨੇ ਦੱਸਿਆ ਉਸਦੇ ਦੋ ਲੜਕੇ ਹਨ। ਆਤਮ-ਹੱਤਿਆ ਵਾਲਾ ਉਸਦਾ ਲੜਕਾ ਅਜੇ ਕੁਆਰਾ ਸੀ ਪ੍ਰੰਤੂ ਫ਼ਸਲ ਦੀ ਬਰਬਾਦੀ ਕਾਰਨ ਅਤੇ ਆੜ੍ਹਤੀਆਂ ਦਾ ਕਰਜ਼ਾ ਨਾ ਮੋੜਨ ਦੇ ਚੱਲਦਿਆਂ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤੀ ਹੈ, ਜਿੱਥੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪਿੰਡ ਨੰਗਲਾ ਦੀ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ, ਸਤਨਾਮ ਸਿੰਘ, ਡਾਕਟਰ ਜੋਗਿੰਦਰ ਸਿੰਘ ਬਾਰੂ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

Comment here