ਸੋਨੀਪਤ-ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਵਿਰੋਧ ਦੇ ਵਿਚਕਾਰ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਦੀ ਸ਼ੁਰੂਆਤ ਕਰੇਗੀ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਇਸ ’ਚ ਜ਼ਰੂਰ ਜਾਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਤੋਂ ਬਾਅਦ ਕਿਸਾਨ ਮੋਰਚਾ ਦੇਸ਼ ਭਰ ’ਚ ਬੈਠਕਾਂ ਕਰੇਗਾ ਤੇ ਲੋਕਾਂ ਨੂੰ ਅੰਦੋਲਨ ਨਾਲ ਜੋੜਨ ਦਾ ਯਤਨ ਕਰੇਗਾ।
ਪੰਜਾਬ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ’ਚ ਛੇ ਮਹੀਨੇ ਬਾਕੀ ਹਨ। ਚੋਣਾਂ ਵੇਲੇ ਉਹ ਪੰਜਾਬ ਨੂੰ ਲੈ ਕੇ ਆਪਣੀ ਰਣਨੀਤੀ ਸਪਸ਼ਟ ਕਰਨਗੇ। ਟਿਕੈਤ ਨੇ ਇਕ ਵਾਰ ਫਿਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 10 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਤੇ ਅਗਲੇ 10 ਮਹੀਨੇ ਤਕ ਵੀ ਅੰਦੋਲਨ ਚੱਲ ਸਕਦਾ ਹੈ। ਸਰਕਾਰ ਨੂੰ ਉਨ੍ਹਾਂ ਦੀ ਸੁਣਵਾਈ ਕਰਨੀ ਪਵੇਗੀ।
ਬੀਕੇਯੂ ਨੇਤਾ ਟਿਕੈਤ ਨੇ ਕਿਹਾ ਕਿ ਕੁੰਡਲੀ ਬਾਰਡਰ ’ਤੇ ਵਿਸ਼ਾਲ ਸਭਾ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ਤੋਂ ਸਾਧੂ ਸੰਤ ਤੇ ਬੁੱਧੀਜੀਵੀ ਪਹੁੰਚ ਰਹੇ ਹਨ। ਕਈ ਦਿਨਾਂ ਤੋਂ ਗੱਲਬਾਤ ਰੁਕੀ ਹੋਈ ਸੀ, ਇਸ ਲਈ ਇੱਥੇ ਗੱਲਬਾਤ ਲਈ ਸਾਰੇ ਪਹੁੰਚੇ ਹਨ। ਇਹ ਸਭ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਦੇ ਹੋਏ ਸਾਡੇ ਸੰਘਰਸ਼ ਬਾਰੇ ਗੱਲਬਾਤ ਕਰ ਰਹੇ ਹਨ। ਕੁੰਡਲੀ ਬਾਰਡਰ ’ਤੇ ਰਸਤਾ ਖੋਲ੍ਹਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜੋ ਫ਼ੈਸਲਾ ਲਵੇਗਾ, ਉਹ ਸਭ ਲਈ ਮੰਨਣਯੋਗ ਹੋਵੇਗਾ।
Comment here