ਅੱਜ ਮੁੰਬਈ ਦੇ 26/11 ਹਮਲੇ ਦੀ 13ਵੀਂ ਬਰਸੀ ਮਨਾਈ ਜਾ ਰਹੀ ਹੈ, ਵੱਖ ਵੱਖ ਥਾਈਂ ਸਮਾਗਮ ਕਰਕੇ ਇਸ ਹਮਲੇ ਦੇ ਪੀੜਤ ਲੋਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਮੁੰਬਈ ’ਚ 26 ਨਵੰਬਰ, 2008 ਨੂੰ ਹੋਏ ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਡਰਾਉਣ ਵਾਲਾ ਅੱਤਵਾਦੀ ਹਮਲਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਸ ਦੌਰਾਨ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ।
ਉਸ ਦਿਨ ਨੂੰ ਯਾਦ ਕਰਦਿਆਂ ਕੋਈ ਹੀ ਦਿਲ ਹੋਵੇਗਾ, ਜਿਸ ਚੋੰ ਹਉਕਾ ਨਾ ਨਿਕਲੇ…
26 ਨਵੰਬਰ 2008 ਦੀ ਸ਼ਾਮ ਤਕ ਮੁੰਬਈ ਰੋਜ਼ਾਨਾ ਦੀ ਤਰ੍ਹਾਂ ਚਹਲਕਦਮੀ ਕਰ ਰਹੀ ਸੀ। ਹਾਲਾਤ ਪੂਰੀ ਤਰ੍ਹਾਂ ਆਮ ਸਨ। ਲੋਕ ਬਾਜ਼ਾਰਾਂ ’ਚ ਖਰੀਦਦਾਰੀ ਕਰ ਰਹੇ ਸਨ, ਕੁਝ ਲੋਕ ਮਰੀਨ ਡਰਾਈਵ ’ਤੇ ਰੋਜ਼ਾਂ ਦੀ ਤਰ੍ਹਾਂ ਸਮੁੰਦਰ ਤੋਂ ਆ ਰਹੀ ਠੰਡੀ ਹਵਾ ਦਾ ਆਨੰਦ ਲੈ ਰਹੇ ਸਨ ਪਰ ਜਿਵੇਂ-ਜਿਵੇਂ ਰਾਤ ਵਧਣੀ ਸ਼ੁਰੂ ਹੋਈ, ਮੁੰਬਈ ਦੀਆਂ ਸੜਕਾਂ ’ਤੇ ਅਫੜਾ-ਦਫੜੀ ਵੀ ਤੇਜ਼ ਹੁੰਦੀ ਚਲੀ ਗਈ। ਉਸ ਦਿਨ ਪਾਕਿਸਤਾਨ ਤੋਂ ਆਏ ਜੈਸ਼-ਏ-ਮੁੰਹਮਦ ਦੇ 10 ਅੱਤਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ। ਹਮਲੇ ਤੋਂ ਤਿੰਨ ਦਿਨ ਪਹਿਲਾਂ ਯਾਨੀ 23 ਨਵੰਬਰ ਨੂੰ ਕਰਾਚੀ ਤੋਂ ਸਮੁੰਦਰੀ ਰਸਤੇ ਇਕ ਕਿਸ਼ਤੀ ਰਾਹੀਂ ਇਹ ਅੱਤਵਾਦੀ ਮੁੰਬਈ ਪਹੁੰਚੇ ਸਨ। ਜਿਸ ਕਿਸ਼ਤੀ ਰਾਹੀਂ ਅੱਤਵਾਦੀ ਆਏ ਸਨ ਉਹ ਵੀ ਭਾਰਤੀ ਸੀ ਅਤੇ ਅੱਤਵਾਦੀਆਂ ਨੇ ਇਸ ’ਤੇ ਸਵਾਰ ਚਾਰ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਉਸ ’ਤੇ ਕਬਜ਼ਾ ਕੀਤਾ ਸੀ। ਰਾਤ ਨੂੰ ਕਰੀਬ 8 ਵਜੇ ਅੱਤਵਾਦੀ ਕੋਲਾਬਾ ਨੇੜੇ ਕਫ ਪਰੇਡ ਦੇ ਮੱਛੀ ਬਾਜ਼ਾਰ ’ਤੇ ਉਤਰੇ। ਇਥੋਂ ਉਹ ਚਾਰ ਸਮੂਹਾਂ ’ਚ ਵੰਡ ਗਏ ਅਤੇ ਟੈਕਸੀ ਲੈ ਕੇ ਆਪਣੀਆਂ-ਆਪਣੀਆਂ ਮੰਜ਼ਿਲਾਂ ਵਲ ਵਧ ਗਏ ਸਨ। ਜਦੋਂ ਇਹ ਅੱਤਵਾਦੀ ਮੱਛੀ ਬਾਜ਼ਾਰ ’ਚ ਉਤਰੇ ਸਨ ਤਾਂ ਇਨ੍ਹਾਂ ਨੂੰ ਵੇਖ ਕੇ ਉਥੋਂ ਦੇ ਮਛਵਾਰਿਆਂ ਨੂੰ ਵੀ ਸ਼ੱਕ ਹੋਇਆ ਸੀ। ਮਛਵਾਰਿਆਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਵੀ ਦਿੱਤੀ ਸੀ ਪਰ ਪੁਲਸ ਨੇ ਇਸ ’ਤੇ ਕੁਝ ਖਾਸ ਧਿਆਨ ਨਹੀਂ ਦਿੱਤਾ। ਪੁਲਸ ਨੂੰ ਰਾਤ ਦੇ 9:30 ਵਜੇ ਛੱਤਰਪਤੀ ਸ਼ਿਵਾਜੀ ਰੇਲਵੇ ਟਰਮਿਨਲ ’ਤੇ ਗੋਲੀਬਾਰੀ ਦੀ ਖਬਰ ਮਿਲੀ। ਇਥੇ ਰੇਲਵੇ ਸਟੇਸ਼ਨ ਦੇ ਮੁੱਖ ਹਾਲ ’ਚ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਨ੍ਹਾਂ ਹਮਲਾਵਰਾਂ ’ਚ ਇਕ ਮੁਹੰਮਦ ਅਜ਼ਮਲ ਕਸਾਬ ਸੀ ਜਿਸ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਦੋਵਾਂ ਹਮਲਾਵਰਾਂ ਨੇ ਏ.ਕੇ.-47 ਰਾਇਫਲਾਂ ਨਾਲ 15 ਮਿੰਟ ਗੋਲੀਬਾਰੀ ਕਰਕੇ 52 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 100 ਤੋਂ ਜ਼ਿਆਦਾ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਅੱਤਵਾਦੀਆਂ ਦੀ ਇਹ ਗੋਲੀਬਾਰੀ ਸਿਰਫ ਸ਼ਿਵਾਜੀ ਟਰਮਿਨਲ ਤਕ ਹੀ ਸੀਮਿਤ ਨਹੀਂ ਰਹੀ ਸੀ। ਦੱਖਣੀ ਮੁੰਬਈ ਦਾ ਲਿਓਪੋਲਟ ਕੈਫੇ ਵੀ ਉਨ੍ਹਾਂ ਥਾਵਾਂ ’ਚੋਂ ਇਕ ਸੀ, ਜੋ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣੀਆਂ ਸਨ। ਮੁੰਬਈ ਦੇ ਨਾਮੀਂ ਰੈਸਤਰਾਂ ’ਚੋਂ ਇਕ ਇਸ ਕੈਫੇ ’ਚ ਹੋਏ ਗੋਲੀਬਾਰੀ ’ਚ ਮਾਰੇ ਗਏ 10 ਲੋਕਾਂ ’ਚ ਕਈ ਵਿਦੇਸ਼ੀ ਵੀ ਸ਼ਾਮਲ ਸਨ। ਸਾਲ 1871 ਤੋਂ ਮਹਿਮਾਨਾਂ ਦੀ ਖਾਤਿਰਦਾਰੀ ਕਰ ਰਹੇ ਇਸ ਕੈਫੇ ਦੀਆਂ ਕੰਧਾਂ ’ਚ ਧਸੀਆਂ ਗੋਲੀਆਂ ਹਮਲੇ ਦੇ ਨਿਸ਼ਾਨ ਛੱਡ ਗਈਆਂ। ਰਾਤ ਨੂੰ 10:30 ਵਜੇ ਖਬਰ ਆਈ ਕਿ ਵਿਲੇ ਪਾਰਲੇ ਇਲਾਕੇ ’ਚ ਇਕ ਟੈਕਸੀ ਨੂੰ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿਚ ਡਰਾਈਵਰ ਅਤੇ ਇਕ ਯਾਤਰੀ ਮਾਰਿਆ ਗਿਆ, ਤਾਂ ਇਸ ਤੋਂ ਕਰੀਬ 15-20 ਮਿੰਟ ਪਹਿਲਾਂ ਬੋਰੀਬੰਦਰ ਤੋਂ ਵੀ ਇਸੇ ਤਰ੍ਹਾਂ ਦੇ ਧਮਾਕੇ ਦੀ ਖਬਰ ਮਿਲੀ ਸੀ, ਜਿਸ ਵਿਚ ਇਕ ਟੈਕਸੀ ਡਰਾਈਵਰ ਅਤੇ ਦੋ ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਹਮਲਿਆਂ ’ਚ ਕਰੀਬ 15 ਲੋਕ ਜ਼ਖਮੀ ਵੀ ਹੋਏ ਸਨ। ਭਾਰਤੀ ਇਤਿਹਾਸ ਦੇ ਸਭ ਤੋਂ ਜ਼ਿਆਦਾ ਦਹਿਲਾਉਣ ਵਾਲੇ ਅੱਤਵਾਦੀਆਂ ਹਮਲਿਆਂ ’ਚ ਇਕ ਇਸ ਹਮਲੇ ਦੀ ਇਹ ਕਹਾਣੀ ਇਥੇ ਹੀ ਖਤਮ ਨਹੀਂ ਹੁੰਦੀ। 26/11 ਦੇ ਤਿੰਨ ਵੱਡੇ ਮੋਰਚਿਆਂ ’ਚ ਮੁੰਬਈ ਦਾ ਤਾਜ਼ ਹੋਟਲ, ਓਬੇਰਾਏ ਟ੍ਰਾਈਡੇਂਟ ਹੋਟਲ ਅਤੇ ਨਰੀਮਨ ਹਾਊਸ ਸ਼ਾਮਲ ਸਨ। ਜਦੋਂ ਹਮਲਾ ਹੋਇਆ ਤਾਂ ਤਾਜ ’ਚ 450 ਅਤੇ ਓਬੇਰਾਏ ’ਚ 380 ਮਹਿਮਾਨ ਮੌਜੂਦ ਸਨ। ਖਾਸਤੌਰ ’ਤੇ ਤਾਜ ਹੋਟਲ ਦੀ ਇਮਾਰਤ ’ਚੋਂ ਨਿਕਲਦਾ ਧੂੰਆ ਤਾਂ ਬਾਅਦ ’ਚ ਮੁੰਬਈ ’ਤੇ ਹੋਏ ਇਸ ਹਮਲੇਦੀ ਪਛਾਣ ਬਣ ਗਿਆ। ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਦਿਨਾਂ ਤਕ ਮੁਕਾਬਲੇਬਾਜ਼ੀ ਚਲਦੀ ਰਹੀ ਸੀ। ਇਸ ਦੌਰਾਨ ਮੁੰਬਈ ’ਚ ਧਮਾਕੇ ਹੋਏ, ਅੱਗ ਲੱਗੀ, ਗੋਲੀਆਂ ਚੱਲੀਆਂ ਅਤੇ ਬੰਧਕਾਂ ਨੂੰ ਲੈ ਕੇ ਉਮੀਦਾਂ ਟੁੱਟਦੀਆਂ ਅਤੇ ਜੁੜਦੀਆਂ ਰਹੀਆਂ। ਨਾ ਸਿਰਫ ਭਾਰਤ ਤੋਂ ਸਵਾ ਅਰਬ ਲੋਕਾਂ ਦੀਆਂ ਸਗੋਂ ਦੁਨੀਆ ਭਰ ਦੀਆਂ ਨਜ਼ਰਾਂ ਤਾਜ, ਓਬੇਰਾਏ ਅਤੇ ਨਰੀਮਨ ਹਾਊਸ ’ਤੇ ਟਿਕੀਆਂ ਹੋਈਆਂ ਸਨ। 29 ਨਵੰਬਰ ਦੀ ਸਵੇਰ ਤਕ 9 ਹਮਲਾਵਰ ਅੱਤਵਾਦੀਆਂ ਦਾ ਸਫਾਇਆ ਹੋ ਚੁੱਕਾ ਸੀ ਅਤੇ ਅਜ਼ਮਲ ਕਸਾਬ ਦੇ ਤੌਰ ’ਤੇ ਇਕ ਹਮਲਾਵਰ ਪੁਲਸ ਦੀ ਹਿਰਾਸਤ ’ਚ ਸੀ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ’ਚ ਆ ਚੁੱਕੀ ਸੀ ਪਰ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਸੀ। ਉਸ ਦਰਦ ਨੂੰ ਆਪਣੇ ਤੇ ਝੱਲਣ ਵਾਲੇ ਅੱਜ ਘਟਨਾ ਦੇ ਤੇਰਾਂ ਸਾਲ ਬਾਅਦ ਵੀ ਸਹਿਮ ਵਿੱਚੋਂ ਨਹੀੰ ਨਿਕਲ ਸਕੇ।
Comment here