ਇਸਲਾਮਾਬਾਦ- ਪਾਕਿਸਤਾਨ ਦੇ ਮੌਜੂਦਾ ਦੋਸਤ ਚੀਨ ਬਾਰੇ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਉਹ ਵਿਸਥਾਰਵਾਦ ਵਾਲੀ ਨੀਤੀ ਤੇ ਕੰਮ ਕਰਦਾ ਹੈ। ਭਾਵ ਦੋਸਤੀ ਦੇ ਨਾਮ ਤੇ ਆਪਣੇ ਖੇਤਰ ਤੇ ਆਪਣੇ ਕਾਰਜ ਘੇਰੇ ਨੂੰ ਫੈਲਾਉਂਦਾ ਹੈ। ਹਾਲ ਹੀ ਚ ਇਕ ਜਾਣਕਾਰੀ ਆਈ ਹੈ ਕਿ 2025 ਤਕ ਪਾਕਿਸਤਾਨ ’ਚ ਲਗਪਗ 50 ਲੱਖ ਚੀਨੀ ਨਾਗਰਿਕ ਕੰਮ ਕਰਨਗੇ। ਪਾਕਿਸਤਾਨੀ ਜਨਤਕ ਸਿਹਤ ਮਾਹਿਰ ਨੇ ਕਿਹਾ ਕਿ ਇਨ੍ਹਾਂ ਚੀਨੀ ਨਾਗਰਿਕਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਕਿਸਤਾਨ ਤੇ ਚੀਨੀ ਮੈਡੀਕਲ ਯੂਨੀਵਰਸਿਟੀ, ਖੋਜ ਸੰਸਥਾ ਤੇ ਬਾਇਓਟੈਕਨਾਲੋਜੀਕਲ ਫਰਮ ਵਿਚਾਲੇ ਚੀਨ ਪਾਕਿਸਤਾਨ ਸਿਹਤ ਕੋਰੀਡੋਰ (ਸੀਪੀਐੱਚਸੀ) ਤਹਿਤ ਇਕ ਗਠਜੋੜ ਨੂੰ ਵਧਾਇਆ ਜਾ ਰਿਹਾ ਹੈ। ਸਿਹਤ ਸੇਵਾ ਅਕੈਡਮੀ (ਐੱਚਐੱਸਏ) ਦੇ ਕੁਲਪਤੀ ਪ੍ਰੋਫੈਸਰ ਡਾ. ਸ਼ਹਿਜ਼ਾਦ ਅਲੀ ਖ਼ਾਨ ਨੇ ਦਿ ਨਿਊਜ਼ ਅਖ਼ਬਾਰ ਨੂੰ ਕਿਹਾ, ‘ਪਾਕਿਸਤਾਨ, ਅਫ਼ਗਾਨਿਸਤਾਨ ਤੇ ਮੱਧ ਏਸ਼ਿਆਈ ਦੇਸ਼ਾਂ ’ਚ ਕੰਮ ਕਰਨ ਵਾਲੇ ਲੱਖਾਂ ਚੀਨੀ ਨਾਗਰਿਕਾਂ ਦੀ ਸਿਹਤ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਨੂੰ ਖ਼ਾਸ ਸਿਹਤ ਸਹੂਲਤਾਂ ਦੀ ਜ਼ਰੂਰਤ ਹੈ। ਇਹ ਸਹੂਲਤਾਂ ਆਧੁਨਿਕ ਤੇ ਰਵਾਇਤੀ ਮੈਡੀਕਲ ਪ੍ਰਣਾਲੀ ’ਤੇ ਆਧਾਰਤ ਹੋਣੀ ਚਾਹੀਦੀ ਹੈ। ਇਹ ਸਿਰਫ ਚੀਨ ਪਾਕਿਸਤਾਨ ਸਿਹਤ ਕੋਰੀਡੋਰ ਤਹਿਤ ਪਾਕਿਸਤਾਨੀ ਤੇ ਚੀਨੀ ਸਿਹਤ ਸੰਸਥਾਵਾਂ ਵਿਚਾਲੇ ਗੱਠਜੋੜ ਵਧਾਉਣ ਨਾਲ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਚੀਨੀ ਅਕਾਦਮਿਕ, ਖੋਜ ਸੰਸਥਾਵਾਂ ਤੇ ਬਾਇਓਟੈਕਨਾਲੋਜੀਕਲ ਫਰਮਾਂ ਵਿਚਾਲੇ ਸਹਿਯੋਗ ਸਮਝੌਤਿਆਂ ’ਤ ਦਸਤਖ਼ਤ ਆਖ਼ਰੀ ਪੜਾਅ ’ਚ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸਲਾਮਾਬਾਦ ’ਚ 23-24 ਸਤੰਬਰ ਨੂੁੰ 11ਵੀਂ ਸਾਲਾਨਾ ਜਨਤਕ ਸਿਹਤ ਕਾਨਫਰੰਸ ਦੌਰਾਨ ਕਈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ’ਤੇ ਪਾਕਿਸਤਾਨੀ ਤੇ ਚੀਨੀ ਦਤਸਖ਼ਤ ਕਰਨਗੇ। ਪਰ ਇਸ ਦੌਰਾਨ ਇਹ ਸਵਾਲ ਵੀ ਨਾਲ ਹੀ ਉਠਣ ਲੱਗੇ ਹਨ ਕਿ ਜੇ ਏਨੇ ਚੀਨੀ ਕਾਮੇ ਪਾਕਿਸਤਾਨ ਚ ਹੋਣਗੇ ਤਾਂ ਉਹਨਾਂ ਦੀ ਜਗਾ ਪਾਕਿਸਤਾਨੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਉਂ ਨਹੀ ਦਿਤਾ ਜਾ ਸਕਦਾ।
Comment here