ਸਿਆਸਤਖਬਰਾਂਚਲੰਤ ਮਾਮਲੇ

2024 ਚੋਣਾਂ ਦੀ ਸਰਗਰਮੀ – ਬਦਲਾਅ ਦਾ ਦੌਰ, ਮਮਤਾ ਹੋ ਸਕਦੀ ਹੈ ਪੀਐਮ ਚਿਹਰਾ?

ਨਵੀਂ ਦਿੱਲੀ-ਲੋਕ ਸਭਾ ਚੋਣਾਂ ਚ ਹਾਲੇ ਕਾਫੀ ਸਮਾਂ ਪਿਆ ਹੈ, ਪਰ ਸਿਆਸੀ ਪੱਧਰ ਤੇ ਇਸ ਵਾਸਤੇ ਸਰਗਰਮੀ ਹੁਣੇ ਹੀ ਆਰੰਭ ਹੋ ਚੁੱਕੀ ਹੈ। ਵਿਰੋਧੀ ਪਾਰਟੀਆਂ ਬਾਰੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2024 ਵਿਚ ਭਾਜਪਾ ਨੂੰ ਹਰਾਉਣ ਦੇ ਮੰਤਵ ਨਾਲ ਪੀਐਮ ਮੋਦੀ ਵਿਰੁੱਧ ਮੁੱਖ ਚਿਹਰਾ ਕੌਣ ਹੋਵੇਗਾ? ਇਸ ਦੌਰਾਨ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ, ਜਿਨ੍ਹਾਂ ਨੇ ਪੱਛਮੀ ਬੰਗਾਲ ਵਿੱਚ ਤੀਜੀ ਵਾਰ ਸਰਕਾਰ ਬਣਾਈ ਹੈ, ਉਹਨਾਂ ਨੇ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕਈ ਪਾਰਟੀਆਂ ਉਨ੍ਹਾਂ ਨਾਲ ਆਉਣ ਲਈ ਤਿਆਰ ਹਨ, ਪਰ ਇਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਕਾਂਗਰਸ ਵੀ ਟੀਐਮਸੀ ਦੀ ਅਗਵਾਈ ਵਿਚ 2024 ਦੀਆਂ ਚੋਣਾਂ ਲੜੇਗੀ? ਇਸ ਸਵਾਲ ਦਾ ਜਵਾਬ ਕਾਂਗਰਸ ਵੱਲੋਂ ਦੇ ਦਿੱਤਾ ਗਿਆ ਹੈ। ਸੋਨੀਆ ਗਾਂਧੀ ਅਤੇ ਮਮਤਾ ਬੈਨਰਜੀ ਦੀ ਮੁਲਾਕਾਤ ਸੰਭਵ ਹੈ। ਇਸ ਬੈਠਕ ਤੋਂ ਪਹਿਲਾਂ ਹੀ ਕਾਂਗਰਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ 2024 ਵਿਚ ਭਾਜਪਾ ਵਿਰੁੱਧ ਕੋਈ ਵਿਰੋਧੀ ਮੋਰਚਾ ਬਣਦਾ ਹੈ ਤਾਂ ਉਸ ਦੀ ਅਗਵਾਈ ਯੂਪੀਏ ਦੀ ਮੁਖੀ ਸੋਨੀਆ ਗਾਂਧੀ ਨੂੰ ਕਰਨੀ ਚਾਹੀਦੀ ਹੈ। ਪੱਛਮੀ ਬੰਗਾਲ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਖੁਸ਼ ਹੋ ਕੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਏਕਤਾ ਦਾ ਸੱਦਾ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ ਹੈ ਕਿ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮਮਤਾ ਬੈਨਰਜੀ ਵਿਰੋਧੀ ਰਾਜਨੀਤੀ ਦਾ ਕੇਂਦਰ ਬਣ ਕੇ ਉੱਭਰੀ ਹੈ। ਜੇ ਤੁਸੀਂ ਉਸ ਦਾ ਭਾਸ਼ਣ ਵੇਖਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਭਾਜਪਾ ਵਿਰੋਧੀ ਵੋਟਾਂ ਇਕੱਠੀ ਕਰਨਾ ਅਤੇ ਭਾਜਪਾ ਦੇ ਵਿਰੁੱਧ ਲੋਕਾਂ ਦਾ ਗੱਠਜੋੜ ਬਣਾਉਣਾ ਚਾਹੁੰਦੀ ਹੈ। ਮਮਤਾ ਬੈਨਰਜੀ ਪੰਜ ਦਿਨਾਂ ਲਈ ਦਿੱਲੀ ਆ ਰਹੀ ਹੈ। ਉਨ੍ਹਾਂ ਦਾ 28 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਆਪਣੀ ਯਾਤਰਾ ਦੌਰਾਨ ਕਈ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਕੇ 2024 ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਦੀਪ ਭੱਟਾਚਾਰੀਆ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੋਨੀਆ ਗਾਂਧੀ ਦੀ ਅਗਵਾਈ ਹੇਠ ਭਾਜਪਾ ਨਾਲ ਲੜਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪਹਿਲਾਂ ਵੀ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਇੱਕ ਮੀਟਿੰਗ ਬੁਲਾਈ ਸੀ ਅਤੇ ਮੱਲੀਕਾਰਜੁਨ ਖੜਗੇ ਇਸ ਵਿੱਚ ਸ਼ਾਮਲ ਹੋਏ ਸਨ। ਉਹ ਫਿਰ ਉਹੀ ਕੰਮ ਕਰ ਰਹੀ ਹੈ। ਓਧਰ ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਘਰਾਣੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਟੱਕਰ ਦੇਣ ਲਈ ਖੇਤਰੀ ਪਾਰਟੀਆਂ ਨੂੰ ਇਕ ਮੰਚ ‘ਤੇ ਆਉਣਾ ਚਾਹੀਦਾ ਹੈ ਅਤੇ ਰਾਸ਼ਟਰੀ ਮੋਰਚਾ ਬਣਾਉਣਾ ਚਾਹੀਦਾ ਹੈ। ਕਿਹਾ ਕਿ ਇਹ ਤੀਜੇ ਮੋਰਚੇ ਦੀ ਬਜਾਏ ਦੂਜਾ ਮੋਰਚਾ ਹੋਵੇਗਾ ਕਿਉਂਕਿ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਹੁਣ ਸਰਬ ਭਾਰਤੀ ਪਾਰਟੀ ਨਹੀਂ ਰਹੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਭਾਜਪਾ ਨਾਲ ਕਹਾਣੀ ਖ਼ਤਮ ਹੋ ਗਈ ਹੈ। ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਮਸਲਿਆੰ ਨੂ ਲੈ ਕੇ ਕਦੇ ਸਮਝੌਤਾ ਨਹੀਂ ਕਰੇਗੀ ਕੁਝ ਵੀ ਹੋਵੇ, ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ, ਅਸੀਂ ਪੰਜਾਬ ‘ਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦਿਆਂਗੇ। ਬਸਪਾ ਨਾਲ ਨਵੇਂ ਗੱਠਜੋੜ ਬਾਰੇ ਕਿਹਾ ਕਿ ਦੋਵੇਂ ਪਾਰਟੀਆਂ ‘ਚ ਗੱਠਜੋੜ ਸਥਾਈ ਹੈ ਅਤੇ ਭਾਜਪਾ ਨਾਲ ਅਕਾਲੀ ਦਲ ਦੀ ਕਹਾਣੀ ਖ਼ਤਮ ਹੋ ਗਈ ਹੈ।

ਕੇਂਦਰ ਸਰਕਾਰ ਲੋਕ ਸਭਾ ਸੀਟਾਂ ਵਧਾਉਣ ਲੱਗੀ

ਕਾਂਗਰਸੀ ਐਮ ਪੀ  ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਲੋਕ ਸਭਾ ਵਿਚ ਸੀਟਾਂ ਦੀ ਗਿਣਤੀ ਵਧਾਉਣ ਦਾ ਪ੍ਰਸਤਾਵ ਲਿਆਉਣ ਜਾ ਰਹੀ ਹੈ। ਹਜਾਰ ਸੀਟਾਂ ਕੀਤੀਆਂ ਜਾ ਸਕਦੀਆਂ ਹਨ, ਤਿਵਾੜੀ ਨੇ ਕਿਹਾ ਹੈ ਕਿ ਜੇ ਇਸ ਤਰ੍ਹਾਂ ਦਾ ਪ੍ਰਸਤਾਵ ਲਿਆ ਜਾਂਦਾ ਹੈ ਤਾਂ ਆਮ ਲੋਕਾਂ ਦੀ ਰਾਏ ਵੀ ਇਸ ‘ਤੇ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਸਤੇ ਸੰਸਦ ਦਾ ਨਵਾਂ ਚੈਂਬਰ ਵੀ ਤਿਆਰ ਕੀਤਾ ਜਾ ਰਿਹਾ ਹੈ।

Comment here