ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

2024 ਚੋਣਾਂ -ਤਿਕੋਣੀ ਟੱਕਰ ਹੋਏਗੀ?

ਦੇਸ਼ ਵਿੱਚ ਇਹਨਾ ਦਿਨਾਂ ‘ਚ ਸਿਆਸੀ ਸਰਗਰਮੀਆਂ ਜ਼ੋਰਾਂ ‘ਤੇ ਹਨ, ਜਿਸਦਾ ਅਰਥ ਹੈ ਕਿ 2024 ਚੋਣਾਂ ਲਈ ਦੌੜ  ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਪਾਰਟੀਆਂ ਆਪਣਾ ਜ਼ਮੀਨੀ ਲੋਕ ਅਧਾਰ ਬਨਾਉਣ ਲਈ ਪੱਬਾਂ ਭਾਰ ਹਨ। ਵੱਧ ਜ਼ੋਰ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦਾ ਲੱਗਾ ਹੋਇਆ ਹੈ। ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਹੋਈ ਹੈ। ਉਹ ਕੰਨਿਆਂ ਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕੱਢੇਗੀ। ਭਾਜਪਾ ਜਿਥੇ ਆਪਣੇ ਨੇਤਾਵਾਂ, ਵਰਕਰਾਂ ਨਾਲ ਬੈਠਕਾਂ ਕਰ ਰਹੀ ਹੈ, ਉਥੇ ਉਸ ਵਲੋਂ ਜੋੜ-ਤੋੜ ਕਰਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਜੋ “ਆਇਆ ਰਾਮ, ਗਿਆ ਰਾਮ” ਦੀ ਸਿਆਸਤ ਕਰਦੇ ਹਨ ਆਪਣੇ ਸਵਾਰਥ ਲਈ, ਉਹਨਾ ਨੂੰ ਆਪਣੇ ਪੱਲੇ ਬੰਨ੍ਹਿਆ ਜਾ ਰਿਹਾ ਹੈ। ਗੋਆ ‘ਚ ਕਾਂਗਰਸ ਦੇ 8 ਵਿਧਾਇਕ ਆਪਣੀ ਪਾਰਟੀ ‘ਚ ਸ਼ਾਮਲ ਕਰ ਲਏ। ਪੰਜਾਬ ਦੇ  ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਭਾਜਪਾ ‘ਚ ਰਲੇਂਵਾਂ ਕਰ  ਲਿਆ। ਆਮ ਆਦਮੀ ਪਾਰਟੀ ਦੇ ਨਵੀਂ ਦਿੱਲੀ ਅਤੇ ਪੰਜਾਬ ਦੇ ਵਿਧਾਇਕਾਂ ਨੂੰ ਤੋੜਕੇ ਆਪਣੀ ਪਾਰਟੀ ‘ਚ ਰਲੇਂਵੇਂ ਦਾ ਦੋਸ਼, ਨੈਸ਼ਨਲ ਕੁਆਰਡੀਨੇਟਰ ‘ਆਪ’ ਕੇਜਰੀਵਾਲ ਭਾਜਪਾ ਉਤੇ ਲਗਾ ਰਹੇ ਹਨ।ਉਹਨਾ ਅਨੁਸਾਰ ਉਹਨਾ ਦੀ ਪਾਰਟੀ ਨੇਤਾਵਾਂ ਦੀ ਖ਼ਰੀਦੋ-ਫਰੋਖ਼ਤ ਕਰਨ ਲਈ ਯਤਨ ਹੋ ਰਹੇ ਹਨ।

          ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਤੋਂ ਬਾਹਰ ਆਪਣੀਆਂ ਸਰਗਰਮੀਆਂ ਵਧਾਉਣ ਲਈ ਪੂਰਾ ਟਿੱਲ ਲਾ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣਾ ਦਮ ਵਿਖਾਕੇ, ਉਸ ਵਲੋਂ ਲੋਕ ਸਭਾ ਚੋਣਾਂ 2024 ‘ਚ ਆਪਣੀ ਵੱਡੀ ਕਾਰਗੁਜਾਰੀ ਦੀ ਆਸ਼ਾ ਹੈ। ਆਮ ਆਦਮੀ ਪਾਰਟੀ ਦਾ ਵਿਸ਼ਵਾਸ਼ ਹੈ ਕਿ ਉਹ 2024 ਦਿੱਲੀ ਜਿੱਤ ਲੈਣਗੇ ਅਤੇ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ। ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ, ਜੋ  ਭਾਜਪਾ  ਗੱਠਜੋੜ ਤੋਂ ਹੁਣੇ ਜਿਹੇ ਵੱਖ-ਹੋਏ ਹਨ, ਉਹ ਖੇਤਰੀ ਪਾਰਟੀਆਂ ਅਤੇ ਰਾਸ਼ਟਰੀ ਨੇਤਾਵਾਂ ਦਾ ਇੱਕ ਫਰੰਟ ਬਨਾਉਣ ਲਈ ਯਤਨਸ਼ੀਲ ਹਨ। ਉਹ ਸਮਝਦੇ ਹਨ ਕਿ ਜਦ ਤੱਕ ਸੰਯੁਕਤ ਮੋਰਚਾ ਨਹੀਂ ਬਣਦਾ, ਉਦੋਂ ਤੱਕ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ। ਪਰ ਸਮੱਸਿਆ ਇਹ ਹੈ ਕਿ ਕੇ.ਸੀ.ਆਰ., ਆਪਣੇ-ਆਪ ਨੂੰ ਰਾਸ਼ਟਰੀ ਨੇਤਾ ਪ੍ਰਾਜੈਕਟ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਮਮਤਾ ਬੈਨਰਜੀ, ਸ਼ਰਦ ਪਵਾਰ ਵੀ ਇਸ ਦੋੜ ਵਿਚੋਂ ਪਿੱਛੇ ਨਹੀਂ ਹਟੇ। ਇਸ ਤੋਂ ਅੱਗੇ ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਖੁਲ੍ਹ ਕੇ ਮੈਦਾਨ ਵਿੱਚ ਨਹੀਂ ਉਤਰੇ। ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ  ਦੀ ਰਾਜਨੀਤੀ ਵੀ ਸਪੱਸ਼ਟ ਨਹੀਂ ਹੈ ਕਿ ਉਹ ਕਿਸ ਧਿਰ ਨਾਲ ਖੜਨਗੇ। ਖੇਤਰੀ ਪਾਰਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਅਕਾਲੀ ਨੇਤਾਵਾਂ, ਫਰੂਕ ਅਬਦੂਲਾ ਦੀ ਨੈਸ਼ਨਲ ਕਾਨਫਰੰਸ ਅਤੇ ਮਹਿਬੂਬਾ ਮੁਫ਼ਤੀ  ਦੀ ਪਾਰਟੀ ਕਿਸ ਧਿਰ ਨਾਲ ਖੜੀ ਹੋਵੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਪਾਰਟੀਆਂ ਨਾ ਤਾਂ ਕਾਂਗਰਸ  ਦੇ ਖੇਮੇ ‘ਚ ਜਾਣਗੀਆਂ ਨਾ ਭਾਜਪਾ ਨਾਲ ਤੁਰਨਗੀਆਂ। ਤੀਜੇ ਮੋਰਚੇ ‘ਚ  ਜਾਣ ਲਈ ਸ਼ਾਇਦ ਆਖ਼ਰੀ ਮੌਕੇ ਤੁਰਨ ਦਾ ਉਹਨਾ ਦਾ ਇਰਾਦਾ ਹੋਵੇ।

          ਵਿਰੋਧੀ ਧਿਰ ਦੇ ਬਹੁਤੇ ਨੇਤਾਵਾਂ ‘ਚ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੋੜ,ਕੀ ਸੰਯੁਕਤ ਮੋਰਚਾ ਬਨਣ ਦੇਵੇਗੀ? ਕੀ ਕਾਂਗਰਸ ਪਾਰਟੀ, ਜੋ ਇਸ ਵੇਲੇ ਦੇਸ਼ ਦੀ ਵੱਡੀ ਵਿਰੋਧੀ ਪਾਰਟੀ ਹੈ, ਕਿਸੇ ਦੂਜੇ ਨੇਤਾ ਦੀ ਅਗਵਾਈ ਕਬੂਲ ਕਰੇਗੀ, ਕਿਉਂਕਿ ਗਾਂਧੀ ਪਰਿਵਾਰ ਤਾਂ ਕਾਂਗਰਸ ਵਿੱਚ ਆਪਣੇ ਪਰਿਵਾਰ ਤੋਂ ਬਿਨ੍ਹਾਂ ਕਿਸੇ ਦੂਜੇ ਨੇਤਾ ਨੂੰ ਅੱਗੇ ਨਹੀਂ ਆਉਣ ਦਿੰਦਾ ਅਤੇ ਦਿਨੋਂ ਦਿਨ ਇਹ ਪਾਰਟੀ ਇਸ ਕਰਕੇ ਵੀ ਕਮਜ਼ੋਰ ਹੋ ਰਹੀ ਹੈ ਕਿ ਵਿਰੋਧੀ ਸੋਚ ਵਾਲੇ ਅਤੇ ਕਾਂਗਰਸ ਦੀ ਸਮੇਂ-ਸਮੇਂ ਹਾਰ ਉਤੇ ਸਵਾਲ ਉਠਾਉਣ ਵਾਲੇ ਨੇਤਾਵਾਂ ਨੂੰ ਪਾਰਟੀ ‘ਚੋਂ ਰੁਖ਼ਸਤ ਕੀਤਾ ਜਾ ਰਿਹਾ ਹੈ ਜਾਂ ਉਹ ਪਾਰਟੀ ਛੱਡ ਰਹੇ ਹਨ ਜਿਵੇਂ ਸੀਨੀਅਰ ਕਾਂਗਰਸੀ ਨੇਤਾ ਗੁਲਾਬ ਨਬੀ ਅਜ਼ਾਦ ਨੇ ਪਾਰਟੀ ਛੱਡ ਦਿੱਤੀ ਹੈ।  ਇਹੋ ਜਿਹੀਆਂ ਸਥਿਤੀਆਂ ‘ਚ ਕੀ ਸਭਨਾਂ ਪਾਰਟੀਆਂ ਦਾ ਸੰਯੁਕਤ ਗੱਠ ਜੋੜ ਬਣੇਗਾ? ਸੂਬਿਆਂ ਦੇ ਪੱਧਰ ‘ਤੇ ਸਾਰੀਆਂ ਪਾਰਟੀਆਂ ਦੇ ਨਿੱਜੀ ਹਿੱਤ ਹਨ, ਨੇਤਾਵਾਂ ਦੀ ਆਪੋ-ਆਪਣੀ ਟੋਹਰ ਟੱਪਾ  ਬਣਾਈ ਰੱਖਣ ਦੀ ਇੱਛਾ ਹੈ। ਬਹੁਤ ਸਾਰੇ ਨੇਤਾ ਜਾਂ ਸਿਆਸੀ ਪਾਰਟੀਆਂ ਆਪਣੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਬਨਾਉਣ ਦੇ ਚੱਕਰ ‘ਚ ਹਨ। ਕੀ ਆਮ ਆਦਮੀ ਪਾਰਟੀ  ਕਾਂਗਰਸ ਨਾਲ ਗੱਠਜੋੜ ਕਰੇਗੀ?  ਇਸ ਸਭ ਕੁਝ ਦੇ ਵਿਚਕਾਰ ਦੇਸ਼ ਦੀਆਂ ਖੱਬੀਆਂ ਧਿਰਾਂ ਜੋ ਤ੍ਰਿਪੁਰਾ, ਕੇਰਲਾ, ਪੱਛਮੀ ਬੰਗਾਲ ‘ਚ ਆਪਣੀ ਕੁਝ ਨਾ ਕੁਝ ਤਾਕਤ ਰੱਖਦੀਆਂ ਹਨ, ਕੀ ਉਹ ਸੰਯੁਕਤ ਮੋਰਚੇ ਦਾ ਹਿੱਸਾ ਬਣ ਸਕਣਗੀਆਂ। ਜੇਕਰ ਭਾਜਪਾ ਦੇ ਵਿਰੋਧ ਵਿੱਚ ਇੱਕ ਸੰਯੁਕਤ ਮੋਰਚਾ ਬਣਦਾ ਹੈ, ਤਦ 2024 ‘ਚ ਭਾਜਪਾ ਨੂੰ ਹਰਾਉਣਾ ਔਖਾ ਨਹੀਂ ਹੋਏਗਾ ਪਰੰਤੂ ਵੱਖੋ-ਵੱਖਰੇ ਟੁੱਕੜਿਆਂ ‘ਚ ਵੰਡੀ ਵਿਰੋਧੀ ਧਿਰ ਦਾ ਭਾਜਪਾ ਨੂੰ ਹੀ ਫ਼ਾਇਦਾ ਹੋਏਗਾ।

          2019 ‘ਚ ਭਾਜਪਾ ਨੇ ਨਾ ਸਿਰਫ਼ 303 ਸੀਟਾਂ ਜਿੱਤੀਆਂ, ਸਗੋਂ ਅਨੇਕਾਂ ਸੀਟਾਂ ਉਤੇ ਉਸਦੀ ਵੋਟ ਪ੍ਰਤੀਸ਼ਤ ਵੀ ਵਧੀ। 105 ਸੀਟਾਂ ਤਾਂ  ਇਹੋ ਜਿਹੀਆਂ ਸਨ ਜਿਨ੍ਹਾਂ ਉਤੇ ਜਿੱਤ ਦਾ ਫ਼ਰਕ ਤਿੰਨ ਲੱਖ ਵੋਟਾਂ ਤੋਂ ਵੀ ਜ਼ਿਆਦਾ ਸੀ, 59 ਸੀਟਾਂ ਉਤੇ ਮਾਰਜਿਨ ਦੋ ਲੱਖ ਵੋਟਾਂ ਤੋਂ ਜ਼ਿਆਦਾ, 77 ਸੀਟਾਂ ਉਤੇ ਮਾਰਜਿਨ ਇੱਕ ਲੱਖ ਵੋਟਾਂ ਤੋਂ ਜ਼ਿਆਦਾ ਸੀ ਸਿਰਫ਼ 77 ਸੀਟਾਂ ਹੀ ਇਹੋ ਜਿਹੀਆਂ ਸਨ, ਜਿਹਨਾ ਉਤੇ ਜਿੱਤ ਦਾ ਮਾਰਜਨ  ਇੱਕ ਲੱਖ ਤੋਂ ਘੱਟ ਸੀ। ਇਹ ਸਥਿਤੀ ਵਿਰੋਧੀ ਧਿਰ ਲਈ ਵੱਡੀ ਚਿੰਤਾ ਹੈ। ਸ਼ਾਇਦ ਹੀ ਸੰਯੁਕਤ ਮੋਰਚਾ ਇਸ ਚੈਲੰਜ ਨੂੰ ਪ੍ਰਵਾਨ ਕਰੇ, ਭਾਵੇਂ ਕਿ ਭਾਜਪਾ ਨੇ ਫਿਰਕੂ  ਵੰਡ ਵੀ, ਨੀਤੀ ਅਪਨਾ ਕੇ, ਕਿਸਾਨ ਵਿਰੋਧੀ ਐਕਟ ਪਾਸ ਕਰਕੇ, ਜੀ.ਐਸ.ਟੀ, ਨੋਟਬੰਦੀ, ਕਸ਼ਮੀਰ ‘ਚੋਂ ਧਾਰਾ 370 ਖ਼ਤਮ ਕਰਕੇ, ਸੀ.ਏ.ਏ. ਬਿੱਲ ਪਾਸ ਕਰਕੇ ਆਪਣੇ ਲਈ ਵੱਡਾ ਵਿਰੋਧ ਪੈਦਾ ਕਰ ਲਿਆ ਹੈ। ਦੇਸ਼ ‘ਚ ਫੈਲੇ ਭ੍ਰਿਸ਼ਟਾਚਾਰ, ਮਹਿੰਗਾਈ ਨੇ ਵੀ ਭਾਜਪਾ ਨਾਲ ਲੋਕਾਂ ਦਾ ਰੋਸ ਵਧਿਆ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਭਾਜਪਾ ਦੇ ਵਰਕਰ, ਜ਼ਮੀਨੀ ਪੱਧਰ ਉਤੇ ਲੋਕਾਂ ‘ਚ ਜਿਸ ਢੰਗ ਨਾਲ ਅਧਾਰ ਬਣਾਕੇ ਅਤੇ ਹਿੰਦੂ ਪੱਤਾ ਖੇਡਦੇ ਹਨ ਅਤੇ ਆਰ.ਐਸ.ਐਸ. ਦੀਆਂ ਸਰਗਰਮੀਆਂ ਨਾਲ ਸਾਂਝ ਬਣਾਈ ਰੱਖਦੇ ਹਨ, ਉਸ ਤੋਂ ਤਾਂ ਜਾਪਦਾ ਹੈ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਉਦੋਂ ਤੱਕ ਹਰਾਉਣ ਦੇ ਸਮਰੱਥ ਨਹੀਂ ਹੋਣਗੀਆਂ, ਜਦੋਂ ਤੱਕ ਉਹ ਇੱਕ ਮੁੱਠ ਨਹੀਂ ਹੋ ਜਾਂਦੀਆਂ। ਇੱਕ ਅਨੁਮਾਨ ਅਨੁਸਾਰ ਸੰਯੁਕਤ ਮੋਰਚਾ ਰਲ ਮਿਲਕੇ ਭਾਜਪਾ ਦੇ 303 ਦੀ ਲੋਕ ਸਭਾ ਮੈਂਬਰਾਂ ਦੀ ਸੰਖਿਆ 240 ਤੱਕ ਲਿਆ ਸਕਦਾ ਹੈ। ਪਰ ਵੋਟਰਾਂ ਦੇ ਮਿਜ਼ਾਜ਼ ਤੋਂ  ਇੰਜ ਨਹੀਂ ਜਾਪਦਾ ਕਿ ਭਾਜਪਾ ਅਗਲੀਆਂ ਚੋਣਾਂ ਵਿੱਚ 210-215 ਸੀਟਾਂ ਉਤੇ ਸਿਮਟ ਜਾਏਗੀ।ਜੇਕਰ ਇੰਜ ਹੋ ਵੀ ਜਾਂਦਾ ਹੈ ਤਦ ਵੀ ਭਾਜਪਾ ਦੇਸ਼ ਦੀ ਲੋਕ ਸਭਾ ‘ਚ ਸਭ ਤੋਂ ਵੱਡੀ ਪਾਰਟੀ ਹੋਏਗੀ ਅਤੇ ਕਾਂਗਰਸ ਨੂੰ ਕਾਫੀ ਪਿੱਛੇ ਸੁੱਟ ਦੇਵੇਗੀ ਕਿਉਂਕਿ ਉਸ ਦਾ ਇਕੋ ਇੱਕ ਨਿਸ਼ਾਨਾ ਭਾਰਤ ਨੂੰ ਕਾਂਗਰਸ ਮੁਕਤ ਕਰਨ ਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਸਾਰੀਆਂ ਵਿਰੋਧੀ ਧਿਰਾਂ ਇੱਕ ਮੁੱਠ ਹੋਕੇ ਵੀ 2024 ਚੋਣਾਂ ਲੜਨ, ਤਦ ਵੀ ਕਾਂਗਰਸ ਆਪਣੀ ਮੌਜੂਦਾ ਸੀਟਾਂ ਦੀ ਸੰਖਿਆ ਵਿੱਚ ਕੋਈ ਵੱਡਾ ਵਾਧਾ ਨਹੀਂ ਕਰ ਸਕਦੀ। ਇਹ ਵੀ ਠੀਕ ਹੈ ਕਿ 2019 ‘ਚ ਕਾਂਗਰਸ 209 ਸੀਟਾਂ ‘ਤੇ ਦੂਜੀ ਨੰਬਰ ਤੇ ਰਹੀ ਸੀ, ਜਿਥੇ ਉਸਦਾ ਸਾਹਮਣਾ ਸਿੱਧਾ ਭਾਜਪਾ ਨਾਲ ਸੀ, ਪਰ ਹਾਰ ਦਾ ਫ਼ਰਕ ਇੰਨਾ ਜ਼ਿਆਦਾ ਸੀ, ਕਿ ਸ਼ਾਇਦ ਹੀ  ਇਹ ਘੱਪਾ ਪੂਰਿਆ ਜਾ ਸਕੇ 2024 ਚੋਣਾਂ ‘ਚ ਵੀ।

          2019 ‘ਚ ਕਾਂਗਰਸ ਜਿਹਨਾ ਸੀਟਾਂ ਉਤੇ ਦੂਜੇ, ਤੀਜੇ ਅਤੇ  ਚੌਥੇ ਸਥਾਨ ‘ਤੇ ਰਹੀ, ਉਸਦੇ ਵਿਸ਼ਲੇਸ਼ਨ ਤੋਂ ਬਾਅਦ  ਇਹ ਪਤਾ ਲੱਗਦਾ ਹੈ ਕਿ ਕਾਂਗਰਸ ਪਿਛਲੀਆਂ ਚੋਣਾਂ ਦੇ ਮੁਕਾਬਲੇ 28 ਸੀਟਾਂ ਹੋਰ ਜਿੱਤ ਸਕਦੀ ਹੈ  ਅਤੇ ਇਹ 80-82 ਸੀਟਾਂ ਤੱਕ ਪੁੱਜ ਸਕਦੀ ਹੈ। ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਰੁਝਾਨਾਂ ਨੂੰ ਦੇਖਕੇ ਇਹ ਅਸੰਭਵ ਹੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਮੰਚ ਵਿੱਚ ਆ ਸਕਣ। ਅਸਲ ਵਿੱਚ ਆਮ ਆਦਮੀ ਪਾਰਟੀ ਭਾਜਪਾ ਨਾਲੋਂ ਕਾਂਗਰਸ ਨੂੰ ਵੱਡਾ ਦੁਸ਼ਮਣ ਸਮਝਦੀ ਹੈ ਅਤੇ ਉਸਦਾ ਯਤਨ ਦੇਸ਼ ਵਿੱਚ ਕਾਂਗਰਸ ਦੀ ਥਾਂ ਲੈਣ ਦਾ ਹੈ।       ਇਹੋ ਜਿਹੇ ਹਾਲਾਤਾਂ ਵਿੱਚ ਮੁਕਾਬਲਾ ਤਿੰਨ ਕੋਨਾ ਹੋ ਸਕਦਾ ਹੈ। ਇੱਕ ਧਿਰ ਭਾਜਪਾ ਅਤੇ ਉਸਦੇ ਸਹਿਯੋਗੀਆਂ ਦੀ ਹੋਏਗੀ, ਦੂਜੀ ਧਿਰ ਕਾਂਗਰਸ ਅਤੇ ਉਸਦੇ ਸਹਿਯੋਗੀਆਂ ਦੀ ਹੋਵੇਗੀ ਅਤੇ ਤੀਜੀ ਧਿਰ ਖੇਤਰੀ ਪਾਰਟੀਆਂ ਦੇ ਸਾਂਝੇ ਮੋਰਚੇ ਦੀ ਹੋਏਗੀ। ਆਮ ਆਦਮੀ ਇਕੱਲਿਆ ਹੀ ਚੋਣਾਂ ਲੜਦੀ ਹੈ ਜਾਂ ਫਿਰ ਖੇਤਰੀ ਪਾਰਟੀਆਂ ਨਾਲ ਖੜਦੀ ਹੈ, ਇਹ ਉਸਦੀ ਸੂਬਿਆਂ ‘ਚ ਹੋ ਰਹੀਆਂ ਚੋਣਾਂ  ਦੀ ਕਾਰਗੁਜਾਰੀ ਤੇ ਨਿਰਭਰ ਕਰਦਾ ਹੈ। 2024 ਹਾਲੀ ਦੂਰ ਹੈ। ਉਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਗੁਜਰਾਤ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਕਰਨਾਟਕਾ, ਮੱਧ ਪ੍ਰਦੇਸ਼, ਮੀਜੋਰਮ, ਰਾਜਸਥਾਨ, ਤਿਲੰਗਾਨਾ, ਸਿੱਕਮ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 543 ਲੋਕ ਸਭਾ ਚੋਣਾਂ ਮਈ 2024 ‘ਚ ਹੋਣਗੀਆਂ।

-ਗੁਰਮੀਤ ਸਿੰਘ ਪਲਾਹੀ

Comment here