ਲੁਧਿਆਣਾ-ਪੂਰੇ ਵਿਸ਼ਵ ਵਿੱਚ ਭਾਰਤ ਮੋਟੇ ਅਨਾਜ ਨੂੰ ਪ੍ਰਫੁੱਲਿਤ ਕਰ ਰਿਹਾ ਹੈ, ਖਾਸ ਕਰਕੇ ਸਾਲ 2023 ਨੂੰ ਮਿਲੇਟਸ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਕੁੱਝ ਸਮਾਂ ਪਹਿਲਾਂ ਹੋਏ ਜੀ 20 ਸੰਮੇਲਨ ਵਿੱਚ ਵੀ ਖਾਣੇ ਅੰਦਰ ਮੋਟੇ ਅਨਾਜ ਤੋਂ ਬਣੇ ਖਾਣੇ ਨੂੰ ਪਰੋਸਿਆ ਗਿਆ। ਭਾਰਤ ਜੀ 20 ਦੀ ਮੇਜ਼ਬਾਨੀ ਕਰ ਰਿਹਾ ਸੀ ਅਤੇ ਭਾਰਤ ਪੂਰੇ ਵਿਸ਼ਵ ਨੂੰ ਮੋਟੇ ਅਨਾਜ ਦਾ ਫਾਰਮੂਲਾ ਅਪਣਾਉਣ ਦਾ ਸੁਨੇਹਾ ਦੇ ਰਿਹਾ ਹੈ। ਜਿਸ ਨੂੰ ਸੁਪਰ ਫੂਡ ਵਜੋਂ ਵੀ ਅਜੋਕੇ ਸਮੇਂ ਵਿੱਚ ਜਾਣਿਆ ਜਾ ਰਿਹਾ ਹੈ। ਜੀ20 ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ਵਿੱਚ ਵੀ ਮੋਟਾ ਅਨਾਜ ਖਿੱਚ ਦਾ ਕੇਂਦਰ ਬਣਿਆ ਰਿਹਾ। ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਮੋਟੇ ਅਨਾਜ ਦੇ ਫਾਇਦੇ ਅਤੇ ਇਸ ਦੀ ਲੋੜ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
ਮੋਟੇ ਅਨਾਜ ਵਿੱਚ ਜਵਾਰ, ਬਾਜਰਾ, ਰਾਗੀ, ਕੰਗਣੀ, ਸਵਾਂਕ ਅਤੇ ਚੀਨਾ ਆਦਿ ਵੀ ਸ਼ਾਮਿਲ ਹਨ। ਜਿਸ ਨਾਲ ਵੱਖ-ਵੱਖ ਉਤਪਾਦ ਬਣਾਏ ਜਾ ਸਕਦੇ ਨੇ। ਮੋਟੇ ਅਨਾਜ ਤੋਂ ਸਿਰਫ ਰੋਟੀਆਂ ਹੀ ਨਹੀਂ ਸਗੋਂ ਇਸ ਤੋਂ ਪਿੰਨੀਆਂ, ਬਿਸਕੁਟ, ਕੇਕ ਰਸ, ਲੱਡੂ, ਪੰਜੀਰੀ ਅਤੇ ਬੇਕਰੀ ਦੇ ਹੋਰ ਉਤਪਾਦ ਵੀ ਬਣਾ ਸਕਦੇ ਨੇ। ਇਸ ਤੋਂ ਇਲਾਵਾ ਨਮਕੀਨ, ਕਚੋਰੀ ਅਤੇ ਚਕਲੀ ਆਦਿ ਵੀ ਬਣਾਈ ਜਾ ਸਕਦੀ ਹੈ ਜੋਕਿ ਰੋਜ਼ਾਨਾ ਦੀ ਜਿੰਦਗੀ ਵਿੱਚ ਕਾਫੀ ਕੰਮ ਆ ਸਕਦੀ ਹੈ।
ਲੁਧਿਆਣਾ ਪੀਏਯੂ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰ ਡਾਕਟਰ ਰੇਣੁਕਾ ਮੁਤਾਬਿਕ ਮੋਟੇ ਅਨਾਜ ਨੂੰ ਲਾਉਣਾ ਬਹੁਤ ਸੌਖਾ ਹੈ, ਸਾਡੇ ਬਜ਼ੁਰਗ ਇਸ ਦੀ ਹੀ ਵਰਤੋਂ ਕਰਦੇ ਆ ਰਹੇ ਨੇ। ਯੂਐੱਨ ਦੇ ਫੂਡ ਅਤੇ ਐਗਰੀਕਲਚਰ ਆਰਗਨਾਈਜ਼ੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਿਕ ਸਖ਼ਤ ਤੋਂ ਸਖ਼ਤ ਵਾਤਾਵਰਣ ਦੇ ਵਿੱਚ ਵੀ ਮੋਟੇ ਅਨਾਜ ਨੂੰ ਉਗਾਇਆ ਜਾ ਸਕਦਾ ਹੈ। ਅਜੋਕੇ ਸਮੇਂ ਦੇ ਵਿੱਚ ਮੋਟਾ ਅਨਾਜ ਖੁਰਾਕ ਸੁਰੱਖਿਆ ਲਈ ਸਭ ਤੋਂ ਜ਼ਿਆਦਾ ਕਾਰਗਰ ਸਾਬਿਤ ਹੋ ਸਕਦਾ ਹੈ। ਇੱਕ ਪਾਸੇ ਜਿੱਥੇ ਵਿਸ਼ਵ ਦੇ ਵਿੱਚ ਮਹਿੰਗਾਈ ਵਧ ਰਹੀ ਹੈ ਉੱਥੇ ਹੀ ਦੂਜੇ ਪਾਸੇ ਕੁਝ ਦੇਸ਼ਾਂ ਦੇ ਵਿੱਚ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਅਜਿਹੇ ਵਿੱਚ ਮੋਟਾ ਅਨਾਜ ਕਾਫੀ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।
ਮੋਟੇ ਅਨਾਜ ਨੂੰ ਸੁਪਰਫੂਡ ਮੰਨਿਆ ਜਾ ਰਿਹਾ ਹੈ। ਇਸ ਵਿੱਚ ਐਂਟੀ ਆਕਸੀਡੈਂਟ, ਮਿਨਰਲ ਅਤੇ ਪ੍ਰੋਟੀਨ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਲਦਾ ਹੈ। ਇਹ ਸਾਰੇ ਤੱਤ ਮਨੁੱਖੀ ਪਾਚਣ ਤੰਤਰ ਨੂੰ ਕਾਫੀ ਮਜ਼ਬੂਤ ਬਣਾਉਂਦੇ ਹਨ ਅਤੇ ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਮੋਟਾ ਅਨਾਜ ਗਲੂਟਨ ਫ੍ਰੀ ਹੁੰਦਾ ਹੈ, ਜਿਸ ਵਿੱਚ ਆਇਰਨ ਦੀ ਮਾਤਰਾ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਵਿੱਚ ਖੁਰਾਕੀ ਤੱਤ ਜ਼ਿਆਦਾ ਹੋਣ ਕਰਕੇ ਇਹ ਕਾਫੀ ਲਾਹੇਵੰਦ ਹਨ। ਡਾਕਟਰ ਨੇ ਦੱਸਿਆ ਹੈ ਕਿ ਜਿੱਥੇ ਆਮ ਅਨਾਜ ਦੀਆਂ ਤਿੰਨ ਰੋਟੀਆਂ ਇਨਸਾਨ ਖਾਂਦਾ ਹੈ ਉੱਥੇ ਮੋਟੇ ਅਨਾਜ ਦੀ ਇੱਕੋ ਹੀ ਰੋਟੀ ਦੇ ਨਾਲ ਢਿੱਡ ਭਰ ਜਾਂਦਾ ਹੈ।
ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਸਰਕਾਰਾਂ ਬਦਲ ਲੱਭ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਮੋਟਾ ਅਨਾਜ ਕਿਸਾਨਾਂ ਲਈ ਵੀ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ, ਪਿਛਲੇ ਸਾਲ ਪੰਜਾਬ ਵਿੱਚ ਤਾਪਮਾਨ ਵਧਣ ਕਰਕੇ ਕਣਕ ਦਾ ਨੁਕਸਾਨ ਹੋਇਆ ਸੀ। ਝਾੜ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ ਸੀ, ਪਰ ਮੋਟਾ ਅਨਾਜ ਜਲਵਾਯੂ ਦੇ ਅਨੁਕੂਲ ਹੈ। ਮੋਟਾ ਅਨਾਜ ਅਜਿਹੀ ਜ਼ਮੀਨ ਉੱਤੇ ਵੀ ਉਗਾਇਆ ਜਾ ਸਕਦਾ ਹੈ, ਜਿਸ ਨੂੰ ਹੋਰ ਫਸਲਾਂ ਲਈ ਅਨੁਕੂਲ ਨਹੀਂ ਮੰਨਿਆ ਜਾਂਦਾ। ਇਸ ਕਰਕੇ ਇਸ ਨੂੰ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਉਗਾਇਆ ਜਾ ਸਕਦਾ ਹੈ, ਜਿਸ ਨਾਲ ਵਿਸ਼ਵ ਦੇ ਵਿੱਚ ਅਨਾਜ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਹਲਾਂਕਿ ਮੋਟੇ ਅਨਾਜ ਦੀ ਮੰਡੀ ਦੇ ਵਿੱਚ ਕੋਈ ਖਾਸ ਕੀਮਤ ਨਹੀਂ ਮਿਲਦੀ ਪਰ ਪ੍ਰਚਲਿੱਤ ਹੋਣ ਦੇ ਨਾਲ ਇਸ ਦੀ ਕੀਮਤ ਵੀ ਵੱਧ ਸਕਦੀ ਹੈ ਅਤੇ ਨਾਲ ਹੀ ਕਿਸਾਨ ਉਸ ਜ਼ਮੀਨ ਅਤੇ ਇਸ ਨੂੰ ਬਦਲ ਦੇ ਰੂਪ ਵਿੱਚ ਲਾ ਸਕਦੇ ਹਨ। ਜਿੱਥੇ ਹੋਰ ਫਸਲਾਂ ਨਹੀਂ ਹੋ ਰਹੀਆਂ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਜਵਾਹਰ ਅਤੇ ਬਾਜਰੇ ਦੀ ਪੈਦਾਵਾਰ ਹੋਣ ਕਰਕੇ ਪੂਰੇ ਵਿਸ਼ਵ ਦੇ ਵਿੱਚ 19 ਫੀਸਦੀ ਮੋਟੇ ਅਨਾਜ ਦਾ ਉਤਪਾਦਨ ਕਰਦਾ ਹੈ।
2023 ‘ਚ ਮੋਟੇ ਅਨਾਜ ਨੂੰ ਦਿੱਤੀ ਜਾ ਰਹੀ ਖ਼ਾਸ ਤਰਜੀਹ

Comment here