ਸਿਆਸਤਖਬਰਾਂਚਲੰਤ ਮਾਮਲੇ

2022 ’ਚ ਵੀ ਨਹੀਂ ਮਿਲ ਸਕਿਆ ਗੁਰਦਾਸਪੁਰ ਨੂੰ ਮੰਤਰੀ

ਗੁਰਦਾਸਪੁਰ– ਪੰਜਾਬ ਭਵਨ ਵਿਖੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ‘ਆਪ’ ਦੇ 10 ਵਿਧਾਇਕਾਂ ਨੂੰ ਕੱਲ੍ਹ ਸਹੁੰ ਚੁਕਾਈ।  ਉਨ੍ਹਾਂ ਜ਼ਿਲ੍ਹਿਆਂ ਤੇ ਹਲਕਿਆਂ ਦੇ ਲੋਕਾਂ ਵਿਚ ਖੁਸ਼ੀ ਹੈ ਜਿੱਥੋਂ ਦੀ ਨੁਮਾਇੰਦਗੀ ਇਹ ਮੰਤਰੀ ਕਰਨਗੇ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਇੱਕ ਵੀ ਵਿਧਾਇਕ ਕੈਬਨਿਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਜਦਕਿ ਪਿਛਲੀ ਵਾਰ ਜ਼ਿਲ੍ਹੇ ਕੋਲ ਉਪ ਮੁੱਖ ਮੰਤਰੀ ਸਮੇਤ ਤਿੰਨ ਕੈਬਨਿਟ ਰੈਂਕ ਦੇ ਮੰਤਰੀ ਸਨ। ਇਨ੍ਹਾਂ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਦੀਨਾਨਗਰ ਤੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਨ। ਇਨ੍ਹਾਂ ਤਿੰਨਾਂ ਕੋਲ ਸੂਬਾ ਸਰਕਾਰ ਵਿਚ ਅਹਿਮ ਮਹਿਕਮੇ ਸਨ। ‘ਆਪ’ ਦੀ ਹਨੇਰੀ ਵਿਚ ਜਿੱਤਣ ਦੇ ਬਾਵਜੂਦ ਉਕਤ ਤਿੰਨੋਂ ਵੱਡੇ ਕਾਂਗਰਸੀ ਆਗੂ ਸਿਰਫ਼ ਵਿਧਾਇਕ ਰਹਿ ਕੇ ਅਗਲੇ ਪੰਜ ਸਾਲ ਗੁਜ਼ਾਰਨਗੇ। ‘ਆਪ’ ਜ਼ਿਲ੍ਹੇ ਦੀਆਂ 7 ਸੀਟਾਂ ਵਿੱਚੋਂ ਕਾਂਗਰਸ 5 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ਼ ਬਟਾਲਾ ਤੇ ਹਰਗੋਬਿੰਦਪੁਰ ਦੀਆਂ ਦੋ ਸੀਟਾਂ ਆਈਆਂ। ਜੇ ਕਾਂਗਰਸ ਦੀ ਸਰਕਾਰ ਮੁੜ ਸੱਤਾ ਵਿਚ ਆਉਂਦੀ ਤਾਂ ਇਸ ਜ਼ਿਲ੍ਹੇ ਵਿੱਚੋਂ ਇਸ ਵਾਰ ਘੱਟੋ-ਘੱਟ ਚਾਰ ਕਾਂਗਰਸੀ ਵਿਧਾਇਕਾਂ ਦਾ ਮੰਤਰੀ ਬਣਨਾ ਤੈਅ ਸੀ ਕਿਉਂਕਿ ਉਕਤ ਤਿੰਨ ਕਾਂਗਰਸੀ ਮੰਤਰੀਆਂ ਤੋਂ ਇਲਾਵਾ ਕਾਂਗਰਸ ਦੇ ਵੱਡੇ ਆਗੂ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਚੋਣ ਜਿੱਤੇ ਹਨ। ਪੰਜਵੇਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੰਤਰੀ ਦੀ ਦੌੜ ਵਿਚ ਸ਼ਾਮਲ ਸਨ। ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਕਰੀਏ ਤਾਂ ਬਟਾਲਾ ਤੋਂ ਨੌਜਵਾਨ ਸ਼ੈਰੀ ਕਲਸੀ ਪਹਿਲੀ ਵਾਰ ਵਿਧਾਇਕ ਬਣੇ ਹਨ। ਇਸੇ ਤਰ੍ਹਾਂ ਸ੍ਰੀ ਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ ਪਹਿਲੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਦੋਵਾਂ ਆਗੂਆਂ ਦੀ ਕਾਰਗੁਜ਼ਾਰੀ ਚੰਗੀ ਰਹੀ ਪਰ ਮੁਕਾਬਲੇ ਵਿਚ ਕੋਈ ਵੱਡਾ ਨਾਮੀ ਤੇ ਚਰਚਿਤ ਚਿਹਰਾ ਨਹੀਂ ਸੀ ਜਿਸ ਕਾਰਨ ਇਨ੍ਹਾਂ ਦੋਵਾਂ ਦੇ ਮੰਤਰੀ ਬਣਨ ਦੀ ਸੰਭਾਵਨਾ ਘੱਟ ਸੀ। ਇਨ੍ਹਾਂ ਦੋਵਾਂ ਵਿਧਾਇਕਾਂ ਤੋਂ ਇਲਾਵਾ ਗੁਰਦਾਸਪੁਰ ਤੋਂ ‘ਆਪ’ ਆਗੂ ਰਮਨ ਬਹਿਲ ਤਜਰਬੇਕਾਰ ਨੇਤਾ ਹਨ ਕਿ ਜੇ ਉਹ ਜਿੱਤ ਹਾਸਲ ਕਰਦੇ ਤਾਂ ਸ਼ਾਇਦ ਅੱਜ ਉਹ ਵੀ ਬਤੌਰ ਮੰਤਰੀ ਸਹੁੰ ਚੁੱਕ ਰਹੇ ਹੁੰਦੇ। ਸਮਰਥਕਾਂ ਨੂੰ ਆਸ ਹੈ ਕਿ ਰਮਨ ਬਹਿਲ ਨੂੰ ਕੋਈ ਵੱਡੀ ਚੇਅਰਮੈਨੀ ਦਿੱਤੀ ਜਾਵੇਗੀ। ਜਿਸ ਤਰ੍ਹਾਂ ਅੱਜ 2022 ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਕੋਈ ਵੀ ਵਿਧਾਇਕ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਹੈ, ਉਸੇ ਤਰ੍ਹਾਂ 2012 ਦੀ ਸਰਕਾਰ ਸਮੇਂ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਕੋਈ ਵਿਧਾਇਕ ਮੰਤਰੀ ਨਹੀਂ ਬਣ ਸਕਿਆ ਸੀ। ਸੀਨੀਅਰ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ ਤੇ ਸੇਵਾ ਸਿੰਘ ਸੇਖਵਾਂ ਚੋਣ ਹਾਰ ਗਏ ਸਨ। ਬਾਅਦ ਵਿਚ ਅਕਾਲੀ ਸਰਕਾਰ ਨੇ ਬੱਬੇਹਾਲੀ ਨੂੰ ਸੰਸਦੀ ਸਕੱਤਰ ਦਾ ਅਹੁਦਾ ਦੇ ਕੇ ਨਿਵਾਜਿਆ ਸੀ। 5 ਸਾਲ ਬਾਅਦ 2017 ਵਿਚ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਇਸ ਜ਼ਿਲ੍ਹੇ ਨੂੰ ਤਿੰਨ ਵਜ਼ੀਰੀਆਂ ਮਿਲੀਆਂ।

Comment here