ਸਿਆਸਤਖਬਰਾਂਦੁਨੀਆ

20 ਮਹੀਨਿਆਂ ਬਾਅਦ ਭਾਰਤ ਨੇ 99 ਦੇਸ਼ਾਂ ਲਈ ਪਾਬੰਦੀ ਹਟਾਈ

ਨਵੀਂ ਦਿੱਲੀ-ਭਾਰਤ ਨੇ ਉਨ੍ਹਾਂ 99 ਦੇਸ਼ਾਂ ਦੇ ਯਾਤਰੀਆਂ ਲਈ ਇਕਾਂਤਵਾਸ ਮੁਕਤ ਐਂਟਰੀ ਨੂੰ ਮੁੜ ਤੋਂ ਸ਼ੁਰੂ ਕੀਤਾ, ਜਿਨ੍ਹਾਂ ਨੇ ਕੋਵਿਡ-19 ਟੀਕਾਕਰਨ ਸਰਟੀਫ਼ਿਕੇਟਾਂ ਦੀ ਆਪਸੀ ਮਾਨਤਾ ਦੇਣ ’ਤੇ ਸਹਿਮਤੀ ਜਤਾਈ ਹੈ। ਇਸ ਸਬੰਧ ਵਿਚ ਕੋਵਿਡ-19 ਮਹਾਮਾਰੀ ਦੇ ਚੱਲਦੇ ਕਰੀਬ 20 ਮਹੀਨੇ ਪਹਿਲਾਂ ਰੋਕ ਲਾਈ ਗਈ ਸੀ। ਕੌਮਾਂਤਰੀ ਆਵਾਜਾਈ ਲਈ ਕੇਂਦਰੀ ਸਿਹਤ ਮੰਤਰਾਲਾ ਵਲੋਂ 11 ਨਵੰਬਰ ਨੂੰ ਜਾਰੀ ਸੋਧ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ‘ਸ਼੍ਰੇਣੀ-ਏ’ ਤਹਿਤ ਸੂਚੀਬੱਧ ਇਨ੍ਹਾਂ 99 ਦੇਸ਼ਾਂ ’ਚ ਅਮਰੀਕਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਨੀਦਰਲੈਂਡ ਅਤੇ ਰੂਸ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਤੈਅ ਯਾਤਰਾ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ ’ਤੇ ਨੈਗੇਟਿਵ ਕੋਵਿਡ-19 ਆਰ. ਟੀ-ਪੀ. ਸੀ. ਆਰ. ਰਿਪੋਰਟ ਤੋਂ ਇਲਾਵਾ ਸਵੈ-ਘੋਸ਼ਣਾ ਫਾਰਮ ਜਮਾਂ ਕਰਨਾ ਹੋਵੇਗਾ। ਆਰ. ਟੀ-ਪੀ. ਸੀ. ਆਰ. ਜਾਂਚ ਯਾਤਰਾ ਸ਼ੁਰੂ ਹੋਣ ਤੋਂ 72 ਘੰਟੇ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ।
ਹਰੇਕ ਯਾਤਰੀ ਨੂੰ ਰਿਪੋਰਟ ਦੀ ਪ੍ਰਮਾਣਿਕਤਾ ਦੇ ਸਬੰਧ ’ਚ ਇਕ ਐਲਾਨ ਪੱਤਰ ਵੀ ਪੇਸ਼ ਕਰਨਾ ਹੋਵੇਗਾ ਅਤੇ ਇਹ ਗਲਤ ਪਾਏ ਜਾਣ ’ਤੇ ਉਨ੍ਹਾਂ ਖ਼ਿਲਾਫ਼ ਅਪਰਾਧਕ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਇਹ ਅਜਿਹੇ ਦੇਸ਼ ਹਨ, ਜਿਨ੍ਹਾਂ ਦਾ ਭਾਰਤ ਨਾਲ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਜਾਂ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ ਟੀਕਿਆਂ ਦੇ ਟੀਕਾਕਰਨ ਸਰਟੀਫ਼ਿਕੇਟਾਂ ਦੀ ਆਪਸੀ ਮਾਨਤਾ ’ਤੇ ਸਮਝੌਤਾ ਹੋਇਆ ਹੈ। ਇਸ ਤਰ੍ਹਾਂ ਅਜਿਹੇ ਦੇਸ਼ ਹਨ, ਜਿਨ੍ਹਾਂ ਦਾ ਭਾਰਤ ਨਾਲ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਹੈ ਪਰ ਉਹ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਛੋਟ ਦਿੰਦੇ ਹਨ, ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਜਾਂ ਡਬਲਯੂ. ਐੱਚ. ਓ. ਤੋਂ ਮਾਨਤਾ ਪ੍ਰਾਪਤ ਕੋਵਿਡ-19 ਰੋਕੂ ਟੀਕਿਆਂ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹਨ।
ਕੇਂਦਰੀ ਸੈਰ-ਸਪਾਟਾ ਵਿਭਾਗ ਮੰਤਰਾਲਾ ਨੇ ਇਕ ਟਵੀਟ ਵਿਚ ਕਿਹਾ ਕਿ ਅਜਿਹੇ ’ਚ ਭਾਰਤ ਨੇ ਸੋਮਵਾਰ ਤੋਂ ਦੁਨੀਆ ਭਰ ਤੋਂ ਅਜਿਹੇ ਕੌਮਾਂਤਰੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜੋ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ। ਦਿਸ਼ਾ-ਨਿਰਦੇਸ਼ ਮੁਤਾਬਕ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਯਾਤਰੀ ਕਿਸੇ ਅਜਿਹੇ ਦੇਸ਼ ਤੋਂ ਆ ਰਹੇ ਹਨ, ਜਿਸ ਨਾਲ ਭਾਰਤ ਦੀ ਡਬਲਯੂ. ਐੱਚ. ਓ. ਵਲੋਂ ਮਨਜ਼ੂਰ ਕੋਵਿਡ-19 ਟੀਕਿਆਂ ਦੀ ਮਨਜ਼ੂਰੀ ਲਈ ਆਪਸੀ ਵਿਵਸਥਾ ਹੈ, ਤਾਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਇਕਾਂਤਵਾਸ ਤੋਂ ਲੰਘਣ ਦੀ ਲੋੜ ਨਹੀਂ ਹੋਵੇਗੀ। ਉਹ ਭਾਰਤ ਆਉਣ ਮਗਰੋਂ 14 ਦਿਨਾਂ ਤੱਕ ਆਪਣੀ ਸਿਹਤ ਦੀ ਖ਼ੁਦ ਨਿਗਰਾਨੀ ਕਰਨਗੇ। ਕੁਝ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਨੂੰ ਭਾਰਤ ਵਲੋਂ ‘ਜ਼ੋਖਮ ਵਿਚ’ ਮੰਨਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਯਾਤਰੀਆਂ ਨੂੰ ਜਾਂਚ ਸਮੇਤ ਹੋਰ ਵਾਧੂ ਉਪਾਵਾਂ ਦਾ ਪਾਲਣ ਕਰਨਾ ਹੋਵੇਗਾ। ਇਹ ਦੇਸ਼ ਹਨ- ਬ੍ਰਿਟੇਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜਿੰਬਾਬਵੇ ਅਤੇ ਸਿੰਗਾਪੁਰ।

Comment here