ਵਿਸ਼ੇਸ਼ ਲੇਖ

2 ਸਾਲ ਪਹਿਲਾਂ ਅੱਜ ਦੇ ਦਿਨ ਖੁੱਲ੍ਹਿਆ ਸੀ ਕਰਤਾਰਪੁਰ ਲਾਂਘਾ

ਵਿਸ਼ੇਸ਼ ਰਿਪੋਰਟ-ਜਸਪਾਲ 

ਦੋ ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਤੇ ਸ਼ਾਂਤੀ ਦੇ ਪ੍ਰਤੀਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ। ਗੁਰਦੁਆਰਾ ਦਰਬਾਰ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਹੋਇਆ ਹੈ, ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਦਰੀ ਬਣਾਈ ਗਈ ਹੈ, ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਲਾਈ ਗਈ ਹੈ।  ਬਾਰਾਦਰੀ ਵਿੱਚ ਯਾਤਰੀਆਂ ਦੇ ਠਹਿਰਨ ਲਈ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਠਹਿਰ ਸਕਦੇ ਹਨ। ਬਾਰਾਦਰੀ ਤੋਂ ਬਾਹਰ ਲੰਗਰ ਹਾਲ ਹੈ, ਜਿਸ ਵਿੱਚ ਦੋ ਤੋਂ ਢਾਈ ਹਜ਼ਾਰ ਬੰਦਾ ਇਕੱਠਿਆਂ ਲੰਗਰ ਛਕ ਸਕਦਾ ਹੈ। ਇਸ ਪੂਰੇ ਪ੍ਰਾਜੈਕਟ ਲਈ 800 ਏਕੜ ਜ਼ਮੀਨ ਖ਼ਰੀਦੀ ਗਈ ਹੈ, ਜਿਸ ਵਿੱਚ 444 ਏਕੜ ਗੁਰਦੁਆਰਾ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ ਅਤੇ ਬਾਕੀ ਦੀ ਜ਼ਮੀਨ ‘ਤੇ ਪੁਲ ਬਣਿਆ ਹੋਇਆ ਹੈ। ਇਥੇ ਇਕ ਟਰਮੀਨਲ ਵੀ ਬਣਿਆ ਹੈ, ਜਿੱਥੇ ਸ਼ਰਧਾਲੂਆਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਦਰਸ਼ਨਾਂ ਲਈ ਅੰਦਰ ਆਉਂਦੇ ਹਨ। ਪਰ ਅਫਸੋਸ ਕਿ 2 ਸਾਲ ‘ਚ ਕਾਰੀਡੋਰ 4 ਮਹੀਨੇ ਹੀ ਖੁੱਲ੍ਹ ਪਾਇਆ। ਇਨ੍ਹਾਂ 4 ਮਹੀਨਿਆਂ ‘ਚ ਕੁੱਲ ਮਿਲਾਕੇ 62179 ਸ਼ਰਧਾਲੂਆਂ ਨੇ ਹੀ ਦੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ।  15 ਮਾਰਚ , 2020 ਨੂੰ ਇਹ ਲਾਂਘਾ ਬੰਦ ਹੋ ਗਿਆ ਸੀ।

ਚੰਨੀ ਨੇ ਪ੍ਰਧਾਨ ਮੰਤਰੀ  ਨੂੰ ‘ਕਰਤਾਰਪੁਰ ਲਾਂਘਾ’ ਖੋਲ੍ਹਣ ਦੀ  ਕੀਤੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੁੜ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹਨ ਕਿ ਇਸ ਸ਼ੁੱਭ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ ਅਤੇ ਸੰਗਤ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਦਾ ਪ੍ਰਭਾਵ ਵੀ ਘੱਟ ਗਿਆ ਹੈ, ਇਸ ਲਈ ਕਰਤਾਰਪੁਰ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ, ਜਿਸ ਨੂੰ ਬੰਦ ਹੋਇਆ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ।

ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖ਼ੋਲ੍ਹਣ ਦੀ ਮੰਗ ਕੀਤੀ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਦੇਸ਼ ’ਚ ਕੋਵਿਡ-19 ਦੀ ਸਥਿਤੀ ’ਚ ਸੁਧਾਰ ਹੋਇਆ ਹੈ, ਜਿਸ ਕਰਕੇ ਕਰਤਾਰਪੁਰ ਲਾਂਘਾ ਫ਼ਿਰ ਖੋਲ੍ਹਿਆ ਜਾਣਾ ਚਾਹੀਦਾ ਹੈ। ਬੀਬਾ ਬਾਦਲ ਨੇ ਭਾਰਤ-ਪਾਕਿਸਤਾਨ ਵਿਚਕਾਰ ਬਹੁ-ਧਰਮੀ ਸ਼ਾਂਤੀ ਗਲਿਆਰੇ ਦੇ ਪੁਰਾਣੇ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਬੇਨਤੀ ਕੀਤੀ, ਜੋ ਹੁਣ ਪਾਕਿਸਤਾਨ ਵਿਚਲੇ ਸਾਰੇ ਇਤਿਹਾਸਕ ਧਾਰਮਿਕ ਸਥਾਨਾਂ ਨੂੰ ਭਾਰਤ ਦੇ ਸਾਰੇ ਧਰਮਾਂ ਦੇ ਸ਼ਰਧਾਲੂਆਂ, ਖਾਸ ਕਰਕੇ ਸਿੱਖਾਂ ਲਈ ਜੋੜਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਖੇਤਰਾਂ ਦੀ ਅਦਲਾ-ਬਦਲੀ ਕਰਨੀ ਚਾਹੀਦੀ ਹੈ ਤਾਂ ਜੋ ਕਰਤਾਰਪੁਰ ਸਾਹਿਬ ਭਾਰਤ ਦੀ ਮੁੱਖ ਭੂਮੀ ਦਾ ਹਿੱਸਾ ਬਣ ਜਾਵੇ, ਇਸ ਨੂੰ ਕਿਸੇ ਹੋਰ ਥਾਂ ਤੋਂ ਪਾਕਿਸਤਾਨ ਲਈ ਢੁਕਵੀਂ ਜ਼ਮੀਨ ਦੇ ਨਾਲ ਬਦਲਿਆ ਜਾਵੇ। ਬੀਬਾ ਬਾਦਲ ਨੇ ਕਿਹਾ ਕਿ 1948 ਵਿੱਚ ਸਭ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਚੁੱਕੀ ਗਈ ਸੀ। 1969 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਸਮੀ ਤੌਰ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਜ਼ਮੀਨਾਂ ਦੀ ਇਸ ਅਦਲਾ-ਬਦਲੀ ਲਈ ਗੱਲ ਕਰਨ ਲਈ ਰਾਜ਼ੀ ਵੀ ਹੋ ਗਏ ਸਨ। ਪਰ ਪਾਕਿਸਤਾਨ ਸਰਕਾਰ ਵੱਲੋਂ ਇਹ ਪੇਸ਼ਕਸ਼ ਠੁਕਰਾ ਦਿੱਤੀ ਗਈ ਸੀ, ਤੇ ਬਾਅਦ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੀ। ਉਨ੍ਹਾਂ ਕਿਹਾ ਕਿ ਹੁਣ ਇਹ ਪਵਿੱਤਰ ਕਰਤਾਰਪੁਰ ਸਾਹਿਬ ਨੂੰ ਸਥਾਈ ਤੌਰ ’ਤੇ ਭਾਰਤ ਦਾ ਹਿੱਸਾ ਬਣਾਉਣ ਦੀ ਪੇਸ਼ਕਸ਼ ਕਰਨ ਦਾ ਸਮਾਂ ਹੈ।

Comment here