ਹੁਸ਼ਿਆਰਪੁਰ- ਇਥੋਂ ਦੇ ਪਿੰਡ ਡਵਿਡਾ ਅਹਿਰਾਣਾ ’ਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਕਥਿਤ ਪ੍ਰੇਮੀ ਜੋੜੇ ਨੇ ਆਪਸ ਵਿਚ ਹੋਈ ਤਕਰਾਰ ਮਗਰੋਂ ਜ਼ਹਿਰ ਖਾ ਲਿਆ। ਇਸ ਦੌਰਾਨ ਪ੍ਰੇਮੀ ਦੀ ਮੌਤ ਹੋ ਗਈ ਜਦਕਿ ਪ੍ਰੇਮਿਕਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਗੁਲਸ਼ਨ ਨੇ ਦੱਸਿਆ ਕਿ ਨੌਜਵਾਨ ਦੇ ਪਿਤਾ ਜਰਨੈਲ ਸਿੰਘ ਵਾਸੀ ਫੁਗਲਾਨਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਦੇ ਬਾਹਰ ਮਿ੍ਤਕ ਵਿਅਕਤੀ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਦੀਪ (20) 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਮਜ਼ਦੂਰੀ ਕਰਨ ਲੱਗਾ ਸੀ। ਕਰੀਬ 6 ਮਹੀਨੇ ਪਹਿਲਾਂ ਹੀ ਹਰਦੀਪ ਦੀ ਮੁਲਾਕਾਤ ਤਹਿਸੀਲ ਗੜ੍ਹਸ਼ੰਕਰ ਦੇ ਇਕ ਪਿੰਡ ਦੀ ਬੀਬੀ ਨਾਲ ਹੋਈ ਸੀ। ਦੋਹਾਂ ਦੀ ਦੋਸਤੀ ਪ੍ਰੇਮ ਵਿਚ ਬਦਲ ਗਈ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਬੀਬੀ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਅਤੇ ਉਸ ਦਾ ਇਕ 15 ਸਾਲ ਦਾ ਬੇਟਾ ਅਤੇ ਇਕ 13 ਸਾਲ ਦੀ ਬੇਟੀ ਹੈ। ਉਕਤ ਪਤਨੀ ਦਾ ਪਤੀ ਵਿਦੇਸ਼ ’ਵਿਚ ਰਹਿੰਦਾ ਹੈ। ਇਸ ’ਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਉਸ ਨਾਲ ਸੰਬੰਧ ਤੋੜਨ ਦਾ ਦਵਾਅ ਬਣਾਇਆ ਪਰ ਹਰਦੀਪ ਨੇ ਉਨ੍ਹਾਂ ਦੀ ਇਕ ਨਾ ਮੰਨੀ। ਉਕਤ ਬੀਬੀ ਆਪਣੇ ਪਤੀ ਅਤੇ ਦੋਵੇਂ ਬੱਚਿਆਂ ਨੂੰ ਛੱਡ ਕੇ ਉਨ੍ਹਾਂ ਦੇ ਘਰ ਫੁਗਲਾਨਾ ’ਵਿਚ ਆ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਨੂੰ ਬੇਦਖ਼ਲ ਕਰਕੇ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਹਰਦੀਪ ਉਕਤ ਮਹਿਲਾ ਦੇ ਨਾਲ ਪਿੰਡ ਡਵਿਡਾ ਅਹਿਰਾਣਾ ’ਵਿਚ ਕਿਰਾਏ ’ਤੇ ਮਕਾਨ ਲੈ ਕੇ ਰਹਿਣ ਲੱਗਾ। ਉਕਤ ਬੀਬੀ ਦੇ ਪਤੀ ਨੇ ਹਰਦੀਪ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਚ ਰਿਪੋਰਟ ਦਰਜ ਕਰਵਾਈ ਕਿ ਹਰਦੀਪ ਉਸ ਦੀ ਪਤਨੀ ਨੂੰ ਭਜਾ ਕੇ ਲੈ ਗਿਆ ਹੈ ਪਰ ਔਰਤ ਨੇ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਰਹਿ ਰਹੀ ਹੈ।
Comment here