ਨਵੀਂ ਦਿੱਲੀ- ਕੁਝ ਦਿਨ ਹੀ ਰਾਹਤ ਮਗਰੋਂ ਕਰੋਨਾ ਇੱਕ ਵਾਰ ਫੇਰ ਡਰਾਉਣ ਲੱਗਿਆ ਹੈ, ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵੱਡਾ ਉਛਾਲ ਆਇਆ ਹੈ। ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਦੇ ਮਾਮਲਿਆਂ ਵਿੱਚ ਲਗਭਗ 30 ਪ੍ਰਤੀਸ਼ਤ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 17,336 ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਸੰਕਰਮਣ ਦੇ 13,313 ਮਾਮਲੇ ਸਾਹਮਣੇ ਆਏ ਸਨ। ਅੱਜ ਐਕਟਿਵ ਕੇਸ ਵਧ ਕੇ 88,284 ਹੋ ਗਏ ਹਨ। ਕੇਂਦਰ ਸਰਕਾਰ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਕੋਰੋਨਾ ਦੇ ਫੈਲਣ ਦਾ ਮੁਲਾਂਕਣ ਕਰਨ ਲਈ ਲੋੜੀਂਦੀ ਜਾਂਚ ਅਤੇ ਪ੍ਰਭਾਵੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਕਿਸੇ ਵੀ ਸੰਭਾਵੀ ਪਰਿਵਰਤਨ ਦਾ ਪਤਾ ਲਗਾਉਣ ਲਈ, ਜੀਨੋਮ ਟੈਸਟਿੰਗ ‘ਤੇ ਧਿਆਨ ਕੇਂਦਰਤ ਕਰੋ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੇ 5,218 ਨਵੇਂ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 2,479 ਨਵੇਂ ਮਾਮਲੇ ਇਕੱਲੇ ਮੁੰਬਈ ਵਿੱਚ ਦਰਜ ਕੀਤੇ ਗਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਦੀ ਰਫ਼ਤਾਰ ਜਾਰੀ ਹੈ। ਵੀਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 1,934 ਨਵੇਂ ਮਾਮਲੇ ਦਰਜ ਕੀਤੇ ਗਏ। ਦਿੱਲੀ ‘ਚ ਸੰਕਰਮਣ ਦੀ ਦਰ 8 ਫੀਸਦੀ ਨੂੰ ਪਾਰ ਕਰ ਗਈ ਹੈ।ਦਿੱਲੀ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 19,27,394 ਹੋ ਗਈ ਹੈ, ਜਦੋਂ ਕਿ ਮਹਾਮਾਰੀ ਕਾਰਨ 26,242 ਲੋਕਾਂ ਦੀ ਮੌਤ ਹੋ ਚੁੱਕੀ ਹੈ।
Comment here