ਅਪਰਾਧਸਿਆਸਤਖਬਰਾਂਚਲੰਤ ਮਾਮਲੇ

16 ਯੂਟਿਊਬ ਚੈਨਲ ਬਲਾਕ, 6 ਪਾਕਿਸਤਾਨ ਦੇ

ਨਵੀਂ ਦਿੱਲੀ- ਦੇਸ਼ ਵਿਰੋਧੀ ਕਾਰਵਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਦੀ ਸਰਕਾਰ ਦਾ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵੱਡੇ ਐਕਸ਼ਨ ਲੈ ਰਿਹਾ ਹੈ। ਹੁਣ ਸਰਕਾਰ ਨੇ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁਡ਼ੀਆਂ ਗ਼ਲਤ ਸੂਚਨਾਵਾਂ ਫੈਲਾਉਣ ਦੇ ਦੋਸ਼ ’ਚ 16 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ’ਚ ਪਾਕਿਸਤਾਨ ਤੋਂ ਸੰਚਾਲਤ ਛੇ ਯੂਟਿਊਬ ਚੈਨਲ ਅਤੇ ਇਕ ਫੇਸਬੁੱਕ ਅਕਾਊਂਟ ਸ਼ਾਮਲ ਹੈ। ਕਿਹਾ ਗਿਆ ਹੈ ਕਿ ਇਨ੍ਹਾਂ ਚੈਨਲਾਂ ਦੇ ਦਰਸ਼ਕਾਂ ਦੀ ਗਿਣਤੀ 68 ਕਰੋਡ਼ ਤੋਂ ਜ਼ਿਆਦਾ ਹੈ। ਸੂਚਨਾ ਪ੍ਰਸਾਰਣ ਮੰਤਰਾਲੇ ਨੇ 2021 ਦੇ ਆਈਟੀ ਨਿਯਮਾਂ ਤਹਿਤ ਇਹ ਕਾਰਵਾਈ ਕੀਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਬਲਾਕ ਕੀਤੇ ਗਏ ਯੂਟਿਊਬ ਚੈਨਲਾਂ ਅਤੇ ਫੇਸਬੁੱਕ ਅਕਾਊਂਟਾਂ ਤੋਂ ਝੂਠੀ, ਗ਼ੈਰ-ਤਸਦੀਕਸ਼ੁਦਾ ਜਾਣਕਾਰੀਆਂ ਫੈਲਾਅ ਕੇ ਫ਼ਿਰਕੂ ਭੇਦਭਾਵ ਭਡ਼ਕਾਉਣ, ਦਹਿਸ਼ਤ ਪੈਦਾ ਕਰਨ ਅਤੇ ਭਾਰਤ ’ਚ ਵਿਵਸਥਾ ’ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਦੇਸ਼ ਮੰਤਰਾਲੇ ਮੁਤਾਬਕ, ਬਲਾਕ ਕੀਤੇ ਗਏ ਪਾਕਿਸਤਾਨੀ ਯੂਟਿਊਬ ਚੈਨਲ ਜੰਮੂ-ਕਸ਼ਮੀਰ, ਭਾਰਤੀ ਫ਼ੌਜਾਂ ਤੋਂ ਲੈ ਕੇ ਯੂਕਰੇਨ ਦੇ ਵਰਤਮਾਨ ਹਾਲਾਤ ਵਰਗੇ ਵਿਸ਼ਿਆਂ ’ਤੇ ਫ਼ਰਜ਼ੀ ਸੂਚਨਾਵਾਂ ਫੈਲਾਅ ਰਹੇ ਸਨ। ਇਨ੍ਹਾਂ ਵਿਚ ਕੁਝ ਅਜਿਹੀਆਂ ਗੁਮਰਾਹਕੁਨ ਤੇ ਝੂਠੀਆਂ ਖ਼ਬਰਾਂ ਵੀ ਸਨ, ਜਿਨ੍ਹਾਂ ਨਾਲ ਭਾਰਤ ਦੇ ਕਈ ਦੂਜੇ ਦੇਸ਼ਾਂ ਨਾਲ ਆਪਸੀ ਰਿਸ਼ਤਿਆਂ ’ਤੇ ਵੀ ਮਾਡ਼ਾ ਅਸਰ ਪੈ ਸਕਦਾ ਸੀ। ਮੰਤਰਾਲੇ ਨੇ ਕਿਹਾ, ਇਨ੍ਹਾਂ ਚੈਨਲਾਂ ਦੀ ਸਮੱਗਰੀ ਨੂੰ ਰਾਸ਼ਟਰੀ ਸੁਰੱਖਿਆ, ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਅਤੇ ਵਿਦੇਸ਼ੀ ਸੂਬਿਆਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਨਾਲ ਗ਼ਲਤ ਮੰਨਿਆ ਗਿਆ। ਮੰਤਰਾਲੇ ਨੇ ਪਿਛਲੇ ਦਿਨੀਂ ਨਿੱਜੀ ਟੈਲੀਵਿਜ਼ਨ ਸਮਾਚਾਰ ਚੈਨਲਾਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਨੂੰ ਝੂਠੇ ਦਾਅਵੇ ਕਰਨ ਅਤੇ ਸਨਸਨੀਖੇਜ਼ ਕਵਰੇਜ ਪ੍ਰਤੀ ਚੌਕਸ ਕੀਤਾ ਗਿਆ ਸੀ। ਜਿਨ੍ਹਾਂ ਯੂਟਿਊਬ ਚੈਨਲਾਂ ’ਤੇ ਕਾਰਵਾਈ ਹੋਈ ਹੈ, ਉਨ੍ਹਾਂ ’ਚ ਐੱਮਆਰਐੱਫ ਟੀਵੀ ਲਾਈਵ, ਸੈਣੀ ਐਜੂਕੇਸ਼ਨ ਰਿਸਰਚ, ਤਹਿਫੁਜ-ਏ-ਦੀਨ ਇੰਡੀਆ ਅਤੇ ਐੱਸਐੱਸਬੀ ਨਿਊਜ਼ ਸ਼ਾਮਲ ਹਨ। ਬਲਾਕ ਕੀਤੇ ਗਏ ਪਾਕਿਸਤਾਨੀ ਚੈਨਲਾਂ ’ਚ ਆਜਤਕ ਪਾਕਿਸਤਾਨ, ਡਿਸਕਵਰ ਪੁਆਇੰਟ, ਰਿਆਲਿਟੀ ਚੈੱਕ ਅਤੇ ਦ ਵਾਇਸ ਆਫ ਏਸ਼ੀਆ ਸ਼ਾਮਲ ਹਨ।

Comment here