ਖੇਡ ਖਿਡਾਰੀ

15 ਪੰਜਾਬੀ ਖਿਡਾਰੀ ਟੋਕੀਓ ਓਲੰਪਿਕਸ ‘ਚ ਦੇਸ਼ ਦਾ ਮਾਣ ਵਧਾਉਣਗੇ

ਨਵੀਂ ਦਿੱਲੀ-ਜਪਾਨ ਦੇ ਟੋਕੀਓ ‘ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਪੰਜਾਬ ਦੇ 15 ਖਿਡਾਰੀ ਟੋਕੀਓ ਜਾਣਗੇ। ਹਾਕੀ ਦੀ 16 ਮੈਂਬਰੀ ਟੀਮ ‘ਚੋਂ  8 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੇ ਇਹਨਾਂ ਹੋਣਹਾਰ ਖਿਡਾਰੀਆਂ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ-

ਹਰਮਨਪ੍ਰੀਤ ਸਿੰਘ-ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਹੋਇਆ। ਉਹ ਭਾਰਤੀ ਟੀਮ ‘ਚ ਡਿਫੈਂਡਰ ਵਜੋਂ ਖੇਡਣਗੇ। ਹਰਮਨਪ੍ਰੀਤ ਸਿੰਘ ਓਲੰਪਿਕ 2016 ਦੀ ਟੀਮ ਦਾ ਵੀ ਹਿੱਸਾ ਰਹੇ ਸਨ। ਇਸ ਵਾਰ ਉਹ ਦੂਸਰੀ ਵਾਰ ਓਲੰਪਿਕ ਦਾ ਹਿੱਸਾ ਬਣੇ ਹਨ।
ਰੁਪਿੰਦਰ ਪਾਲ ਸਿੰਘ-ਰੁਪਿੰਦਰ ਪਾਲ ਸਿੰਘ ਦਾ ਜਨਮ 11 ਨਵੰਬਰ 1990 ਨੂੰ ਹੋਇਆ। ਉਸ ਨੇ 2010 ਵਿਚ ਕੌਮਾਂਤਰੀ ਪੱਧਰ ‘ਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਰਾਹੀਂ ਡੈਬਿਊ ਕੀਤਾ। 2014 ‘ਚ 31 ਸਾਲਾ ਖਿਡਾਰੀ ਹਾਕੀ ਟੀਮ ਦਾ ਉਪ ਕਪਤਾਨ ਰਿਹਾ ਤੇ ਰੀਓ ਤੋਂ ਬਾਅਦ ਇਸ ਵਾਰ ਟੋਕੀਓ ‘ਚ ਉਹ ਦੂਸਰੀ ਵਾਰ ਓਲੰਪਿਕ ‘ਚ ਖੇਡੇਗਾ।
ਹਾਰਦਿਕ ਸਿੰਘ-ਹਾਰਦਿਕ ਸਿੰਘ ਦਾ ਜਨਮ 23 ਸਤੰਬਰ 1998 ਨੂੰ ਹੋਇਆ। ਉਹ ਵੀ ਟੀਮ ਇੰਡੀਆ ਵੱਲੋਂ ਮਿਡ ਫੀਲਡਰ ਦੇ ਤੌਰ ‘ਤੇ ਓਲੰਪਿਕ ‘ਚ ਖੇਡਣਗੇ। ਉਹ ਇੰਡੀਅਨ ਜੂਨੀਅਰ ਟੀਮ ਦੇ ਉਪ-ਕਪਤਾਨ ਸਨ ਤੇ ਸੀਨੀਅਰ ਨੈਸ਼ਨਲ ਟੀਮ ਵੱਲੋਂ ਏਸ਼ੀਅਨ ਮੈਨਜ਼ ਹਾਕੀ ਚੈਂਪੀਅਨਜ਼ ਟਰਾਫੀ ਲਈ 2018 ‘ਚ ਖੇਡੇ ਸਨ। ਇਸੇ ਸਾਲ ਉਹ ਵਿਸ਼ਵ ਕੱਪ ਲਈ ਵੀ ਖੇਡੇ ਸਨ। ਇਸ ਵਾਰ ਉਹ ਓਲੰਪਿਕ ‘ਚ ਆਪਣਾ ਡੈਬਿਊ ਕਰਨਗੇ।
ਮਨਪ੍ਰੀਤ ਸਿੰਘ-ਮਨਪ੍ਰੀਤ ਸਿੰਘ ਤੀਸਰੀ ਵਾਰ ਓਲੰਪਿਕ ‘ਚ ਖੇਡਣਗੇ। 26 ਜੂਨ 1992 ਨੂੰ ਜਨਮੇ ਮਨਪ੍ਰੀਤ ਸਿੰਘ ਸੰਧੂ ਟੋਕੀਓ ਓਲੰਪਿਕਸ 2021 ‘ਚ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ। ਮਨਪ੍ਰੀਤ ਨੇ 19 ਸਾਲ ਦੀ ਉਮਰ ‘ਚ ਕੌਮਾਂਤਰੀ ਡੈਬਿਊ ਕੀਤਾ ਸੀ ਤੇ ਮਿਡਫੀਲਡਰ ਵਜੋਂ ਖੇਡਦੇ ਹਨ। ਉਹ ਇਸ ਤੋਂ ਪਹਿਲਾਂ 2012 ਤੇ 2016 ਓਲੰਪਿਕਸ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਸ਼ਮਸ਼ੇਰ ਸਿੰਘ-29 ਜੁਲਾਈ 1997 ਨੂੰ ਪੈਦਾ ਹੋਏ ਸ਼ਮਸ਼ੇਰ ਸਿੰਘ ਫਾਰਵਰਡ ਵਜੋਂ ਟੀਮ ਇੰਡੀਆ ਵੱਲੋਂ ਖੇਡਣਗੇ। ਭਾਰਤ-ਪਾਕਿਸਤਾਨ ਬਾਰਡਰ ਅਟਾਰੀ ਤੋਂ ਉਹ ਪਹਿਲੇ ਖਿਡਾਰੀ ਹਨ ਜਿਹੜੇ ਓਲੰਪਿਕ ‘ਚ ਭਾਰਤੀ ਹਾਕੀ ਟੀਮ ਦਾ ਹਿੱਸਾ ਬਣੇ ਹਨ। ਟੋਕੀਓ ਓਲੰਪਿਕ ਉਨ੍ਹਾਂ ਦਾ ਪਹਿਲਾ ਵੱਡਾ ਟੂਰਨਾਮੈਂਟ ਹੈ।
ਦਿਲਪ੍ਰੀਤ ਸਿੰਘ-ਦਿਲਪ੍ਰੀਤ ਸਿੰਘ ਦਾ ਜਨਮ 12 ਨਵੰਬਰ 1999 ਨੂੰ ਹੋਇਆ ਤੇ ਉਹ ਭਾਰਤੀ ਟੀਮ ‘ਚ ਫਾਰਵਰਡ ਖੇਡਦੇ ਹਨ। 21 ਸਾਲਾ ਇਸ ਖਿਡਾਰੀ ਨੇ ਸੀਨੀਅਰ ਨੈਸ਼ਨਲ ‘ਤੇ ਡੈਬਿਊ 2018 ਚੈਂਪੀਅਨਜ਼ ਟਰਾਫੀ ਤੋਂ ਕੀਤਾ ਤੇ ਭਾਰਤ ਲਈ ਸਿਲਵਰ ਜਿੱਤਿਆ। ਇਸ ਤੋਂ ਇਲਾਵਾ ਉਹ 2018 ਏਸ਼ੀਅਨ ਗੇਮਜ਼ ਦਾ ਵੀ ਹਿੱਸਾ ਰਹੇ ਤੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਵਾਰ ਟੋਕੀਓ ਤੋਂ ਉਹ ਓਲੰਪਿਕ ‘ਚ ਡੈਬਿਊ ਕਰਨਗੇ।
ਗੁਰਜੰਟ ਸਿੰਘ-26 ਜਨਵਰੀ 1995 ‘ਚ ਜਨਮੇ ਗੁਰਜੰਟ ਸਿੰਘ ਭਾਰਤੀ ਲਈ ਫਾਰਵਰਡ ਦੇ ਤੌਰ ‘ਤੇ ਖੇਡਣਗੇ। ਉਹ 2016 ਜੂਨੀਅਨ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ ਹਨ ਤੇ ਸੀਨੀਅਰ ਕੌਮਾਂਤਰੀ ਡੈਬਿਊ ਡਾਕਾ ‘ਚ ਹੋਏ 2017 ਏਸ਼ੀਆ ਕੱਪ ਤੋਂ ਕੀਤਾ। 26 ਸਾਲਾ ਖਿਡਾਰੀ ਇਸ ਵਾਰ ਓਲੰਪਿਕ ਲਈ ਡੈਬਿਊ ਕਰੇਗਾ।
ਮਨਦੀਪ ਸਿੰਘ-ਮਨਦੀਪ ਸਿੰਘ ਓਲੰਪਿਕ ਦਾ ਦੂਸਰੀ ਵਾਰ ਹਿੱਸਾ ਬਣੇ ਹਨ। ਮਨਦੀਪ ਦਾ ਜਨਮ 25 ਜਨਵਰੀ 1995 ‘ਚ ਹੋਇਆ। ਇਹ ਖਿਡਾਰੀ ਵੀ ਟੀਮ ‘ਚ ਫਾਰਵਰਡ ਵਜੋਂ ਖੇਡੇਗਾ। ਇਸ ਨੇ ਆਪਣਾ ਸੀਨੀਅਰ ਕੌਮਾਂਤਰੀ ਡੈਬਿਊ 2013 ਹਾਕੀ ਵਰਲਡ ਲੀਗ ਤੋਂ ਕੀਤਾ। ਮਨਦੀਪ ਸਿੰਘ ਹੁਣ ਤਕ ਭਾਰਤ ਲਈ 159 ਮੈਚਾਂ ਦਾ ਹਿੱਸਾ ਬਣ ਚੁੱਕਾ ਹੈ।
ਗੁਰਜੀਤ ਕੌਰ– ਗੁਰਜੀਤ ਕੌਰ ਇਸ ਵਾਰ ਓਲੰਪਿਕ ‘ਚ ਡੈਬਿਊ ਕਰੇਗੀ। 25 ਅਕਤੂਬਰ 1995 ‘ਚ ਜਨਮੀ ਖਿਡਾਰਨ ਭਾਰਤੀ ਨੈਸ਼ਨਲ ਮਹਿਲਾ ਹਾਕੀ ਟੀਮ ‘ਚ ਡਿਫੈਂਡਰ ਵਜੋਂ ਹਿੱਸਾ ਲਵੇਗੀ। ਉਸ ਨੇ ਸੀਨੀਅਰ ਕੌਮਾਂਤਰੀ ਡੈਬਿਊ 2017 ਵਿਚ ਕੀਤਾ ਤੇ ਉਸ ਤੋਂ ਅਗਲੇ ਸਾਲ 2018 ਵਿਚ ਹਾਕੀ ਵਰਲਡ ਕੱਪ ‘ਚ 8 ਗੋਲ ਕੀਤੇ।
ਅੰਜੁਮ ਮੌਦਗਿਲ- ਸ਼ੂਟਰ ਅੰਜੁਮ ਮੌਦਗਿਲ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ। 5 ਜਨਵਰੀ 1994 ਨੂੰ ਪੈਦਾ ਹੋਈ ਅੰਜੁਮ ਟੋਕਿਓ ਓਲੰਪਿਕ ‘ਚ 50 ਰਾਈਫਲ 3 ਪੁਜ਼ੀਸ਼ਨ ਤੇ 10 ਮੀਟਰ ਰਾਈਫਲ ਮਿਕਸਡ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। 2019 ਵਰਲਡ ਚੈਂਪੀਅਨਸ਼ਿਪ 2019 ਵਿਚ ਉਸ ਨੇ ਦੇਸ਼ ਲਈ ਦੋ ਸਿਲਵਰ ਮੈਡਲ ਜਿੱਤੇ। ਇਸ ਵਾਰ ਉਹ ਟੋਕੀਓ ‘ਚ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ।
ਅੰਗਦ ਵੀਰ ਸਿੰਘ ਬਾਜਵਾ-ਸ਼ੂਟਰ ਅੰਗਦ ਵੀਰ ਸਿੰਘ ਬਾਜਵਾ ਦਾ ਜਨਮ 29 ਨਵੰਬਰ 1995 ਹੋਇਆ। ਉਹ ਟੋਕਿਓ ਓਲੰਪਿਕਸ ‘ਚ ਸਕੀਟ ‘ਚ ਭਾਰਤੀ ਦੀ ਨੁਮਾਇੰਦਗੀ ਕਰਨਗੇ। ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸਕੀਟ (ਐੱਮ) ‘ਚ ਉਹ ਗੋਲਡ ਮੈਡਲ ਜਿੱਤੇ ਸਨ ਜਿਸ ਨੇ ਉਨ੍ਹਾਂ ਦੀ ਟੋਕੀਓ ਓਲੰਪਿਕ ਦੀ ਵੀ ਟਿਕਟ ਕੱਟਵਾਈ।
ਸਿਮਰਨਜੀਤ ਕੌਰ-ਬਾਕਸਰ ਸਿਮਰਨਜੀਤ ਕੌਰ ਵੀ ਇਸ ਵਾਰ ਓਲੰਪਿਕਸ ਲਈ ਪਹਿਲੀ ਵਾਰ ਖੇਡੇਗੀ। 10 ਜੁਲਾਈ 1995 ਨੂੰ ਜਨਮੀ ਇਹ ਖਿਡਾਰਨ ਟੋਕੀਓ ਓਲੰਪਿਕਸ ‘ਚ 60 ਕਿੱਲੋਗ੍ਰਾਮ ਵਰਗ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਤੋਂ ਪਹਿਲਾਂ ਉਹ 2018 ਵਰਲਡ ਚੈਂਪੀਅਨਸ਼ਿਪ ਵਿਚ ਬ੍ਰੌਨਜ਼ ਮੈਡਲ ਜਿੱਤ ਚੁੱਕੇ ਹਨ।
ਕਮਲਪ੍ਰੀਤ ਕੌਰ– ਐਥਲੀਟ ਕਮਲਪ੍ਰੀਤ ਕੌਰ ਦਾ ਜਨਮ 4 ਮਾਰਚ 1996 ਨੂੰ ਹੋਇਆ ਤੇ ਟੋਕੀਓ ਓਲੰਪਿਕਸ ‘ਚ ਡਿਸਕਸ ਥ੍ਰੋਅ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਉਸ ਨੇ ਪਟਿਆਲਾ ‘ਚ ਐਥਲੈਟਿਕ ਫੈਡਰੇਸ਼ਨ ਕੱਪ ਦੌਰਾਨ 65.06 ਮੀਟਰ ਦਾ ਨੈਸ਼ਨਲ ਰਿਕਾਰਡ ਬਣਾ ਕੇ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ।
ਤਜਿੰਦਰਪਾਲ ਸਿੰਘ ਤੂਰ– ਸ਼ਾਟਪੁੱਟ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਓਲੰਪਿਕਸ ‘ਚ ਪਹਿਲੀ ਵਾਰ ਖੇਡਣਗੇ। 13 ਨਵੰਬਰ 1994 ‘ਚ ਜਨਮੇ ਤਜਿੰਦਰਪਾਲ ਸਿੰਘ ਤੂਰ ਟੋਕੀਓ ਓਲੰਪਿਕਸ 2020 ‘ਚ ਭਾਰਤ ਦੀ ਸ਼ਾਟਪੁੱਟ ‘ਚ ਨੁਮਾਇੰਦਗੀ ਕਰਨਗੇ। ਇਸ ਤੋਂ ਪਹਿਲਾਂ 2018 ‘ਚ ਹੋਈਆਂ ਏਸ਼ੀਅਨ ਗੇਮਜ਼ ‘ਚ 20.75 ਮੀਟਰ ‘ਚ ਕੌਮੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ
ਗੁਰਪ੍ਰੀਤ ਸਿੰਘ– ਟੋਕੀਓ ਓਲੰਪਿਕਸ 2020 ਲਈ ਕੁਆਲੀਫਾਈ ਕਰਨ ਵਾਲੇ ਪੰਜਾਬ ਦੇ ਇੱਕੋ-ਇਕ ਦੌੜਾਕ ਗੁਰਪ੍ਰੀਤ ਸਿੰਘ 50 ਕਿੱਲੋਮੀਟਰ ਈਵੈਂਟ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ।

Comment here