1947 ਵਿੱਚ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਭਿਆਨਕ ਹੈਵਾਨੀਅਤਵਾਲੀ ਹਨੇਰੀ ਝੁੱਲੀ ਸੀ।ਦੁਨੀਆਂ ਦੇ ਇਤਿਹਾਸ ਵਿੱਚ ਦੋ ਦੇਸ਼ਾਂ ਦਰਮਿਆਨ ਅਬਾਦੀ ਦੀਐਨੀ ਵੱਡੀ ਹਿਜ਼ਰਤਅੱਜ ਤੱਕ ਨਹੀਂ ਹੋਈ। ਮੁਰੱਬਿਆਂ ਦੇ ਮਾਲਕ ਜਗੀਰਦਾਰ ਅਤੇ ਕਰੋੜਾਂਪਤੀ ਵਪਾਰੀਰਾਤੋ ਰਾਤਸੜਕਾਂ ‘ਤੇ ਰੁਲਣ ਲੱਗ ਪਏ ਸਨ। ਦੰਗਿਆਂ ਸਬੰਧੀ ਭਾਰਤ – ਪਾਕਿਸਤਾਨ ਵਿੱਚ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਅਨੇਕਾਂ ਫਿਲਮਾਂ ਬਣੀਆਂ ਹਨ। ਇਨਸਾਨੀਅਤ ਤੋਂ ਗਿਰੇ ਹੋਏ ਉਸ ਕਤਲੇਆਮ ਲਈ ਦੋਵੇਂ ਦੇਸ਼ ਇੱਕ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਪਰ ਕੌੜੀ ਸੱਚਾਈ ਇਹ ਹੈ ਕਿ ਕਿਸੇ ਵੀ ਧਿਰ ਨੇ ਘੱਟ ਨਹੀਂ ਸੀ ਗੁਜ਼ਾਰੀ। ਦੋਵੇਂ ਪਾਸਿਆਂ ਤੋਂ ਲਾਸ਼ਾਂ ਦੀਆਂਟਰੇਨਾਂ ਭਰ ਭਰ ਕੇ ਭੇਜੀਆਂ ਗਈਆਂ ਸਨ ਤੇ ਔਰਤਾਂ ਦੀ ਰੱਜ ਕੇ ਬੇਪੱਤੀ ਕੀਤੀ ਗਈ ਸੀ। ਜਦੋਂ ਲੋਕ ਉੱਜੜ ਕੇ ਭਾਰਤ ਜਾਂ ਪਾਕਿਸਤਾਨ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਅਖੀਰ ਤੱਕ ਇਹ ਉਮੀਦ ਸੀ ਕਿ ਅਸੀਂ ਵਾਪਸ ਆ ਜਾਣਾ ਹੈ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪੱਕੇ ਤੌਰ ‘ਤੇ ਘਰ ਛੱਡਣੇ ਪੈ ਰਹੇ ਹਨ। ਅੱਜ ਕਲ੍ਹ ਭਾਰਤੀਆਂ ਅਤੇ ਪਾਕਿਸਤਾਨੀਆਂਦਰਮਿਆਨ ਜਿਹੜਾ ਪਿਆਰ ਵੇਖਣ ਨੂੰ ਮਿਲਦਾ ਹੈ, ਉਹ ਸਿਰਫ ਜ਼ੁਬਾਨ ਦੀ ਸਾਂਝ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂ ਤੱਕ ਹੀ ਸੀਮਤ ਹੈ। ਵੰਡ ਦੀ ਸਭ ਤੋਂ ਵੱਧ ਮਾਰ ਵੀ ਪੰਜਾਬ ਨੂੰ ਹੀ ਪਈ ਸੀ। ਰੱਬ ਦਾ ਸ਼ੁਕਰ ਹੈ ਕਿ ਉਹ ਖੂਨੀ ਹਨੇਰੀ ਆਈ ਤੇ ਚਲੀ ਗਈ। ਹੁਣ ਦੋਵਾਂ ਦੇਸ਼ਾਂ ਦੇ ਪੰਜਾਬੀ ਇੱਕ ਦੂਜੇ ਨੂੰ ਭਰਾਵਾਂ ਵਾਂਗ ਉੱਡ ਕੇ ਮਿਲਦੇ ਹਨ। ਤੁਸੀਂ ਲਾਹੌਰ ਵਿਖੇ ਕਿਸੇ ਦੁਕਾਨ ਤੋਂ ਚਾਹੇ 10000 ਦਾ ਸਮਾਨ ਖਰੀਦ ਲਉ, ਦੁਕਾਨਦਾਰ ਇੱਕ ਵਾਰ ਜਰੂਰ ਕਹੇਗਾ, “ਛੱਡੋ ਭਾਅ ਜੀ, ਰਹਿਣ ਦਿਉ ਪੈਸੇ।”
ਜਦੋਂ ਦੇਸ਼ਨੂੰ ਅੱਜ ਭਲਕ ਅਜ਼ਾਦੀ ਮਿਲਣ ਦੀਆਂ ਖਬਰਾਂਫੈਲ ਰਹੀਆਂ ਸਨ ਤਾਂ ਉਸ ਵੇਲੇ ਸਾਡਾ ਇੱਕ ਰਿਸ਼ਤੇਦਾਰ ਹਜ਼ਾਰਾ ਸਿੰਘ ਭੰਗੂ ਕਿਸੇ ਹੋਰ ਹੀ ਖਲਜਗਣ ਵਿੱਚ ਫਸਿਆ ਹੋਇਆ ਸੀ। ਹਜ਼ਾਰਾ ਸਿੰਘ ਬਹੁਤ ਹੀ ਦਲੇਰ ਅਤੇ ਅੜ੍ਹਬ ਕਿਸਮ ਦਾ ਬੰਦਾ ਸੀ ਜਿਸ ਕਾਰਨ ਉਸ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ। ਉਸ ਦੇ ਇੱਕ ਰਿਸ਼ਤੇਦਾਰਝੰਡਾ ਸਿੰਘ ਨੂੰ ਸਾਂਝੇ ਪੰਜਾਬ ਦੇ ਜਿਲ੍ਹੇ ਲਾਇਲਪੁਰ (ਹੁਣ ਫੈਸਲਾਬਾਦ) ਦੇ ਥਾਣੇ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 238 ਕੰਮੂਆਣਾ ਵਿਖੇ ਜ਼ਮੀਨ ਅਲਾਟ ਹੋਈ ਸੀ। ਉਸ ਦਾ ਆਪਣੇ ਗੁਆਂਢੀ ਦਲੀਪ ਸਿੰਘ ਨਾਲ ਦੋ ਕਿੱਲੇ ਜ਼ਮੀਨ ਪਿੱਛੇ ਜਬਰਦਸਤ ਤਕਰਾਰ ਚੱਲਦਾ ਸੀ ਤੇ ਕਈ ਵਾਰ ਲੜਾਈ ਝਗੜਾ ਹੋ ਚੁੱਕਾ ਸੀ। ਜਦੋਂ ਪਾਣੀ ਸਿਰ ਤੋਂ ਟੱਪ ਗਿਆ ਤਾਂ ਇੱਕ ਪਾਸਾ ਕਰਨ ਲਈ ਝੰਡਾ ਸਿੰਘ ਨੇ ਹਜ਼ਾਰਾ ਸਿੰਘ ਨੂੰ ਬੰਦਿਆਂ ਸਮੇਤ ਪਹੁੰਚਣ ਲਈ ਸੁਨੇਹਾ ਭੇਜ ਦਿੱਤਾ। ਉਧਰੋਂ ਦੂਸਰੀ ਧਿਰ ਨੇ ਵੀ ਬੰਦੇ ਇਕੱਠੇ ਕੀਤੇ ਹੋਏ ਸਨ। ਜਦੋਂ ਪਰੇ੍ਹ ਪੰਚਾਇਤ ਵਿੱਚ ਗੱਲ ਨਾ ਮੁੱਕੀ ਤਾਂ 13 ਅਗਸਤ ਨੂੰ ਦੋਵਾਂ ਧਿਰਾਂ ਵਿੱਚ ਜੰਮ ਕੇ ਲੜਾਈ ਹੋਈ। ਝੰਡਾ ਸਿੰਘ ਪਾਰਟੀ ਦਾ ਇੱਕ ਤੇ ਦਲੀਪ ਸਿੰਘ ਪਾਰਟੀ ਦੇ ਦੋ ਬੰਦੇ ਮਾਰੇ ਗਏ। ਇਸ ਤੋਂ ਇਲਾਵਾ ਦੋਵਾਂ ਧਿਰਾਂ ਦੇ ਦਸ ਬਾਰਾਂ ਬੰਦੇ ਜ਼ਖਮੀ ਵੀ ਹੋ ਗਏ।
ਥਾਣਾ ਜੜ੍ਹਾਂਵਾਲਾ (ਸਦਰ) ਪਿੰਡ ਤੋਂ ਕੋਈ ਅੱਠ ਦਸ ਕਿ.ਮੀ. ਦੂਰ ਸੀ ਜਿਸ ਕਾਰਨ ਕੁਝ ਹੀ ਸਮੇਂ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋਵਾਂ ਧਿਰਾਂ ਵੱਲੋਂ ਵੱਲੋਂ ਇੱਕ ਦੂਸਰੇ ਦੇ ਖਿਲਾਫ ਕਰਾਸ ਕੇਸ ਦਰਜ਼ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹਜ਼ਾਰਾ ਸਿੰਘ, ਝੰਡਾ ਸਿੰਘ ਤੇ ਵਿਰੋਧੀ ਦਲੀਪ ਸਿੰਘ ਸਮੇਤ ਦੋਵਾਂ ਧਿਰਾਂ ਦੇ ਵੀਹ ਪੱਚੀ ਬੰਦੇ ਪਕੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤੇ ਗਏ। ਥਾਣੇ ਦਾ ਐਸ.ਐਚ.ਉ. ਪਠਾਨ ਸੀ ਤੇ ਸਿਰੇ ਦਾ ਫਿਰਕੂ ਤੇ ਭ੍ਰਿਸ਼ਟ ਆਦਮੀ ਸੀ। ਉਸ ਨੇ ਪੈਸੇ ਭੋਟਣ ਦੀ ਗਰਜ਼ ਨਾਲ ਦੋਵਾਂ ਧਿਰਾਂ ਦੀ ਰੱਜ ਕੇ ਕੁੱਟ ਮਾਰ ਕੀਤੀ। ਦੋ ਦਿਨਾਂ ਬਾਅਦ ਹੀ ਦੇਸ਼ ਅਜ਼ਾਦ ਹੋ ਗਿਆ ਤੇ ਫੈਸਲਾਬਾਦ ਪਾਕਿਸਤਾਨ ਦੇ ਹਿੱਸੇ ਆ ਗਿਆ। 16 ਅਗਸਤ ਦੀ ਸ਼ਾਮ ਨੂੰ ਐਸ.ਐਚ.ਉ. ਹਵਾਲਾਤ ਦੇ ਸਾਹਮਣੇ ਆਇਆ ਤੇ ਹਜ਼ਾਰਾ ਸਿੰਘ ਵਗੈਰਾ ਨੂੰ ਕਹਿਣ ਲੱਗਾ, “ਪੱੁਤ ਬਣ ਗਿਆ ਪਾਕਿਸਤਾਨ। ਤੁਹਾਡਾ ਕਰਦਾ ਆਂ ਮੈਂ ਅੱਜ ਪੱਕਾ ਇਲਾਜ।” ਥਾਣੇ ਦਾ ਮੁੰਸ਼ੀ ਸਿੱਖ ਸੀ। ਉਸ ਨੇ ਐਸ.ਐਚ.ਉ. ਨੂੰ ਪੁੱਛਿਆ ਕਿ ਚੌਧਰੀ ਸਾਹਿਬ ਇਨ੍ਹਾਂ ਨੂੰ ਜੇਲ੍ਹ ਨਹੀਂ ਭੇਜਣਾ? ਐਸ.ਐਚ.ਉ.ਨੇ ਅੱਗੋਂ ਹੱਸ ਕੇ ਕਿਹਾ ਕਿ ਜੇਲ੍ਹ ਨਹੀਂ, ਇਨ੍ਹਾਂ ਨੂੰ ਉੱਪਰ ਭੇਜਣਾ ਹੈ।
ਐਸ.ਐਚ.ਉ. ਦੀ ਗੱਲ ਸੁਣ ਕੇ ਸਾਰੇ ਘਬਰਾ ਗਏ। ਹੁਣ ਤੱਕ ਹਵਾਲਾਤ ਵਿੱਚ ਇੱਕ ਦੂਸਰੇ ਵੱਲ ਲਾਲ ਡੇਲੇ ਕੱਢ ਕੇ ਘੂਰ ਰਹੀਆਂ ਦੋਵੇਂ ਧਿਰਾਂ ਸਿਰ ‘ਤੇ ਨੱਚ ਰਹੀ ਮੌਤ ਵੇਖ ਕੇਫੌਰਨ ਇਕੱਠੀਆਂ ਹੋ ਗਈਆਂ। ਜਦੋਂ ਐਸ.ਐਚ.ਉ. ਚਲਾ ਗਿਆ ਤਾਂ ਉਨ੍ਹਾਂ ਨੇ ਆਪਸ ਵਿੱਚ ਖੁਸਰ ਫੁਸਰ ਕੀਤੀ ਤੇ ਹਜ਼ਾਰਾ ਸਿੰਘ ਨੇ ਮੁੰਸ਼ੀ ਨੂੰ ਅਵਾਜ਼ ਮਾਰ ਲਈ। ਥਾਣੇ ਦੇ ਮੁਲਾਜ਼ਮਾਂ ਵਿੱਚੋਂ ਅੱਧੇ ਦੇ ਕਰੀਬ ਹਿੰਦੂ – ਸਿੱਖ ਸਨ। ਉਸ ਨੇ ਮੁੰਸ਼ੀ ਨੂੰ ਕਿਹਾ ਕੇ ਜੇ ਚੌਧਰੀ ਨੇ ਸਾਨੂੰ ਮਾਰ ਦਿੱਤਾ ਤਾਂ ਛੱਡਣਾ ਤੁਹਾਨੂੰ ਵੀ ਨਹੀਂ। ਅਜੇ ਗੱਲਾਂ ਕਰ ਹੀ ਰਹੇ ਸਨ ਕਿ ਐਸ.ਐਚ.ਉ. ਦੇ ਬੁਲਾਏ ਹੋਏ ਦੰਗਈਆਂ ਨੇ ਥਾਣੇ ‘ਤੇ ਹੱਲਾ ਬੋਲ ਦਿੱਤਾ। ਮੁੰਸ਼ੀ ਨੇ ਫਟਾ ਫਟ ਥਾਣੇ ਦਾ ਗੇਟ ਬੰਦ ਕਰ ਲਿਆ ਤੇ ਸਾਰੇ ਹਵਾਲਤੀਆਂ ਨੂੰ ਬਾਹਰ ਕੱਢ ਕੇ ਸਮੇਤ ਹਿੰਦੂ – ਸਿੱਖ ਮੁਲਾਜ਼ਮਾਂ ਦੇ ਅਸਲ੍ਹਾ ਵੰਡ ਦਿੱਤਾ। ਐਨੇ ਨੂੰ ਦੰਗਈਆਂ ਨੇ ਗੇਟ ਤੋੜ ਦਿੱਤਾ ਤੇ ਦੋਵਾਂ ਧਿਰਾਂ ਵਿੱਚ ਜੰਮ ਕੇ ਗੋਲਾਬਾਰੀ ਹੋਈ। ਡਾਂਗਾਂ, ਕਿਰਪਾਨਾਂਅਤੇ ਬਾਰਾਂ ਬੋਰ ਦੀਆਂ ਬੰਦੂਕਾਂ ਪੱਕੀਆਂ ਥਰੀ ਨਟ ਥਰੀ ਰਾਈਫਲਾਂ ਦਾ ਮੁਕਾਬਲਾ ਕਿਵੇਂ ਕਰ ਸਕਦੀਆਂ ਸਨ?ਐਸ.ਐਚ.ਉ. ਸਮੇਤ ਦਰਜ਼ਨ ਦੇ ਕਰੀਬ ਗੁੰਡੇ ਮਾਰੇ ਗਏ ਤੇ ਬਾਕੀ ਮੈਦਾਨ ਛੱਡ ਕੇ ਭੱਜ ਗਏ। ਹਜ਼ਾਰਾ ਸਿੰਘ ਤੇ ਉਸ ਦੇ ਸਾਥੀਆਂ ਨੇ ਭਾਰਤ ਵੱਲ ਚਾਲੇ ਪਾ ਦਿੱਤੇ ਤੇ ਫੈਸਲਾਬਾਦ ਦੇ ਰਹਿਣ ਝੰਡਾ ਸਿੰਘ, ਦਲੀਪ ਸਿੰਘ ਅਤੇ ਪੁਲਿਸ ਵਾਲੇਆਪਣੇ ਪਰਿਵਾਰਾਂ ਨੂੰ ਬਚਾਉਣਲਈ ਆਪੋ ਆਪਣੇ ਪਿੰਡਾਂ ਵੱਲਨੱਸ ਗਏ।
ਫੈਸਲਾਬਾਦ ਤੋਂ ਅੰਮ੍ਰਿਤਸਰ ਦਾ ਸੜਕ ਰਾਹੀਂ ਫਾਸਲਾ ਕਰੀਬ 225 ਕਿ.ਮੀ. ਬਣਦਾ ਹੈ। ਹਜ਼ਾਰਾ ਸਿੰਘ ਹੁਣੀ ਦਿਨੇ ਕਮਾਦਾਂ ਚਰ੍ਹੀਆਂ ਵਿੱਚ ਲੁਕੇ ਰਹਿੰਦੇ ਤੇ ਰਾਤ ਨੂੰ ਸਫਰ ਕਰਦੇ। ਉਨ੍ਹਾਂ ਨੂੰ ਝਬਾਲ ਲਾਗਲੇ ਆਪਣੇ ਪਿੰਡ ਪਹੁੰਚਣ ਵਿੱਚ ਕਰੀਬ ਇੱਕ ਮਹੀਨਾ ਲੱਗ ਗਿਆ। ਜਦੋਂ ਉਹ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਘਰ ਵਾਲੇ ਉਨ੍ਹਾਂ ਨੂੰ ਮਰਿਆ ਹੋਇਆ ਸਮਝ ਕੇ ਭੋਗ ਵੀ ਪਾ ਚੁੱਕੇ ਸਨ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
Comment here