ਸਿਆਸਤਖਬਰਾਂਚਲੰਤ ਮਾਮਲੇ

122 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੋਂ ਸੁਰੱਖਿਆ ਵਾਪਸ ਲਈ

ਥਾਣੇ ਖਾਲੀ ਨਹੀਂ ਕਰਨੇ-ਭਗਵੰਤ ਮਾਨ

ਖਹਿਰਾ ਵਲੋੰ ਮਾਨ ਦੇ ਫੈਸਲੇ ਦਾ ਸਵਾਗਤ

ਚੰਡੀਗੜ੍ਹ-‘ਆਪ’ ਆਗੂ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕੁਝ ਦਿਨ ਪਹਿਲਾਂ 122 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ। ਹਾਲਾਂਕਿ, ਅਦਾਲਤਾਂ ਦੇ ਵਿਸ਼ੇਸ਼ ਆਦੇਸ਼ਾਂ ‘ਤੇ ਤਾਇਨਾਤ ਸੁਰੱਖਿਆ ਨੂੰ ਹਟਾਇਆ ਨਹੀਂ ਜਾਵੇਗਾ। ਸੂਬੇ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਨੇ ਬੀਤੇ ਦਿਨ ‘ਆਪ’ ਵਿਧਾਇਕ ਦਲ ਦੇ ਆਗੂ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਸੀ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਹੀ ਡੀਜੀਪੀ ਨੂੰ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰਨ ਲਈ ਕਹਿ ਦਿੱਤਾ ਗਿਆ ਸੀ। ਇੱਕ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ, “ਜੇਕਰ ਸਥਾਨਕ ਪੁਲਿਸ ਕੋਲ ਕਿਸੇ ਸੁਰੱਖਿਆ ਵਾਲੇ ਨੂੰ ਖਤਰੇ ਬਾਰੇ ਕੋਈ ਤਾਜ਼ਾ, ਖਾਸ ਇਨਪੁਟ ਉਪਲਬਧ ਹੈ, ਤਾਂ ਸੁਰੱਖਿਆ ਵਾਪਸ ਲੈਣ ਤੋਂ ਪਹਿਲਾਂ, ਸੁਰੱਖਿਆ, ਪੰਜਾਬ ਤੋਂ ਪੂਰਵ ਕਲੀਅਰੈਂਸ ਪ੍ਰਾਪਤ ਕੀਤੀ ਜਾ ਸਕਦੀ ਹੈ।” ਸੁਰੱਖਿਆ ਖੋਹਣ ਵਾਲੇ ਆਗੂਆਂ ਵਿੱਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ ਅਤੇ ਸਾਬਕਾ ਸਪੀਕਰ ਕੇਪੀ ਸਿੰਘ ਸ਼ਾਮਲ ਹਨ।  ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ  ਨੇ ਕਿਹਾ ਹੈ ਕਿ ਉਨ੍ਹਾਂ ਲਈ ਕਿਸੇ ਨੇਤਾ ਦੀ ਸਕਿਉਰਿਟੀ ਨਾਲੋਂ ਆਮ ਜਨਤਾ ਦੀ ਸੁਰੱਖਿਆ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਥਾਣਿਆਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕੁਝ ਲੋਕਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸਿਆਸਤਦਾਨਾਂ ਦੇ ਘਰਾਂ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਸਨ ਜਦਕਿ ਥਾਣੇ ਖਾਲੀ ਰਹੇ। ਸਾਡੇ ਲਈ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਪੁਲਿਸ ਆਪਣਾ ਕੰਮ ਕਰੇਗੀ। ਇਨ੍ਹਾਂ ਹੁਕਮਾਂ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਮੌਜੂਦਾ ਮੰਤਰੀਆਂ ’ਚੋਂ ਹਰ ਇੱਕ ਨਾਲ ਦੋ ਦਰਜਨ ਤੱਕ ਸੁਰੱਖਿਆ ਕਰਮਚਾਰੀ ਤਾਇਨਾਤ ਸਨ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੰਤਰੀਆਂ ਦੇ ਸਲਾਹਕਾਰਾਂ ਅਤੇ ਓਐੱਸਡੀਜ਼ ਨਾਲ 500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਸਨ। ਵਧੀਕ ਡੀਜੀਪੀ (ਸੁਰੱਖਿਆ) ਵੱਲੋਂ ਇਹ ਪੱਤਰ ਡੀਜੀਪੀ ਹੋਮ ਗਾਰਡ, ਪੁਲਿਸ ਕਮਿਸ਼ਨਰਜ਼, ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਜਿਨ੍ਹਾਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਹਨ ਉਨ੍ਹਾਂ ਵਿੱਚ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਭ ਤੋਂ ਵੱਧ 21 ਸੁਰੱਖਿਆ ਕਰਮਚਾਰੀ ਦਿੱਤੇ ਹੋਏ ਸਨ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਵੀ 19 ਕਰਮਚਾਰੀ ਤਾਇਨਾਤ ਸਨ ਜਿਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਭਾਰਤ ਭੂਸ਼ਨ ਆਸ਼ੂ ਨਾਲ 16, ਡਾ. ਰਾਜ ਕੁਮਾਰ ਵੇਰਕਾ ਨਾਲ 11, ਬ੍ਰਹਮ ਮਹਿੰਦਰਾ ਨਾਲ 14, ਸੰਗਤ ਸਿੰਘ ਗਿਲਜ਼ੀਆਂ ਨਾਲ 15, ਸਪੀਕਰ ਰਾਣਾ ਕੇ.ਪੀ. ਸਿੰਘ ਨਾਲ 13, ਪਰਗਟ ਸਿੰਘ ਨਾਲ 17, ਅਰੁਣਾ ਚੌਧਰੀ ਨਾਲ 14, ਰਾਣਾ ਗੁਰਜੀਤ ਸਿੰਘ ਨਾਲ 14, ਅਨਿਲ ਜੋਸ਼ੀ ਨਾਲ 4, ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨਾਲ 7 ਸੁਰੱਖਿਆ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਨੂੰ ਵਾਪਸ ਸੱਦਿਆ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਨਾਲ ਸਬੰਧਤ ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬਿੰਦਰ ਸਿੰਘ ਸਰਕਾਰੀਆ ਨਾਲ ਤਾਇਨਾਤ ਦਰਜਨ ਤੋਂ ਵੱਧ ਮੁਲਾਜ਼ਮ ਵਾਪਸ ਸੱਦੇ ਗਏ ਹਨ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਸਿਆਸੀ ਲੀਡਰਾਂ ਦੀ ਸੁਰੱਖਿਆ ਘਟਾਉਣ ਵਾਲੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਕ ਟਵੀਟ ਵਿਚ ਲਿਖਿਆ ਹੈ ਕਿ ਉਹ ਭਗਵੰਤ ਮਾਨ ਦੇ 122 ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ, ਕਿਉਂਕਿ ਇਹ ਇਕ ਸਟੇਟਸ ਸਿੰਬਲ ਵਾਂਗ ਵਰਤਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਮਾਨ ਜੀ ਨੂੰ ਬੇਨਤੀ ਕਰਦੇ ਹਨ ਕਿ ਬੇਲੋੜੀ ਸਕਿਓਰਿਟੀ ਰਾਹੀਂ ਖਾਜਾਨੇ ਉਤੇ ਬੋਝ ਪਾ ਰਹੇ ਨੌਕਰਸ਼ਾਹਾਂ/ਅਧਿਕਾਰੀਆਂ ਦੀ ਸੁਰੱਖਿਆ ਬਾਰੇ ਵੀ ਫੈਸਲਾ ਲਿਆ ਜਾਵੇ।

 

Comment here