ਮੁਸਾਫਰਾਂ ਨੂੰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਲੈ ਕੇ ਆਉਣ ਦੀ ਅਪੀਲ
ਅੰਮ੍ਰਿਤਸਰ-ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਮੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਸ਼੍ਰੀ ਕਟਾਸਰਾਜ ਧਾਮ ਦੀ ਯਾਤਰਾ ਲਈ ਮੁਸਾਫਰ ਸ਼੍ਰੀ ਦੁਗਰਿਆਣਾ ਤੀਰਥ ਦੀ ਧਰਮਸ਼ਾਲਾ ਵਿਚ ਆ ਰਹੇ ਹਨ। ਇਹ ਮੁਸਾਫਰ ਵੀਰਵਾਰ ਨੂੰ ਸਵੇਰੇ 9 ਵਜੇ ਭਗਵਾਨ ਸ਼੍ਰੀ ਠਾਕੁਰ ਜੀ ਦੀ ਪੂਜਾ ਕਰਕੇ ਅਟਾਰੀ-ਵਾਹਗਾ ਸਰਹੱਦ ’ਤੇ ਰਵਾਨਾ ਹੋ ਗਏ ਹਨ। 112 ਹਿੰਦੂ ਮੁਸਾਫਰਾਂ ਦਾ ਇਕ ਜਥਾ ਸ਼੍ਰੀ ਕਟਾਸਰਾਜ ਧਾਮ ਯਾਤਰਾ ਲਈ ਅੱਜ 17 ਦਸੰਬਰ ਨੂੰ ਅਟਾਰੀ-ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਰਵਾਨਾ ਹੋਵੇਗਾ। ਯਾਤਰਾ ਵਿਚ ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ’ਚੋਂ ਹਿੰਦੂ ਮੁਸਾਫਰ ਆ ਰਹੇ ਹਨ। ਅੰਮ੍ਰਿਤਸਰ ਵਿਚ ਬਣੀ ਕਟਾਸਰਾਜ ਯਾਤਰਾ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਲਈ ਯਾਤਰਾ ਲਿਜਾਣ ਦਾ ਸ਼ੈਡਿਊਲ ਵੀ ਜਾਰੀ ਹੋ ਗਿਆ ਹੈ।
ਸ਼ੈਡਿਊਲ ਤਹਿਤ 17 ਦਸੰਬਰ ਨੂੰ ਅੰਮ੍ਰਿਤਸਰ ਅਟਾਰੀ ਬਾਰਡਰ ਤੋਂ ਜਥਾ ਪਾਕਿਸਤਾਨ ਰਵਾਨਾ ਹੋਵੇਗਾ। 18 ਅਤੇ 19 ਦਸੰਬਰ ਨੂੰ ਤੀਰਥ ਅਸਥਾਨ ਸ਼੍ਰੀ ਕਟਾਸਰਾਜ ਧਾਮ ਵਿਚ ਮਹਾਸ਼ਿਵ ਪੂਜਨ ਸ਼੍ਰੀ ਮਾਰਗ ਸ੍ਰੇਸ਼ਟ ਪੂਰਨਮਾਸ਼ੀ ਉਤਸਵ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸ਼੍ਰੀ ਅਮਰ ਕੁੰਡ ਵਿਚ ਪਵਿੱਤਰ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰਾਤ ਨੂੰ ਸ਼੍ਰੀ ਅਮਰ ਕੁੰਡ ਦੇ ਤਟ ’ਤੇ ਦੀਪਮਾਲਾ ਹੋਵੇਗੀ। 20 ਦਸੰਬਰ ਨੂੰ ਸ਼੍ਰੀ ਕਟਾਸਰਾਜ ਤੋਂ ਲਾਹੌਰ ਲਈ ਜਥਾ ਰਵਾਨਾ ਹੋਵੇਗਾ। 21 ਦਸੰਬਰ ਨੂੰ ਲਾਹੌਰ ਸਥਿਤ ਸ਼੍ਰੀ ਲਵ ਮਹਾਰਾਜ ਜੀ ਸਮਾਧੀ ਦੇ ਦਰਸ਼ਨਾਂ ਲਈ ਸ਼ਰਧਾਲੂ ਜਾਣਗੇ ਅਤੇ ਲਾਹੌਰ ਦੇ ਇਤਿਹਾਸਕ ਥਾਵਾਂ ਦੀ ਯਾਤਰਾ ਕਰਨਗੇ। ਇਸ ਤੋਂ ਬਾਅਦ 20 ਦਸੰਬਰ ਨੂੰ ਮਹਾਨ ਕ੍ਰਿਸ਼ਣਾ ਮੰਦਿਰ ਵਿਚ ਭਗਵਾਨ ਦਾ ਗੁਣਗਾਨ ਕੀਤਾ ਜਾਵੇਗਾ। 23 ਦਸੰਬਰ ਨੂੰ ਜਥਾ ਵਾਪਸ ਭਾਰਤ ਆਵੇਗਾ।
ਯਾਤਰਾ ਦੇ ਮੁੱਖ ਸੰਯੋਜਕ ਅਤੇ ਕੇਂਦਰੀ ਸਨਾਤਨ ਧਰਮ ਸਭਾ ਉੱਤਰੀ ਭਾਰਤ ਦੇ ਰਾਸ਼ਟਰੀ ਪ੍ਰਧਾਨ ਸ਼ਿਵਪ੍ਰਤਾਪ ਬਜਾਜ ਨੇ ਕਿਹਾ ਕਿ ਯਾਤਰਾ ’ਤੇ ਜਾਣ ਲਈ ਮੁਸਾਫਰਾਂ ਨੂੰ ਵੀਜ਼ਾ ਪ੍ਰਾਪਤ ਹੋ ਚੁੱਕਿਆ ਹੈ। ਇਸ ਵਾਰ ਸਬੰਧਤ ਦਸਤਾਵੇਜ਼ ਕਾਫ਼ੀ ਦੇਰੀ ਨਾਲ ਮਿਲੇ ਹਨ, ਜਿਸ ਕਾਰਨ ਮੁਸਾਫਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ।
ਮੁਸਾਫਰਾਂ ਨੂੰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਲੈ ਕੇ ਆਉਣ ਦੀ ਅਪੀਲ
ਪਾਕਿਸਤਾਨ ਸਰਕਾਰ ਵੱਲੋਂ ਮੁਸਾਫਰਾਂ ਨੂੰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦੇਣ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਬਣਾਇਆ ਗਿਆ ਹੈ। ਸਾਲ 1976 ਭਾਰਤ-ਪਾਕਿ ਪ੍ਰੋਟੋਕਾਲ ਅਨੁਸਾਰ ਦੇਸ਼ ਭਰ ਵਿਚ ਕੇਵਲ 200 ਹਿੰਦੂ ਤੀਰਥ ਮੁਸਾਫਰਾਂ ਨੂੰ ਇਸ ਯਾਤਰਾ ਦੀ ਆਗਿਆ ਪ੍ਰਦਾਨ ਕੀਤੀ ਗਈ ਸੀ, ਪਰ ਇਸ ਵਾਰ 112 ਮੁਸਾਫਰਾਂ ਨੂੰ ਹੀ ਵੀਜ਼ਾ ਮਿਲੇ ਹਨ। ਸ਼੍ਰੀ ਕਟਾਸਰਾਜ ਯਾਤਰਾ ਕਮੇਟੀ ਦੇ ਪ੍ਰਧਾਨ ਰੋਬਿਨ ਅਤੇ ਵਧੀਕ ਪ੍ਰਧਾਨ ਨਰੇਸ਼ ਬਹਿਲ ਨੇ ਕਿਹਾ ਕਿ ਅੱਜ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਪੁਤਲੀਘਰ ਤੋਂ ਜਥਾ ਪੂਰੀ ਧਾਰਮਿਕ ਪਰੰਪਰਾ ਅਨੁਸਾਰ ਰਵਾਨਾ ਕੀਤਾ ਜਾਵੇਗਾ। ਸਾਰੇ ਤੀਰਥ ਮੁਸਾਫਰਾਂ ਨੂੰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਵੀ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਯਾਤਰਾ ਲਈ ਜਾਣ ਵਾਲੇ ਕਈ ਤੀਰਥ ਯਾਤਰੀ ਅੰਮ੍ਰਿਤਸਰ ਪੁੱਜਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿਚੋਂ ਕੁਝ ਲੋਕ ਸ਼੍ਰੀ ਦੁਰਗਿਆਣਾ ਤੀਰਥ ਦੀ ਧਰਮਸ਼ਾਲਾ ਅਤੇ ਕਈ ਹੋਰ ਜਗ੍ਹਾ ’ਤੇ ਰਹਿ ਰਹੇ ਹਨ। ਹੁਸ਼ਿਆਰਪੁਰ, ਪਟਿਆਲਾ, ਜਲੰਧਰ ਤੋਂ ਵੀ ਹਿੰਦੂ ਮੁਸਾਫਰ ਅੰਮ੍ਰਿਤਸਰ ਪੁੱਜੇ ਹਨ।
Comment here