ਜਲੰਧਰ – ਪੰਜਾਬ ਦੇ ਹੁਣ ਤੱਕ ਰਹੇ ਹਰ ਇੱਕ ਮੁੱਖ ਮੰਤਰੀ ਨੂੰ ਸਰਕਾਰੀ ਉੱਡਣ ਖਟੋਲਾ ਵਧੇਰੇ ਪਸੰਦ ਰਹੇ ਹਨ। ਪਰ ਇਸਦੇ ਉਲਟ ਮੁੱਖ ਮੰਤਰੀ ਬਣਨ ਪਿੱਛੋਂ ਪਹਿਲੇ 11 ਦਿਨਾਂ ’ਚ ਭਗਵੰਤ ਮਾਨ ਨੇ ਸਿਰਫ ਇਕ ਵਾਰ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਬਣਨ ਪਿੱਛੋਂ ਚੰਡੀਗੜ੍ਹ ਤੋਂ ਸੰਗਰੂਰ, ਮਾਨਸਾ ਤੇ ਕਈ ਹੋਰ ਥਾਵਾਂ ਦਾ ਦੌਰਾ ਕੀਤਾ ਹੈ। ਇਸਤੋ ਇਲਾਵਾ ਸੰਗਰੂਰ ਤੋਂ ਦਿੱਲੀ ਵੀ ਗਏ। ਆਮ ਆਦਮੀ ਪਾਰਟੀ ਨੇ ਬੀਤੇ ਦਿਨ ਭਗਵੰਤ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਚੰਨੀ ਨੇ 72 ਦਿਨਾਂ ’ਚ 201 ਵਾਰ ਹੈਲੀਕਾਪਟਰ ’ਚ ਸਫਰ ਕੀਤਾ। ਇਸ ਦਾ ਭਾਵ ਇਹ ਹੈ ਕਿ ਉਹ ਰੋਜ਼ਾਨਾ ਔਸਤ ਤਿੰਨ ਵਾਰ ਹੈਲੀਕਾਪਟਰ ’ਚ ਸਫਰ ਕਰਦੇ ਰਹੇ। ਦੂਜੇ ਪਾਸੇ ਭਗਵੰਤ ਮਾਨ ਨੇ ਪਿਛਲੇ 11 ਦਿਨਾਂ ’ਚ ਸਿਰਫ ਇਕ ਵਾਰ ਹੈਲੀਕਾਪਟਰ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਨ੍ਹਾਂ ਸਰਕਾਰੀ ਖਜ਼ਾਨੇ ’ਤੇ ਭਾਰ ਪਾਉਣ ਦੀ ਬਜਾਏ ਸੜਕੀ ਰਸਤੇ ਸਫਰ ਕਰਨ ਨੂੰ ਪਹਿਲ ਦਿੱਤੀ। ਸਰਕਾਰੀ ਖਜ਼ਾਨੇ ’ਤੇ ਖੁਦ ਭਾਰ ਨਾ ਪਾ ਕੇ ਹੋਰਨਾਂ ਮੰਤਰੀਆਂ ਅਤੇ ਪਾਰਟੀ ਦੇ ਵਿਧਾਇਕਾਂ ਲਈ ਉਨ੍ਹਾਂ ਇਕ ਮਿਸਾਲ ਪੈਦਾ ਕੀਤੀ ਹੈ।
ਸੂਤਰਾਂ ਮੁਤਾਬਿਕ ਆਉਣ ਵਾਲੇ ਸਮੇਂ ’ਚ ਵੀ ਉਹ ਆਪਣੀ ਇਸ ਮਿਸਾਲ ਨੂੰ ਕਾਇਮ ਰੱਖਣਗੇ। ਸਿਰਫ ਲੋੜ ਪੈਣ ’ਤੇ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਨਗੇ। ਭਗਵੰਤ ਮਾਨ ਦਾ ਮੰਨਣਾ ਹੈ ਕਿ ਸੜਕੀ ਰਸਤੇ ਸਫ਼ਰ ਕਰਨਾਂ ਬੇਹੱਦ ਪਸੰਦ ਹੈ ਜਿਸ ਨਾਲ ਉਹ ਨਾ ਸਿਰਫ ਲੋਕਾਂ ਦੇ ਨੇੜੇ ਰਹਿੰਦੇ ਹਨ ਸਗੋਂ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧੀਆ ਢੰਗ ਨਾਲ ਜਾਣਨ ਦਾ ਵੀ ਮੌਕਾ ਮਿਲਦਾ ਹੈ। ਉਹ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਆਪਣੇ ’ਤੇ ਲਾਗੂ ਕਰਦੇ ਹਨ। ਉਸ ਤੋਂ ਬਾਅਦ ਹੋਰਨਾਂ ਨੂੰ ਅਮਲ ਕਰਨ ਲਈ ਕਹਿੰਦੇ ਹਨ। ਜੇ ਉਹ ਖੁਦ ਆਪਣੇ ਉਪਰ ਫੈਸਲਿਆਂ ਨੂੰ ਲਾਗੂ ਨਹੀਂ ਕਰਨਗੇ ਤਾਂ ਦੂਜੇ ਲੋਕਾਂ ਨੂੰ ਇਸ ਦੀ ਮਿਸਾਲ ਨਹੀਂ ਮਿਲ ਸਕੇਗੀ। ਭਗਵੰਤ ਮਾਨ ਵੱਲੋਂ ਹੁਣ ਇਸ ਹਫ਼ਤੇ ਸਰਕਾਰੀ ਪੱਧਰ ’ਤੇ ਕੁਝ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। ਭਗਵੰਤ ਮਾਨ ਸਰਕਾਰ ਦਾ ਮੰਨਣਾ ਹੈ ਕਿ 10 ਵੱਡੇ ਕੰਮਾਂ ’ਚ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ ਜਾਰੀ ਕਰਨਾ, 25000 ਸਰਕਾਰੀ ਨੌਕਰੀਆਂ ਦਾ ਐਲਾਨ, 35000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ, ਇਕ ਵਿਧਾਇਕ-ਇਕ ਪੈਨਸ਼ਨ ਦਾ ਐਲਾਨ, ਕਿਸਾਨਾਂ ਨੂੰ 101 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਨਾ, ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ, 122 ਸਾਬਕਾ ਵਿਧਾਇਕਾਂ ਕੋਲੋਂ ਸੁਰੱਖਿਆ ਵਾਪਸ ਲੈਣੀ, 23 ਮਾਰਚ ਨੂੰ ਸ਼ਹੀਦੀ ਦਿਨ ’ਤੇ ਸਰਕਾਰੀ ਛੁੱਟੀ ਦਾ ਐਲਾਨ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਪੰਜਾਬ ਲਈ 1 ਲੱਖ ਕਰੋੜ ਰੁਪਏ ਦੀ ਗ੍ਰਾਂਟ ਮੰਗਣੀ, ਵਿਧਾਇਕਾਂ ਨੂੰ ਲੋਕਾਂ ਦੀ ਸੇਵਾ ’ਚ 24 ਘੰਟੇ ਤਿਆਰ ਰਹਿਣ ਦੇ ਹੁਕਮ ਅਤੇ ਸਰਕਾਰੀ ਦਫਤਰਾਂ ’ਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀ. ਆਰ. ਅੰਬੇਡਕਰ ਦੀ ਤਸਵੀਰ ਲਾਉਣਾ ਪ੍ਰਮੁੱਖ ਹਨ।
Comment here