ਰਾਏਪੁਰ-ਭਾਰਤ ਵਿੱਚ ਬੋਰਵੈੱਲ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਹੁਣ ਇੱਥੋਂ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ‘ਚ ਪਿਛਲੇ 5 ਦਿਨਾਂ ਤੋਂ 80 ਫੁੱਟ ਡੂੰਘੇ ਬੋਰਵੈੱਲ ‘ਚ ਫਸੇ ਰਾਹੁਲ ਸਾਹੂ ਨੂੰ ਮੰਗਲਵਾਰ ਅੱਧੀ ਰਾਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਤੋਂ ਬਾਅਦ ਰਾਹੁਲ ਨੂੰ ਤੁਰੰਤ ਆਕਸੀਜਨ ਸਪਲਾਈ ਦਿੱਤੀ ਗਈ ਅਤੇ ਸਟ੍ਰੈਚਰ ‘ਤੇ ਐਂਬੂਲੈਂਸ ‘ਚ ਹਸਪਤਾਲ ਲਿਜਾਇਆ ਗਿਆ। 104 ਘੰਟਿਆਂ ਬਾਅਦ ਫੌਜ, ਐੱਨ.ਡੀ.ਆਰ.ਐੱਫ. ਤੇ ਐੱਸ.ਡੀ.ਆਰ.ਐੱਫ. ਦੀ ਟੀਮ ਨੇ ਰਾਹੁਲ ਨੂੰ ਬੋਰਵੈੱਲ ‘ਚੋਂ ਸੁਰੱਖਿਅਤ ਬਾਹਰ ਕੱਢ ਕੇ ਇਤਿਹਾਸ ਰਚ ਦਿੱਤਾ। ਮੈਡੀਕਲ ਟੀਮ ਰਾਹੁਲ ਨੂੰ ਲੈ ਕੇ ਹਸਪਤਾਲ ਰਵਾਨਾ ਹੋਈ। ਬਚਾਅ ਕਾਰਜ ਪਿਛਲੇ 104 ਘੰਟਿਆਂ ਤੋਂ ਜਾਰੀ ਸਨ। ਰਾਹੁਲ ਨਾ ਬੋਲ ਸਕਦਾ ਤੇ ਨਾ ਹੀ ਜ਼ਿਆਦਾ ਸੁਣ ਸਕਦਾ ਹੈ। ਇਸ ਬਚਾਅ ਮੁਹਿੰਮ ‘ਚ ਓਡਿਸ਼ਾ ਦੀ ਐੱਸ.ਡੀ.ਆਰ.ਐੱਫ. ਟੀਮ ਤੇ ਫੌਜ ਦੀ ਮਦਦ ਲਈ ਗਈ।
112 ਕਿਲੋਮੀਟਰ ਦੂਰ ਹੈ ਅਪੋਲੋ ਹਸਪਤਾਲ
ਰਾਹੁਲ ਨੂੰ ਬੋਰਵੈੱਲ ‘ਚੋਂ ਬਾਹਰ ਕੱਢਦੇ ਹੀ ਐਂਬੂਲੈਂਸ ਰਾਹੀਂ ਬਿਲਾਸਪੁਰ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ, ਉਸ ਦੇ ਪਿੰਡ ਤੋਂ ਬਿਲਾਸਪੁਰ ਦੀ ਦੂਰੀ ਕਰੀਬ 112 ਕਿਲੋਮੀਟਰ ਹੈ। ਹਾਲਾਂਕਿ ਇਸ ਦੂਰੀ ਨੂੰ ਤੈਅ ਕਰਨ ‘ਚ ਕਰੀਬ 3 ਘੰਟੇ ਦਾ ਸਮਾਂ ਲੱਗਣਾ ਸੀ ਪਰ ਪ੍ਰਸ਼ਾਸਨ ਨੇ ਇਸ ਰਸਤੇ ਨੂੰ ਗ੍ਰੀਨ ਕੋਰੀਡੋਰ ‘ਚ ਬਦਲ ਕਰ ਦਿੱਤਾ, ਰਾਹੁਲ ਨੂੰ ਡੇਢ-ਪੌਣੇ 2 ਘੰਟੇ ‘ਚ ਅਪੋਲੋ ਹਸਪਤਾਲ ਪਹੁੰਚਾ ਦਿੱਤਾ।
ਦੂਜੇ ਪਾਸੇ ਪੂਰਾ ਸੂਬਾ ਰਾਹੁਲ ਦੀ ਸਿਹਤਯਾਬੀ ਲਈ ਅਰਦਾਸਾਂ ਕਰਦਾ ਰਿਹਾ । ਰਾਹੁਲ ਲਈ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਪੂਜਾ ਅਤੇ ਹਵਨ ਕਰਵਾਏ ਗਏ, ਰਾਹੁਲ ਦੀ ਸਰਵਮੰਗਲਾ ਮੰਦਰ ਵਿੱਚ ਸੁਰੱਖਿਅਤ ਵਾਪਸੀ ਲਈ ਕੋਰਬਾ ਪੁਲਸ ਵੱਲੋਂ ਅਖੰਡ ਮਹਾਮਰਿਤੁੰਜੇ ਪਾਠ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਰਾਹੁਲ ਸਾਹੂ (10) ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਘਰ ਦੇ ਕੁਝ ਲੋਕ ਬਾੜੀ ਵੱਲ ਗਏ ਤਾਂ ਰਾਹੁਲ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਟੋਏ ਨੇੜੇ ਜਾ ਕੇ ਦੇਖਿਆ ਤਾਂ ਅੰਦਰੋਂ ਆਵਾਜ਼ ਆ ਰਹੀ ਸੀ। ਬੋਰਵੈੱਲ ਦਾ ਟੋਆ 80 ਫੁੱਟ ਡੂੰਘਾ ਹੈ। ਪੂਰੇ ਪਿੰਡ ਦੇ ਲੋਕ ਵੀ 2 ਦਿਨਾਂ ਤੋਂ ਉਸੇ ਥਾਂ ‘ਤੇ ਰੁਕੇ ਹੋਏ ਸਨ, ਜਿੱਥੇ ਬੱਚਾ ਡਿੱਗਾ ਸੀ। ਰਾਹੁਲ ਆਪਣੇ ਮਾਤਾ-ਪਿਤਾ ਦਾ ਵੱਡਾ ਪੁੱਤਰ ਹੈ। ਉਸ ਦਾ ਛੋਟਾ ਭਰਾ 2 ਸਾਲ ਛੋਟਾ ਹੈ। ਪਿਤਾ ਦੀ ਪਿੰਡ ਵਿੱਚ ਭਾਂਡਿਆਂ ਦੀ ਦੁਕਾਨ ਹੈ।ਇਹ ਵੀ ਦੱਸਿਆ ਗਿਆ ਹੈ ਕਿ ਬੱਚਾ ਬੋਲ਼ਾ, ਮਾਨਸਿਕ ਤੌਰ ‘ਤੇ ਕਮਜ਼ੋਰ ਹੈ, ਜਿਸ ਕਾਰਨ ਉਹ ਸਕੂਲ ਵੀ ਨਹੀਂ ਜਾਂਦਾ ਸੀ ਤੇ ਘਰ ‘ਚ ਹੀ ਰਹਿੰਦਾ ਸੀ।
Comment here