ਸਾਹਿਤਕ ਸੱਥ

ਖ਼ੁਸ਼ੀ

ਸੁਖਵੰਤ ਕੌਰ ਮਾਨ

ਭਰ ਗਰਮੀਆਂ ਦੀਆਂ ਦੁਪਹਿਰਾਂ ਹੁੰਦੀਆਂ। ਘਰ ਦੇ ਸਾਰੇ ਜੀਅ ਅੰਦਰ ਵੜ ਕੇ ਸੁੱਤੇ ਪਏ ਹੁੰਦੇ। ਕਾਮੇ ਪਿੰਡ ਰੋਟੀ ਖਾਣ ਲਈ ਚਲੇ ਜਾਂਦੇ। ਪਿਤਾ ਜੀ ਅਡੋਲ ਆਪਣੀ ਕੋਠੜੀ ਵਿਚੋਂ ਨਿਕਲ ਆਲੇ-ਦੁਆਲੇ ਵਿੰਹਦੇ। ਬੱਝੀਆਂ ਹੋਈਆਂ ਮੱਝਾਂ ਦੀਆਂ ਖੁਰਲੀਆਂ ਕੋਲ ਜਾ ਖਲੋਂਦੇ। ਮੱਝਾਂ ਖੋਲ੍ਹ ਕੇ ਉਹਨਾਂ ਨੂੰ ਹਿੱਕਦੇ ਹੋਏ ਖਾਲੀ ਪੈਲੀਆਂ ਵਿਚ ਲੈ ਜਾਂਦੇ। ਮੱਝਾਂ ਖੁੱਲ੍ਹ ਕੇ ਭੂਤਰ ਜਾਂਦੀਆਂ। ਅਲੂਈਆਂ ਮੱਕੀਆਂ ਨੂੰ ਮਿਧਾੜਦੀਆਂ, ਸਬਜ਼ੀਆਂ ਦੀਆਂ ਵੱਲਾਂ ਨੂੰ ਲਿਤਾੜਦੀਆਂ, ਬੂਥੇ ਚੁੱਕੀ ਸਿੱਧੀਆਂ ਦੌੜ ਪੈਂਦੀਆਂ। ਪਿਤਾ ਜੀ ਗਾਲ੍ਹਾਂ ਕੱਢਦੇ ਹੋਏ ਉਹਨਾਂ ਦੇ ਮਗਰ ਦੌੜ ਪੈਂਦੇ। ਦੌੜਦੀਆਂ ਹੋਈਆਂ ਮੱਝਾਂ ਨੂੰ ਉਹ ਅੱਗੋਂ-ਵਾਂਢੀ ਹੋ ਵਲ ਲੈਂਦੇ। ਖ਼ਾਲੀ ਖੇਤਾਂ ਵੱਲ ਹੱਕ ਲੈਂਦੇ। ਪਜਾਮਾ ਲਾਹ ਮੋਢੇ ਉਤੇ ਟੰਗ ਲੈਂਦੇ। ਲੰਮੀਆਂ-ਲੰਮੀਆਂ ਲਾਲ ਜੀਭਾਂ ਕੱਢ ਹਰੇ-ਕਚੂਰ ਘਾਹ ਨੂੰ ਲਪਰ-ਲਪਰ ਕਰ ਕੇ ਚਰਦੀਆਂ ਮੱਝਾਂ ਵਲ ਵੇਖੀ ਜਾਣਾ ਉਹਨਾਂ ਨੂੰ ਅਸੀਮ ਖ਼ੁਸ਼ੀ ਦਿੰਦਾ। ਜਿਉਂ-ਜਿਉਂ ਮੱਝਾਂ ਰੱਜਦੀਆਂ ਜਾਂਦੀਆਂ, ਪਿਤਾ ਜੀ ਦਾ ਚਿਹਰਾ ਖਿੜਦਾ ਜਾਂਦਾ।
ਮੱਝਾਂ ਰੱਜ ਕੇ ‘ਫੂੰ-ਫੂੰ’ ਕਰਨ ਲੱਗਦੀਆਂ। ਇਕ ਦੂਜੀ ਨੂੰ ਟੱਕਰਾਂ ਮਾਰਦੀਆਂ, ਪੂਛਲਾਂ ਚੁੱਕੀ ਅੱਗੇ ਨੂੰ ਭੱਜ ਪੈਂਦੀਆਂ। ਤਿੰਨੇ ਕਾਮੇ, ਚੌਥਾ ਵਾਗੀ ਮੁੰਡਾ, ਦੋਵੇਂ ਪੋਤਰੇ ਮੱਝਾਂ ਮਗਰ ਭੱਜ-ਭੱਜ ਹਫ਼ ਜਾਂਦੇ। ਬੜੀ ਮੁਸ਼ਕਲ ਨਾਲ ਵਿਹੜ ਕੇ ਉਹਨਾਂ ਨੂੰ ਵਾੜੇ ਵਿਚ ਵਾੜਿਆ ਜਾਂਦਾ। ਪਿਤਾ ਜੀ ਦੀ ਹਾਲਤ ਵੇਖਣ ਵਾਲੀ ਹੁੰਦੀ। ਦਾੜ੍ਹੀ ਖਿੱਲਰੀ ਪਈ ਹੁੰਦੀ, ਧਾਰੀਂ ਮੁੜ੍ਹਕਾ ਵਹਿ ਰਿਹਾ ਹੁੰਦਾ।
ਪੱਠੇ ਵੱਢ-ਵੱਢ, ਕੁਤਰ-ਕੁਤਰ ਕਾਮੇ ਮੱਝਾਂ ਅੱਗੇ ਸੁੱਟੀ ਜਾਂਦੇ। ਪਿਤਾ ਜੀ ਉਹਨਾਂ ਨੂੰ ਹੋਰ-ਹੋਰ ਵੱਢਣ ਲਈ ਆਖਦੇ ਰਹਿੰਦੇ। ਕਾਮਿਆਂ ਨਾਲ ਝਗੜਦੇ ਰਹਿੰਦੇ, ਲੜਦੇ ਰਹਿੰਦੇ। ਜਿੰਨਾ ਚਿਰ ਮੱਝਾਂ ਦੀਆਂ ਕੁੱਖਾਂ ਨਾ ਭਰ ਜਾਂਦੀਆਂ, ਪਿਤਾ ਜੀ ਦਾ ਸ਼ਹੁ ਨਾ ਭਰਦਾ। ਇਕ ਕਾਮਾ ਅਤੇ ਮਾਂ ਮੱਝਾਂ ਨੂੰ ਚੋਈ ਜਾਂਦੇ, ਦੁੱਧ ਲਿਆ-ਲਿਆ ਕਾੜ੍ਹਨੀਆਂ ਵਿਚ ਉਲੱਦੀ ਜਾਂਦੇ।
ਸੋਤੇ ਪਏ ਮੋਟਾ-ਮੋਟਾ ਮੱਛਰ ਮੱਝਾਂ ਨੂੰ ਲੜਦਾ। ਮੱਝਾਂ ਤੜਫ਼ਦੀਆਂ। ਪਿਤਾ ਜੀ ਉੱਠ ਕੇ ਉਹਨਾਂ ਮਗਰ ਧੂਣੀਆਂ ਲਾਂਦੇ ਫਿਰਦੇ। ਮੂੰਹ-ਹਨੇਰੇ ਉੱਠ ਮਾਂ ਦੁੱਧ ਰਿੜਕਣ ਲੱਗ ਜਾਂਦੀ। ਰਿੜਕ-ਰਿੜਕ ਹਾਰ ਜਾਂਦੀ, ਦੁੱਧ ਨਾ ਮੁੱਕਦਾ। ਦਿਨ ਚੜ੍ਹਦਿਆਂ ਹੀ ਲੱਸੀ ਲੈਣ ਵਾਲੀਆਂ ਤੀਵੀਆਂ ਦਾ ਤਾਂਤਾ ਬੱਝ ਜਾਂਦਾ। ਮਾਂ ਲੁੱਦ-ਲੁੱਦ ਥੱਕ ਜਾਂਦੀ, ਪਰ ਲੱਸੀ ਨਾ ਮੁੱਕਦੀ। ਮਾਂ ਘਿਉ ਤਾਅ-ਤਾਅ ਚਾਟੀਆਂ-ਬਲ੍ਹਣੇ ਭਰੀ ਜਾਂਦੀ। ਪੈਲ਼ੀਆਂ ਵਿਚ ਜਿੰਨੇ ਛੋਲੇ ਹੁੰਦੇ, ਸਭ ਮੱਝਾਂ ਦੇ ਢਿੱਡ ਵਿਚ ਪੈ ਜਾਂਦੇ। ਗੱਡਾ ਭਰ ਛੋਲਿਆਂ ਦਾ ਖਰਾਸ ਉੱਤੇ ਦਲਣ ਲਈ ਭੇਜ ਦਿੱਤਾ ਜਾਂਦਾ। ਛੋਲੇ ਮੁੱਕਣ ‘ਤੇ ਖਲ਼ ਦੀਆਂ ਬੋਰੀਆਂ ਦੀਆਂ ਬੋਰੀਆਂ ਖੁੱਲ੍ਹਦੀਆਂ ਜਾਂਦੀਆਂ।
ਕੋਈ ਪਰਾਹੁਣਾ ਆਉਂਦਾ ਤਾਂ ਜੀਆਂ ਦੀ ਸੁੱਖ-ਸਾਂਦ ਪੁੱਛਣ ਪਿੱਛੋਂ ਲਵੇਰੇ ਦਾ ਹਾਲਚਾਲ ਪੁੱਛਿਆ ਜਾਂਦਾ।
ਪਿਤਾ ਜੀ ਉਹਨਾਂ ਨੂੰ ਨਾਲ ਲੈ ਮੱਝਾਂ ਵਾਲੇ ਵਾੜੇ ਵਿਚ ਚਲੇ ਜਾਂਦੇ। ਕੱਲੀ-ਕੱਲੀ ਮੱਝ ਦੇ ਪਿੰਡੇ ਉੱਤੇ ਹੱਥ ਫੇਰਦੇ ਹੋਏ ਉਹ ਉਹਨਾਂ ਦੀਆਂ ਸਿਫ਼ਤਾਂ ਆਰੰਭ ਦਿੰਦੇ। ਉਹਨਾਂ ਦੇ ਥਣਾਂ ਤੋਂ ਲੈ ਕੇ ਉਹਨਾਂ ਦੇ ਸਿੰਗਾਂ ਤਕ ਇਕ-ਇਕ ਅੰਗ ਦੀ ਉਹ ਸਿਫ਼ਤ ਕਰੀ ਜਾਂਦੇ। ਉਸ ਵੇਲੇ ਉਹਨਾਂ ਦੀਆਂ ਅੱਖਾਂ ਵਿਚਲੀ ਚਮਕ ਵੇਖਣ ਵਾਲੀ ਹੁੰਦੀ। ਮੱਝਾਂ ਦੇ ਪਿੰਡਿਆਂ ਨੂੰ ਪਲੋਸ ਰਿਹਾ ਉਹਨਾਂ ਦਾ ਹੱਥ ਅਜੀਬ ਜਿਹੀ ਥਿਰਕਣ ਮਹਿਸੂਸ ਕਰ ਰਿਹਾ ਹੁੰਦਾ। ਉਹਨਾਂ ਦੇ ਚਿਹਰੇ ਉੱਤੇ ਇਕ ਅਜੀਬ ਤਰ੍ਹਾਂ ਦਾ ਗਰਵ ਹੁੰਦਾ। ਫਿਰ ਪਾਕਿਸਤਾਨ ਵਿਚ ਰਹਿ ਗਈਆਂ ਮੱਝਾਂ ਦੀਆਂ ਕਹਾਣੀਆਂ ਛੋਹ ਬਹਿੰਦੇ। ਸ਼ਾਹਕਾਲ਼ੀਆਂ ਮੁਹਰਾ ਨਸਲ ਦੀਆਂ ਮੱਝਾਂ, ਪੰਜਕਲਿਆਣੀਆਂ ਝੋਟੀਆਂ। ਫਿਰ ਵੱਡੀ ਮੱਝ ਦੀ ਗੱਲ ਕਰਦਿਆਂ ਤਾਂ ਉਹਨਾਂ ਦਾ ਜਿਵੇਂ ਗੱਚ ਭਰ ਆਉਂਦਾ, ਮੱਝ ਜੋ ਪੰਝੀ ਸੇਰ ਪੱਕੇ ਦੁੱਧ ਦਿੰਦੀ ਸੀ, ਜਿਹਦੀ ਪੂਛਲ ਭੋਏਂ ਨੂੰ ਛੂਹਦੀ ਸੀ ਤੇ ਸਿੰਗ ਕੁੰਢੇ-ਚੂਰ ਸਨ।
ਮਾਂ ਦੱਸਦੀ, ਉਹ ਕਦੀ ਵੀ ਕੋਈ ਮੱਝ ਨਹੀਂ ਸਨ ਵੇਚਦੇ। ਕਿਧਰੋਂ ਵੀ ਕਿਸੇ ਚੰਗੀ ਝੋਟੀ ਦੀ ਦੱਸ ਪੈਂਦੀ ਤਾਂ ਘੋੜੀ ਉੱਤੇ ਚੜ੍ਹ ਉਸੇ ਪਿੰਡ ਪਹੁੰਚ ਜਾਂਦੇ। ਅੱਪੜ ਕੇ ਉਹ ਘਰ ਲੱਭ ਲੈਂਦੇ। ਮੱਝ ਨੂੰ ਅੱਗੋਂ-ਪਿੱਛੋਂ ਵੇਖਦੇ, ਉਹਦੀ ਪੂਛਲ, ਸਿੰਙ ਤੇ ਹਵਾਨਾ ਵੇਖਦੇ, ਅੱਖਾਂ ਹੀ ਅੱਖਾਂ ਵਿਚ ਉਹਦੇ ਥਣਾਂ ਦੀ ਲੰਮਾਈ ਤੇ ਹਵਾਨੇ ਦਾ ਹੁਜਮ ਲਖ ਲੈਂਦੇ। ਗੋਡਿਆਂ ਵਿਚ ਦੋਹਨਾ ਦੱਬੀ ਉਹ ਉਹਨੂੰ ਚੋਣ ਬੈਠ ਜਾਂਦੇ। ਪਸੰਦ ਆ ਜਾਂਦੀ ਤਾਂ ਭਾਵੇਂ ਕਿੰਨਾ ਵੀ ਮੁੱਲ ਅਗਲੇ ਦੱਸਦੇ, ਪਿਤਾ ਜੀ ਉਹਨੂੰ ਖ਼ਰੀਦ ਕੇ ਛੱਡਦੇ।
ਪਾਕਿਸਤਾਨੋਂ ਆਉਂਦਿਆਂ ਉਹ ਮੱਝਾਂ ਦੇ ਵਾੜੇ ਵਿਚ ਵੜੇ ਸਨ। ਉਹਨਾਂ ਦੇ ਪਿੰਡਿਆਂ ਉੱਤੇ ਥਾਪੀਆਂ ਦਿੰਦੇ ਹੋਏ ਉਹ ਇਕ-ਇਕ ਦਾ ਰੱਸਾ ਵੱਢਦੇ ਗਏ ਸਨ। ਤੇ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਇਹੋ ਸੀ ਕਿ ਉਹ ਆਉਂਦੀ ਵੇਰ ਆਪਣੇ ਨਾਲ ਇੱਕ ਵੀ ਮੱਝ ਨਹੀਂ ਸਨ ਲਿਆ ਸਕੇ।
ਏਧਰ ਆ ਕੇ ਵੀ ਉਹਨਾਂ ਦੀ ਸਭ ਤੋਂ ਵੱਡੀ ਤਮੰਨਾ ਸੀ, ਚੰਗੀ ਤੋਂ ਚੰਗੀ ਨਸਲ ਦੀਆਂ ਮੱਝਾਂ ਇਕੱਠੀਆਂ ਕਰ ਲਈਆਂ ਜਾਣ। ਜਿਥੋਂ ਵੀ ਦੱਸ ਪੈਂਦੀ, ਉਹ ਰਾਣੀ ਦੀ ਮੂਰਤ ਵਾਲੇ ਚਾਂਦੀ ਦੇ ਰੁਪਏ ਵੇਚ ਮੱਝ ਖ਼ਰੀਦ ਲਿਆਉਂਦੇ। ਪਰ ਹੁਣ ਹਾਲਾਤ ਬਦਲ ਗਏ ਸਨ। ਜ਼ਮੀਨਾਂ ‘ਤੇ ਕੱਟ ਲੱਗ ਗਈ ਸੀ। ਚਰਾਂਦਾਂ ਲਈ ਖੁੱਲ੍ਹੇ ਖੇਤ ਨਹੀਂ ਸਨ ਰਹੇ। ਆਪਣੀਆਂ ਪੈਲ਼ੀਆਂ ਦੇ ਛੋਲੇ ਛੇਤੀ ਹੀ ਖ਼ਤਮ ਹੋ ਜਾਂਦੇ। ਛੋਲਿਆਂ ਅਤੇ ਖਲ਼ ਦੇ ਭਾਅ ਚੜ੍ਹ ਗਏ ਸਨ।
ਜਮਾਂਦਾਰਨੀ ਗੋਹਾ ਸੁੱਟਣੋਂ ਇਨਕਾਰੀ ਹੋ ਜਾਂਦੀ। ਮੱਝਾਂ ਹੇਠੋਂ ਚੰਗੀ ਸਫ਼ਾਈ ਨਾ ਕਰਨ ਕਰ ਕੇ ਪਿਤਾ ਜੀ ਉਹਦੇ ਗਲ ਪੈ ਜਾਂਦੇ। ਉਹ ਘਰ ਬੈਠ ਜਾਂਦੀ। ਕੁੜ੍ਹਾਂ ਵਿਚ ਗੋਹੇ ਦੇ ਢੇਰ ਲੱਗ ਜਾਂਦੇ। ਪਿਤਾ ਜੀ ਤੇੜੋਂ ਪਜਾਮਾ ਲਾਹ ਫਹੁੜਾ ਚੁੱਕ ਮੱਝਾਂ ਹੇਠੋਂ ਗੋਹਾ ਪਿਛਾਂਹ ਨੂੰ ਖਿੱਚ ਰਹੇ ਹੁੰਦੇ। ਉਹਨਾਂ ਦੇ ਪੈਰ ਲਿੱਬੜ ਜਾਂਦੇ, ਲੱਤਾਂ ਲਿੱਬੜ ਜਾਂਦੀਆਂ। ਕਾਮਿਆਂ ਨੂੰ ਆਖਦੇ ਤਾਂ ਉਹ ਵਿਗੜ ਬਹਿੰਦੇ।
ਰੋਟੀ-ਟੁੱਕਰ ਤੋਂ ਵਿਹਲੀ ਹੋ ਮਾਂ ਘੁੰਗਣੀਆਂ ਵਾਲੀ ਕਾੜ੍ਹਨੀ ਚੁੱਲ੍ਹੇ ਉੱਤੇ ਰੱਖ ਦਿੰਦੀ। ਘੁੰਗਣੀਆਂ ਲਾਹੁੰਦੀ ਤਾਂ ਕਿਸੇ ਬਿਮਾਰ ਮੱਝ ਜਾਂ ਜਾਅ ਲਈ ਕਾਹੜਾ ਧਰ ਦਿੰਦੀ। ਕਾਹੜਾ ਲਾਹੁੰਦੀ ਤਾਂ ਵੜੇਵੇਂ ਉਬਲਣੇ ਰੱਖ ਦਿੰਦੀ। ਵਧਦੀ ਉਮਰ ਕਰ ਕੇ ਮਾਂ ਹੁਣ ਥੱਕ ਜਾਂਦੀ। ਬਿਮਾਰ ਹੋ ਜਾਂਦੀ ਤਾਂ ਦੁੱਧ ਪਿਤਾ ਜੀ ਨੂੰ ਰਿੜਕਣਾ ਪੈਂਦਾ।
ਸ਼ਹਿਰੋਂ ਆਏ ਦੋਧੀ ਪਿਤਾ ਜੀ ਨੂੰ ਰਾਹਵਾਟੇ ਮਿਲ ਪੈਂਦੇ। ਦੁੱਧ ਵੇਚਣ ਲਈ ਆਖਦੇ ਰਹਿੰਦੇ। ਮਾਂ ਤੇ ਭਰਾ ਸਮਝਾ-ਸਮਝਾ ਥੱਕ ਜਾਂਦੇ, ਪਰ ਪਿਤਾ ਜੀ ਦੁੱਧ ਵੇਚਣੋਂ ਸਾਫ਼ ਇਨਕਾਰ ਕਰ ਦਿੰਦੇ। ਪਰ ਇਕ ਦਿਨ ਜਦੋਂ ਇਕ ਦੋਧੀ ਨੇ ਦੋ ਸੌ ਰੁਪਏ ਪਿਤਾ ਜੀ ਦੀ ਝੋਲੀ ਲਿਆ ਪਾਏ ਤਾਂ ਦਾਣੇ ਦੇ ਖਲ਼ ਹੱਥੋਂ ਥੁੜੇ ਬੈਠੇ ਪਿਤਾ ਜੀ ਨੇ ਆਖ਼ਰ ਮਨਜ਼ੂਰ ਕਰ ਹੀ ਲਏ।
ਵੀਹ-ਪੰਝੀ ਕਿੱਲੋ ਦੁੱਧ ਰੋਜ਼ ਜਾਂਦਾ। ਨਗਦ ਪੈਸੇ ਮਿਲ ਜਾਂਦੇ। ਹੁਣ ਪਿਤਾ ਜੀ ਨੂੰ ਦੁੱਧ ਵੇਚਣਾ ਕੁਝ-ਕੁਝ ਚੰਗਾ ਲੱਗਣ ਲੱਗਿਆ। ਖਲੋਤੇ ਕੰਮ ਚੱਲਣ ਲੱਗੇ। ਇੰਜਣ ਲਈ ਜਦੋਂ ਪਹਿਲਾਂ ਅੱਸੀਆਂ ਰੁਪਿਆਂ ਦਾ ਡੀਜ਼ਲ ਦਾ ਡਰੰਮ ਲਿਆਉਣਾ ਔਖਾ ਸੀ, ਹੁਣ ਝੱਟ ਆ ਜਾਂਦਾ। ਮੱਝਾਂ ਲਈ ਦਾਣਾਵੜੇਵਾਂ ਵੀ ਪਿਤਾ ਜੀ ਵਾਧੂ ਲੈ ਆਉਂਦੇ।
ਬਾਹਰ ਫ਼ਾਰਮ ਉੱਤੇ ਮਕਾਨ ਬਨਾਉਣ ਲਈ ਸਲਾਹ ਬਣੀ ਤਾਂ ਸਭ ਤੋਂ ਪਹਿਲਾਂ ਮੱਝਾਂ ਲਈ ਪੱਕੇ ਕੋਠੇ ਪਾਏ ਗਏ। ਲੰਮੀਆਂਲੰਮੀਆਂ ਸੀਮਿੰਟੀ ਖੁਰਲੀਆਂ ਬਣਾਈਆਂ ਗਈਆਂ। ਢਾਲਵੇਂ ਫ਼ਰਸ਼ ਬਣਾਏ ਗਏ। ਪਾਣੀ ਪੀਣ ਲਈ ਪੱਕੀ ਹੌਦੀ ਬਣਾਈ ਗਈ। ਪੈਸੇ ਮੁੱਕ ਗਏ ਤਾਂ ਆਪਣੇ ਵਸੇਬੇ ਲਈ ਡੰਗਟਪਾਊ ਜਿਹੇ ਕੋਠੇ ਪਾ ਕੇ ਆਉਣਾ ਪਿਆ।
ਏਨੇ ਡੰਗਰ ਵੇਖ ਕਾਮੇ ਵੀ ਆਪਣੀਆਂ ਮੱਝਾਂ ਲਿਆ ਉਥੇ ਹੀ ਬੰਨ੍ਹ ਦਿੰਦੇ। ਭਰਾ ਤੇ ਮਾਂ ਖਿਝਦੇ, ਪਰ ਕਾਮੇ ਇਕ ਦਿਨ ਵੀ ਘਰ ਬੈਠ ਜਾਂਦੇ ਤਾਂ ਮੱਝਾਂ ਭੁੱਖੀਆਂ ਅੜਾਂਅ-ਅੜਾਂਅ ਕਰਨ ਲੱਗਦੀਆਂ।
ਕਿਸੇ ਮੱਝ ਦਾ ਜਾਅ ਮਰ ਜਾਂਦਾ। ਮੱਝ ਭੱਜ ਜਾਂਦੀ। ਸੂਆ ਖ਼ਤਮ ਹੋ ਜਾਂਦਾ। ਦੁੱਧ ਘਟ ਜਾਂਦਾ। ਆਮਦਨ ਘਟ ਜਾਂਦੀ। ਸਾਲਾਂ-ਬੱਧੀ ਕੱਟਿਆਂ-ਕੱਟੀਆਂ ਨੂੰ ਅਤੇ ਫੰਡਰ ਮੱਝਾਂ ਨੂੰ ਖੁਰਲੀਆਂ ਉੱਤੇ ਬੰਨ੍ਹ ਕੇ ਪੱਠੇ ਪਾਈ ਜਾਣੇ ਹੁਣ ਫ਼ਜ਼ੂਲ ਜਾਪਦੇ। ਭਾਵੇਂ ਹੋਰ ਲੋੜਾਂ ਨੂੰ ਪਿੱਛੇ ਪਾ ਕੇ ਪਿਤਾ ਜੀ ਨੇ ਬਿਜਲੀ ਨਾਲ ਚੱਲਣ ਵਾਲਾ ਟੋਕਾ ਲੁਆ ਲਿਆ, ਫਿਰ ਵੀ ਕਾਮੇ ਸਾਰਾ ਸਾਰਾ ਦਿਨ ਬਰਸੀਮ ਵੱਢਦੇ ਰਹਿੰਦੇ। ਪੱਠੇ ਫਿਰ ਵੀ ਘਟ ਜਾਂਦੇ। ਪਿਤਾ ਜੀ ਨੌਕਰਾਂ ਉੱਤੇ ਚੜ੍ਹਾਈ ਕਰ ਦਿੰਦੇ। ਉਹ ਪਰਨਾ ਮੋਢਿਆਂ ਉੱਤੇ ਸੁੱਟਦੇ ਅਤੇ ਪਿੰਡ ਨੂੰ ਹੋ ਲੈਂਦੇ।
ਚਾਚਿਆਂ ਤੋਂ ਸਸਤੇ ਠੇਕੇ ਉੱਤੇ ਲਈ ਭੋਏਂ ਵੀ ਹੁਣ ਹੱਥੋਂ ਨਿਕਲ ਗਈ ਸੀ। ਉਹਨਾਂ ਨੇ ਆਪ ਖੇਤੀ ਸ਼ੁਰੂ ਕਰ ਲਈ ਸੀ। ਪੱਠਿਆਂ ਲਈ ਜ਼ਮੀਨ ਘੱਟ ਰਹਿ ਗਈ ਸੀ। ਚੱਪਾ-ਚੱਪਾ ਭੋਏਂ ਹੁਣ ਬੀਜੀ ਜਾਣ ਲੱਗ ਪਈ ਸੀ। ਆਦਤ ਤੋਂ ਮਜਬੂਰ ਪਿਤਾ ਜੀ ਹੁਣ ਵੀ ਮੱਝਾਂ ਛੱਡ ਲੈਂਦੇ। ਹਿੱਲੀਆਂ ਹੋਈਆਂ ਮੱਝਾਂ ਚਾਚਿਆਂ ਦੀਆਂ ਪੈਲ਼ੀਆਂ ਵਿਚ ਜਾ ਵੜਦੀਆਂ। ਲੜਾਈ ਵਧ ਜਾਂਦੀ। ਚਾਚੇ ਅਤੇ ਉਹਨਾਂ ਦੇ ਮੁੰਡੇ ਡਾਂਗਾਂ ਕੱਢ ਲਿਆਉਂਦੇ।
ਵੱਡਾ ਭਰਾ ਪੜ੍ਹ-ਲਿਖ ਕੇ ਨੌਕਰੀ ਲੱਗ ਗਿਆ ਸੀ। ਜਦੋਂ ਆਉਂਦਾ, ਬੈਠ ਕੇ ਸਾਰਾ ਹਿਸਾਬ ਲਾਉਂਦਾ। ਪੱਠਿਆਂ ਦੀ ਬਿਜਾਈ ਦਾ ਖ਼ਰਚ, ਕਾਮਿਆਂ ਦਾ ਖ਼ਰਚ, ਦਾਣਾ, ਪੱਠਾ, ਖਲ਼-ਵੜੇਵੇਂ-ਹਰ ਚੀਜ ਦਾ ਹਿਸਾਬ ਕੀਤਾ ਜਾਂਦਾ। ਪੱਠਿਆਂ ਹੇਠਲੀ ਜ਼ਮੀਨ ਵਿਚ ਜੇ ਫ਼ਸਲ ਬੀਜੀ ਜਾਵੇ ਤਾਂ ਕਿੰਨੀ ਆਮਦਨ ਹੋ ਸਕਦੀ ਏ। ਚੌਹਾਂ ਕਾਮਿਆਂ ਵਿਚੋਂ ਜੇ ਦੋ ਹਟਾ ਦਿੱਤੇ ਜਾਣ ਤਾਂ ਖ਼ਰਚੇ ਵਿਚ ਕਿੰਨੀ ਕਮੀ ਆ ਸਕਦੀ ਏ। ਉਹ ਪਿਤਾ ਜੀ ਨੂੰ ਬਿਠਾ ਕੇ ਸਮਝਾਉਂਦਾ ਕਿ ਉਹ ਪੱਲਿਉਂ ਪਾ ਰਹੇ ਸਨ। ਪਰ ਪਿਤਾ ਜੀ ਉਲਟਾ ਉਹਦੇ ਕੋਲੋਂ ਕੁਝ ਮੰਗਣ ਲੱਗ ਜਾਂਦੇ। ਉਹਨੂੰ ਉਲ੍ਹਾਮੇ ਦੇਣ ਲੱਗ ਜਾਂਦੇ। ਅਖ਼ੀਰ ਦੋਵੇਂ ਪਿਉਂ-ਪੁੱਤਰ ਲੜ ਕੇ ਉੱਠ ਖਲੋਂਦੇ।
ਕੱਲਿਆਂ ਤੋਂ ਕੰਮ ਨਾ ਸੰਭਲਦਾ ਹੋਣ ਕਰ ਕੇ ਛੋਟੇ ਨੂੰ ਪਿਤਾ ਜੀ ਹਰ ਦੂਜੇ ਦਿਨ ਘਰ ਰਹਿਣ ਲਈ ਆਖ ਦਿੰਦੇ। ਕਦੀ ਕਾਮਾ ਭੱਜ ਜਾਣ ਕਰ ਕੇ ਪੱਠੇ ਵੱਢਣੇ ਹੁੰਦੇ, ਕਦੀ ਕਿਸੇ ਜਾਅ ਲਈ ਸ਼ਹਿਰੋਂ ਦੁਆਈ ਲਿਆਉਣੀ ਹੁੰਦੀ। ਦੂਜੇ ਦਿਨ ਸਕੂਲ ਜਾਂਦਾ ਤਾਂ ਮਾਸਟਰ ਝਿੜਕਦਾ। ਅਖ਼ੀਰ ਪਿਤਾ ਜੀ ਨੇ ਉਹਨੂੰ ਵੀ ਆਪਣੇ ਨਾਲ ਵਾਹੀ ਵਿਚ ਜੋਅ ਲਿਆ ਸੀ। ਟਰੈਕਟਰ ਆਉਣ ‘ਤੇ ਦੋ ਜੋਗਾਂ ਵੇਚ ਦਿੱਤੀਆਂ ਗਈਆਂ ਸਨ। ਭਰਾ ਤਾਂ ਦੂਜੀਆਂ ਵੀ ਦੋਵੇਂ ਜੋਗਾਂ ਵੇਚ ਦੇਣਾ ਚਾਹੁੰਦਾ ਸੀ, ਪਰ ਪਿਤਾ ਜੀ ਦਾ ਕਹਿਣਾ ਸੀ ਕਿ ਮਸ਼ੀਨਰੀ ਤਾਂ ਕਿਸੇ ਵੇਲੇ ਵੀ ਖਲੋ ਸਕਦੀ ਏ। ਪਰ ਵਿਹਲੇ ਢੱਗਿਆਂ ਨੂੰ ਪੱਠੇ ਪਾਉਣੇ ਭਰਾ ਨੂੰ ਹੁਣ ਡਾਢੇ ਚੁਭਦੇ। ਭਰਾ ਆਖਦਾ, ਕੱਟੀਆਂ ਸਾਰੀਆਂ ਮਗਰੋਂ ਲਾਹ ਦਿੱਤੀਆਂ ਜਾਣ। ਪਿਤਾ ਜੀ ਆਖਦੇ, ਹੁਣ ਇਹਨਾਂ ਦਾ ਵੱਟਿਆ ਕੁਝ ਨਹੀਂ ਜਾਣਾ। ਭਰਾ ਆਖਦਾ, ਜਦੋਂ ਤਕ ਇਹਨਾਂ ਸੂਣਾ ਏਂ, ਆਪਣੀ ਕੀਮਤ ਤੋਂ ਵੀ ਵੱਧ ਖਾ ਜਾਣਾ ਏਂ। ਘਰ ਵਿਚ ਪ੍ਰਤੱਖ ਹੁਣ ਦੋ ਗਰੁੱਪ ਬਣ ਗਏ ਸਨ। ਕਲ੍ਹਾ ਰਹਿਣ ਲੱਗ ਗਈ ਸੀ।
ਪਿਤਾ ਜੀ ਕਿਸੇ ਵਿਆਹ ਗਏ ਹੋਏ ਸਨ। ਪਿੱਛੋਂ ਮੰਡੀ ਲੱਗੀ ਤਾਂ ਦੋ ਲਿਆਰੀਆਂ ਰੱਖ ਭਰਾ ਨੇ ਸਾਰਾ ਮਾਲ ਮੰਡੀ ਭੇਜ ਦਿੱਤਾ ਸੀ। ਪਿਤਾ ਜੀ ਦੇ ਆਉਂਦਿਆਂ ਨੂੰ ਸਭ ਖੁਰਲੀਆਂ ਖ਼ਾਲੀ ਹੋਈਆਂ ਪਈਆਂ ਸਨ। ਇਕ ਵਾਰ ਤਾਂ ਉਹਨਾਂ ਦਾ ਮੂੰਹ ਅੱਡੇ ਦਾ ਅੱਡਿਆ ਰਹਿ ਗਿਆ ਸੀ। ਕੁਝ ਦੇਰ ਤਾਂ ਉਹ ਬੋਲ ਹੀ ਨਹੀਂ ਸਨ ਸਕੇ। ਹਉਕਾ ਜਿਹਾ ਭਰਦੇ ਸਿਰ ਸੁੱਟੀ ਮੰਜੀ ਉੱਤੇ ਢਹਿ ਜਿਹੇ ਪਏ ਸਨ।
”ਤੂੰ ਮੇਰੇ ਨਾਲ ਸਲਾਹ ਤਾਂ ਕਰ ਲੈਂਦੋਂ।” ਰਾਤੀਂ ਪੁੱਤਰ ਨੂੰ ਕੋਲ ਸੱਦਦਿਆਂ ਉਹਨਾਂ ਹੌਲੀ ਜਿਹੇ ਕਿਹਾ। ਭਰਾ ਨੇ ਚੁੱਪ ਰਹਿਣਾ ਚੰਗਾ ਸਮਝਿਆ। ਕਈ ਦਿਨ ਉਹ ਸੁੰਨਮੁੰਨ ਰਹੇ। ਉਹ ਖ਼ਾਲੀ ਖੁਰਲੀਆਂ ਕੋਲ ਜਾ ਕੇ ਖਲੋ ਜਾਂਦੇ। ਕਿੰਨੀ-ਕਿੰਨੀ ਦੇਰ ਕੁਝ ਸੋਚਦੇ ਹੋਏ ਖਲੋਤੇ ਰਹਿੰਦੇ। ਉਹਨਾਂ ਨੂੰ ਜਾਪਦਾ ਜਿਵੇਂ ਉਹਨਾਂ ਦੇ ਜੀਵਨ ਦਾ ਮਕਸਦ ਖ਼ਤਮ ਹੋ ਗਿਆ ਹੋਵੇ।
”…..ਖੁਰਲੀਆਂ ਖ਼ਾਲੀ….ਮੱਤ ਮਾਰੀ ਗਈ ਏਸ ਮੁੰਡੇ ਦੀ….,” ਮੰਜੀ ਉੱਤੇ ਪਏ ਉਹ ਆਪਣੇ ਆਪ ਨਾਲ ਬੜਬੜਾਈ ਜਾਂਦੇ। ਕਈ ਵਾਰ ਰਾਤ ਨੂੰ ਲੰਮੇ-ਲੰਮੇ ਹਉਕੇ ਭਰਦੇ, ਜਾਗ ਕੇ ਬੈਠ ਜਾਂਦੇ।
”ਗੁਰਦੁਆਰੇ ਕਿਉਂ ਨਹੀਂ ਜਾਂਦੇ ਤੁਸੀਂ?” ਭਰਾ ਉਹਨਾਂ ਨੂੰ ਹਿੱਕ-ਹਕਾ ਕੇ ਗੁਰਦੁਆਰੇ ਭੇਜਦਾ। ਉਹ ਅੱਧ ਵਿਚੋਂ ਹੀ ਮੁੜ ਆਉਂਦੇ। ਘਰ ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹ ਮੱਝਾਂ, ਝੋਟੀਆਂ ਅਤੇ ਕੱਟੀਆਂ ਦੀਆਂ ਗੱਲਾਂ ਲੈ ਬੈਠਦੇ। ਇਕਇਕ ਮੱਝ ਦੀਆਂ ਖ਼ਸਲਤਾਂ ਗਿਣਾਈ ਜਾਂਦੇ-ਕਿਹੜੀ ਕਿੰਨੀ ਘਿਆਲ ਸੀ ਤੇ ਕਿਹੜੀ ਕਿੰਨੀ ਦੁੱਧਲ, ਕਿਹੜੀ ਹਰ-ਵਰ੍ਹਿਆਈ ਸੀ ਤੇ ਕਿਹੜੀ ਮਰੇ ਹੋਏ ਜਾਅ ਤੋਂ ਵੀ ਥਾਪੀ ਦਿੱਤਿਆਂ ਮਿਲ ਪੈਂਦੀ ਸੀ। ਇਹ ਸਭ ਦੱਸਦਿਆਂ ਹੋਇਆਂ ਉਹ ਪੂਰੇ ਵੇਗ ਵਿਚ ਹੁੰਦੇ। ਅਗਲੇ ਨੂੰ ਬਾਹੋਂ ਫੜੀ ਘੜੀਸਦੇ ਜਿਹੇ ਖਾਲੀ ਖੁਰਲੀਆਂ ਕੋਲ ਲੈ ਜਾਂਦੇ।
”ਕੋਈ ਅਕਲ ਏ ਏਸ ਮੁੰਡੇ ਦੀ, ਖੁਰਲੀਆਂ ਖ਼ਾਲੀ ਕਰ ਦਿੱਤੀਆਂ ਸੂ, ਕੌਡੀਆਂ ਦੇ ਭਾਅ ਮਾਲ ਮਗਰੋਂ ਲਾਹ ਦਿੱਤਾ ਸੂ।”
ਰਿਸ਼ਤੇਦਾਰ ਸਮਝਾਉਂਦੀ ਕਿ ਸਮੇਂ ਦੀ ਚਾਲ ਹੀ ਅਜਿਹੀ ਏ। ਉਹਨਾਂ ਨੂੰ ਵੀ ਸਮਝ ਜਾਣਾ ਚਾਹੀਦਾ ਏ। ਪਰ ਪਿਤਾ ਜੀ ਉਲਟਾ ਉਹਨਾਂ ਦੇ ਗਲ ਪੈ ਜਾਂਦੇ।
ਹੁਣ ਦੋਹਾਂ ਮੱਝਾਂ, ਕੱਟੀ ਅਤੇ ਜੋਗਾਂ ਲਈ ਪੱਠੇ ਰੱਜਵੇਂ ਹੁੰਦੇ। ਪਰ ਭਰਾ ਦੇ ਕਿਤੇ ਵਾਂਢੇ ਜਾਣ ਮਗਰੋਂ ਪਿਤਾ ਜੀ ਦੋਵੇਂ ਮੱਝਾਂ ਅਤੇ ਕੱਟੀ ਛੱਡ ਕੇ ਵੱਟਾਂ ਉੱਤੇ ਲਈ ਫਿਰਦੇ। ਮੱਝਾਂ ਬੀਜੀਆਂ ਹੋਈਆਂ ਪੈਲ਼ੀਆਂ ਵਿਚ ਵੜ ਜਾਂਦੀਆਂ। ਵਡੇਰੇ ਹੋਣ ਕਰ ਕੇ ਉਹ ਹੁਣ ਉਹਨਾਂ ਦੇ ਮਗਰ ਨਾ ਦੌੜ ਸਕਦੇ। ਅੱਗੇ-ਅੱਗੇ ਦੋਵੇਂ ਮੱਝਾਂ ਅਤੇ ਮਗਰ ਕੱਟੀ ਭੱਜ ਪੈਂਦੀ। “ਰੋਕੋ ਓਏ, ਡੱਕੋ ਓਇ… ਓਏ ਪੱਪੂ, ਓਏ ਬੰਟੀ…ਓਏ ਤਾਰਿਆ, ਓਏ ਗੋਬਿਆ…”, ਉਹ ਆਪਣੇ ਪੋਤਰਿਆਂ ਅਤੇ ਨੌਕਰਾਂ ਨੂੰ ਆਵਾਜ਼ਾਂ ਮਾਰ-ਮਾਰ ਹਫ਼ ਜਾਂਦੇ। ਮੁੰਡੇ ਵੀ ਅੱਗੋਂ ਓਨਾ ਹੀ ਚੀਕਦੇ। ਨੌਕਰ ਉਂਜ ਬੁੜ-ਬੁੜ ਕਰਦੇ ਫਿਰਦੇ। ਬਾਪੂ ਜੀ ਮੁੰਡਿਆਂ ਨੂੰ, ਨੌਕਰਾਂ ਨੂੰ ਗਾਲ੍ਹੀਂ ਉਤਰ ਆਉਂਦੇ। ਭਰਾ ਘਰ ਆਉਂਦਾ ਤਾਂ ਨੂੰਹ ਅਤੇ ਪੋਤਰੇ ਪਿਤਾ ਜੀ ਦੇ ਖਿਲਾਫ਼ ਉਹਦੇ ਕੰਨ ਭਰਦੇ। ਲੜਾਈ ਹੋ ਜਾਂਦੀ। ਉੱਚੇ-ਨੀਵੇਂ ਸ਼ਬਦ ਬੋਲੇ ਜਾਂਦੇ। ਪਿਤਾ ਜੀ ਨਰਾਜ਼ ਹੋ ਕੇ ਤੁਰ ਪੈਂਦੇ।
ਦੋਹਾਂ ਮੱਝਾਂ ਦੇ ਦੁੱਧੋਂ ਭੱਜ ਜਾਣ ਮਗਰੋਂ ਪਿਤਾ ਜੀ ਨੂੰ ਹਸਪਤਾਲ ਘੱਲ ਭਰਾ ਦੋਵੇਂ ਮੱਝਾਂ ਮੰਡੀ ਲੈ ਗਿਆ। ਪਿਤਾ ਜੀ ਦੇ ਵਾਪਸ ਆਉਣ ਉੱਤੇ ਘਰ ਵਿਚ ਬਹੁਤ ਹੰਗਾਮਾ ਮੱਚਿਆ। ਨੰਗੇ ਪੈਰੀਂ ਪਿਤਾ ਜੀ ਭਾਖੜਾ ਨਹਿਰ ਵੱਲ ਨੂੰ ਭੱਜ ਉੱਠੇ। ਬੜੀ ਮੁਸ਼ਕਲ ਨਾਲ ਖਿੱਚ-ਧਰੂਹ ਕੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ…।
ਭਰਾ ਜਲਦੀ ਦੋ ਦੋਗਲੀਆਂ ਗਾਈਆਂ ਲੈ ਆਇਆ ਸੀ। ਵੀਹ-ਵੀਹ ਕਿੱਲੋ ਪੱਕੇ ਦੁੱਧ ਦੇਣ ਵਾਲੀਆਂ ਗਾਈਆਂ। ਦੋਹਾਂ ਮਗਰ ਸਜਾਈਆਂ ਵੱਛੀਆਂ। ਪਰ ਪਿਤਾ ਜੀ ਨੂੰ ਉਹ ਵੱਛੀਆਂ ਚੰਗੀਆਂ ਨਾ ਲੱਗੀਆਂ। ਸਾਰਾ ਟੱਬਰ, ਸਣੇ ਕਾਮਿਆਂ, ਉਹਨਾਂ ਦੀ ਸੇਵਾ ਵਿਚ ਰੁੱਝਿਆ ਰਹਿੰਦਾ। ਆਂਢੀ-ਗੁਆਂਢੀ ਫ਼ਾਰਮਾਂ ਵਾਲੇ ਵੇਖਣ ਆਉਂਦੇ। ਭਰਾ ਉਹਨਾਂ ਦੀਆਂ ਸਿਫ਼ਤਾਂ ਕਰਦਾ ਨਾ ਰੱਜਦਾ। ਪਰ ਪਿਤਾ ਜੀ ਮਸੋਸੇ ਜਿਹੇ ਚੁੱਪ-ਚਾਪ ਉਹਨਾਂ ਵੱਲ ਵਿੰਹਦੇ ਰਹਿੰਦੇ।
ਰਾਤ ਨੂੰ ਪੋਤਰੇ ਦੁੱਧ ਲੈ ਕੇ ਜਾਂਦੇ ਤਾਂ ਬਹਾਨਾ ਬਣਾਅ ਕੇ ਮੋੜ ਦਿੰਦੇ। ਅਖੇ, ਗਾਈਂ ਦਾ ਦੁੱਧ ਵੀ ਕੋਈ ਪੀਣ ਲਾਇਕ ਹੁੰਦਾ ਏ?
ਬੱਸ ਕਦੀ-ਕਦੀ ਮੁਹਰਾ ਨਸਲ ਦੀ ਇਕੋ-ਇਕ ਬਚੀ-ਬਚਾਈ ਕੱਟੀ ਦੀ ਖੁਰਲੀ ਕੋਲ ਜਾ ਖਲੋਦੇ। ਆਪ ਟੋਕਰੀ ਪੱਠਿਆਂ ਦੀ ਭਰ ਉਹਦੀ ਖੁਰਲੀ ਵਿਚ ਲੱਦ ਆਉਂਦੇ। ਉਹਦੇ ਮੱਥੇ ਉੱਤੇ, ਕੰਡ ਉੱਤੇ ਹੱਥ ਫੇਰਦੇ ਰਹਿੰਦੇ।
ਪਿਤਾ ਜੀ ਰਾਤ ਨੂੰ ਅਡੋਲ ਉੱਠਦੇ। ਆਲੇ-ਦੁਆਲੇ ਵੇਖਦੇ। ਕੋਈ ਜਾਗਦਾ ਨਾ ਹੁੰਦਾ। ਅਡੋਲ ਕੱਟੀ ਦਾ ਰੱਸਾ ਜਾ ਖੋਲ੍ਹਦੇ। ਹਨੇਰੇ ਵਿਚ ਉਹਦੀਆਂ ਅੱਖਾਂ ਲਿਸ਼ਕ ਉੱਠਦੀਆਂ। ਸਹਿਜੇ-ਸਹਿਜੇ ਉਹ ਬੈਂਗਨਾਂ ਜਾਂ ਮਿਰਚਾਂ ਦੀ ਪਨੀਰੀ ਵਿਚ ਜਾ ਵੜਦੀ। ਪਨੀਰੀ ਗੋਭੀ ਜਾਂ ਨਵੀ ਕਿਸਮ ਦੇ ਟਮਾਟਰਾਂ ਦੇ ਮਹਿੰਗੇ ਬੀਅ ਦੀ ਵੀ ਹੋ ਸਕਦੀ ਸੀ। ਸਵੇਰ ਤਕ ਰੱਜ-ਪੁੱਜ ਕੇ ਫਿੰਡ ਬਣੀ ਉਹ ਖਰਾਮਾਂ-ਖਰਾਮਾਂ ਚਲਦੀ ਘਰ ਨੂੰ ਆ ਰਹੀ ਹੁੰਦੀ।
”ਹਾਇਆ, ਇਹਨੂੰ ਰਾਤ ਕਿਸ ਖੋਲ੍ਹਿਆ ਏ? ਸਾਡੀ ਸਾਰੀ ਪਨੀਰੀ ਉਜਾੜ ਦਿੱਤੀ ਏ ਇਹਨੇ,” ਚਾਚਾ ਜੀ ਸੜਕ ਉੱਤੇ ਖਲੋਤੇ ਬਾਹਵਾਂ ਮਾਰ-ਮਾਰ ਪਿਤਾ ਜੀ ਨੂੰ ਉਲ੍ਹਾਮੇ ਦੇ ਰਹੇ ਹੁੰਦੇ।
”ਇਹ ਨਹੀਂ ਮੁੜਦੇ ਜਿੰਨਾ ਚਿਰ ਲੱਥੀ-ਲਹਾਈ ਨਾ ਕਰਵਾ ਲੈਣ,” ਅੰਦਰ ਕਮਰੇ ਵਿਚ ਭਰਾ ਬੁੜ-ਬੁੜ ਕਰ ਰਿਹਾ ਹੁੰਦਾ।
ਕਿਸੇ ਦੀ ਵੀ ਕਿਸੇ ਗੱਲ ਦੀ ਪਰਵਾਹ ਨਾ ਕਰਦੇ ਹੋਏ ਪਿਤਾ ਜੀ ਕੇਵਲ ਰੱਜੀ ਹੋਈ ਕੱਟੀ ਦੀਆਂ ਭਰੀਆਂ ਹੋਈਆਂ ਕੁੱਖਾਂ ਵੱਲ ਵੇਖ ਰਹੇ ਹੁੰਦੇ। ਉਹਦੀਆਂ ਸੰਤੁਸ਼ਟ ਚਮਕਦੀਆਂ ਹੋਈਆਂ ਅੱਖਾਂ ਵੱਲ ਵੇਖਦਿਆਂ ਇਕ ਨਿੱਕੀ-ਨਿੱਕੀ ਸ਼ਰਾਰਤੀ ਜਿਹੀ ਮੁਸਕਾਨ ਉਹਨਾਂ ਦੇ ਮੂੰਹ ਉੱਤੇ ਫੈਲ ਜਾਂਦੀ ਅਤੇ ਇਕ ਅਜੀਬ ਜਿਹੀ ਚਮਕ ਉਹਨਾਂ ਦੀਆਂ ਅੱਖਾਂ ਵਿਚ ਭਰ ਜਾਂਦੀ।

Comment here